ਹਲਕਾ ਸਮਾਣਾ ਵਿਚ ਕਾਂਗਰਸ ਅਤੇ ਆਪ ਦੀਆਂ ਜ਼ਮਾਨਤਾਂ ਜ਼ਬਤ ਕਰਵਾਵਾਂਗੇ : ਚਰਨਜੀਤ ਰੱਖੜਾ
ਪਟਿਆਲਾ, 25 ਜਨਵਰੀ (ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਸਮਾਣਾ ਅਧੀਨ ਆਉਂਦੇ ਕਰਹਾਲੀ ਸਾਹਿਬ ਵਿਖੇ ਰੱਖੜਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਦੇਣ ਲਈ ਚੋਣ ਮੀਟਿੰਗਾਂ ਕਰਨ ਪਹੁੰਚੇ ਸ. ਚਰਨਜੀਤ ਸਿੰਘ ਰੱਖੜਾ ਨੇ ਸਪੱਸ਼ਟ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿਕਾਸ ‘ਤੇ ਹੁਣ 1 ਹਜ਼ਾਰ ਕਰੋੜ ਤੋਂ ਵੀ ਉਪਰ ਖਰਚ ਦਿੱਤਾ ਹੈ ਤੇ ਵਿਕਾਸ ਦੀ ਚੱਲੀ ਇਸ ਹਨੇਰੀ ਸਦਕਾ ਹੀ ਕਾਂਗਰਸ ਤੇ ‘ਆਪ’ ਵਰਗੀਆਂ ਦੋਗਲੀਆਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਜਾਣਗੀਆਂ।
ਸ. ਚਰਨਜੀਤ ਸਿੰਘ ਰੱਖੜਾ ਦੋ ਦਰਜਨ ਪਿੰਡਾਂ ਦਾ ਤੂਫਾਨੀ ਦੌਰਾ ਕਰਨ ਉਪਰੰਤ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿਚ ਹੋਏ ਵਿਕਾਸ ਦੇ ਕਾਰਨ ਹੀ ਕਾਂਗਰਸ ਤੇ ਆਪ ਦੇ ਹੋਸ਼ ਉਡੇ ਪਏ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿੰਨਾਂ ਵਿਕਾਸ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੌਰਾਨ ਕੀਤਾ ਹੈ ਓਨਾਂ ਵਿਕਾਸ ਤਾਂ ਉਹਨਾਂ ਆਪਣੇ ਕਾਰਜਕਾਲ ਦੌਰਾਨ ਵੀ ਨਹੀਂ ਕੀਤਾ।
ਸ. ਚਰਨਜੀਤ ਸਿੰਘ ਰੱਖੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜਿਸਦੀ ਸਰਕਾਰ ਵਿਚ ਪਹਿਲਾਂ ਵੀ 10 ਸਾਲ ਪੰਜਾਬੀਆਂ ਨੇ ਰਾਜ ਨਹੀਂ ਸੇਵਾ ਦਾ ਲਾਹਾ ਲਿਆ ਤੇ ਹੁਣ ਅੱਗੇ ਵੀ ਇਸਨੂੰ ਜਾਰੀ ਰੱਖਣ ਲਈ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਭਰਵਾਂ ਸਾਥ ਦੇਣ ਤੇ ਵੱਡੀ ਲੀਡ ਨਾਲ ਜਿੱਤ ਦੁਆਉਣ। ਉਹਨਾਂ ਕਿਹਾ ਕਿ ਕੇਂਦਰ ਵਿਚ ਬੈਠੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਤੋਂ ਪੰਜਾਬ ਤੇ ਪੰਜਾਬੀਆਂ ਲਈ ਵੱਡੇ ਗ੍ਰਾਂਟਾਂ ਦੇ ਗੱਫਿਆਂ ਤੋਂ ਇਲਾਵਾ ਵੱਡੇ ਆਈ. ਟੀ. ਪ੍ਰਾਜੈਕਟਾਂ ਨੂੰ ਲਿਆਉਣ ਲਈ ਸ. ਸੁਖਬੀਰ ਸਿੰਘ ਬਾਦਲ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਦੀ ਨੌਜਵਾਨੀ ਪੜ੍ਹਾਈ ਲਿਖਾਈ ਕਰਕੇ ਕਿਤੇ ਹੋਰ ਜਾਣ ਨੂੰ ਮਜਬੂਰ ਨਾ ਹੋਵੇ। ਉਹਨਾਂ ਕਿਹਾ ਕਿ ਹਾਲ ਹੀ ਵਿਚ ਪਾਰਟੀ ਵਲੋਂ ਜਾਰੀ ਕੀਤਾ ਗਿਆ ਚੋਣ ਮਨੋਰਥ ਪੱਤਰ ਵੀ ਪੰਜਾਬ ਤੇ
ਪੰਜਾਬੀਆਂ ਲਈ ਭਰਪੂਰ ਤੇ ਲਾਹੇਵੰਦ ਵਾਅਦਿਆਂ ਨਾਲ ਭਰਿਆ ਪਿਆ ਹੈ, ਜਿਸ ਵਿਚ ਪੰਜਾਬੀਆਂ ਦੀ ਸੁਰੱਖਿਆ, ਉਹਨਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਹੁਣ ਸਭ ਕੁੱਝ ਪੰਜਾਬੀਆਂ ਦੇ ਆਪਣੇ ਹੱਥਾਂ ਵਿਚ ਹੈ।

