ਪੰਜਾਬਪਟਿਆਲਾ

‘ਟੇਢੀ ਉਂਗਲ’ ਨਾਲ ਨਿਗਮ ਚੋਣ ਜਿੱਤਣ ਲਈ ਸੱਤਾਧਾਰੀਆਂ ਵੱਲੋਂ ਕਮਰਕੱਸੇ

ਕਾਂਗਰਸੀ ਉਮੀਦਵਾਰ ਵੱਲੋਂ ਅਕਾਲੀ ਉਮੀਦਵਾਰ ਦੇ ਕਾਗਜ਼ ਪਾੜਨ ਦੀ ਬਣੀ ਚਰਚਾ
‘ਕਾਂਗਰਸੀ’ ਕੈਪਟਨ ਪ੍ਰਭਾਵ ਨਾਲ ਚੋਣ ਜਿੱਤਣ ਦੇ ਰੌਂਅ ਵਿਚ
ਪਟਿਆਲਾ 8 ਦਸੰਬਰ (ਮਧੂਸਾਰ ਬਿਊਰੋ) ਨਗਰ ਨਿਗਮ ਚੋਣਾਂ ‘ਚ ਬਦਲਾਲਊ ਭਾਵਨਾ ਨੂੰ ਲੈ ਕੇ ਹੋਣ ਵਾਲੀ ਹਿੰਸਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਦੀ ਮਿਸਾਲ ਨਾਮਜ਼ਦਗੀ ਕਾਗਜ਼ ਭਰਨ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਮਿਲਦੀ ਹੈ। ਸੱਤਾ ਦੇ ਨਸ਼ੇ ‘ਚ ਚੂਰ ਸੱਤਾਧਾਰੀਆਂ ਵੱਲੋਂ ਲੋਕਤੰਤਰ ਦਾ ਘਾਣ ਕਰਕੇ ਬਿਨਾਂ ਮੁਕਾਬਲਾ ਜੇਤੂ ਬਣਨ ਦੀ ਕਵਾਇਦ ਵੀ ਵੇਖਣ ਨੂੰ ਮਿਲ ਰਹੀ ਹੈ।

ਜਾਣਕਾਰੀ ਅਨੁਸਾਰ ਇਕ ਕਾਂਗਰਸੀ ਆਗੂ ਅਤੇ ਮੇਅਰ ਬਣਨ ਦੇ ਦਾਅਵੇਦਾਰ ਵੱਲੋਂ ਕਚੀਚੀਆਂ ਵੱਟਕੇ ਅਕਾਲੀ ਉਮੀਦਵਾਰਾਂ ਦੇ ਕਾਗਜ਼ ਸ਼ਰੇਆਮ ਪਾੜਨ ਦੇ ਮਾਮਲੇ ਦੀ ਚਰਚਾ ਬਣੀ ਹੋਈ ਹੈ, ਜਿਸ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨਕ ਅਧਿਕਾਰੀ ਮੂਕ ਬਣਿਆ ਰਹਿਣਾ ਬੇਹਤਰ ਸਮਝ ਰਹੇ ਹਨ। ਕਾਂਗਰਸੀਆਂ ਦਾ ਅਕਾਲੀਆਂ ‘ਤੇ ਦੋਸ਼ ਹੈ ਕਿ ਉਨ੍ਹਾਂ ਵੱਲੋਂ ਜੱਗੋ ਤੇਰਵੀਂ ਕੀਤੀ ਜਾਂਦੀ ਰਹੀ ਹੈ।
ਨਿਗਮ ਚੋਣਾਂ ‘ਚ ਸਰਕਾਰ ਦਾ ਪੁਲਿਸ ‘ਤੇ ਪ੍ਰਭਾਵ ਰਹਿੰਦਾ, ਜਿਸ ਕਾਰਨ ਸ਼ਰੇਆਮ ਧੱਕਾਮੁੱਕੀ ਦਾ ਸਿਲਸਿਲਾ ਬਾਦਸਤੂਰ ਚੱਲਦਾ ਆ ਰਿਹਾ ਹੈ। ਸਰਕਾਰਾਂ ਦਾ ਪੁਲਿਸ ‘ਤੇ ਪ੍ਰਭਾਵੀ ਹੋਣਾ ਵੀ ਸੱਤਾਧਾਰੀ ਹਾਕਮਾਂ ਨੂੰ ਧੱਕਾਮੁਕੀ ਤੇ ਦੁਰਵਿਵਹਾਰ ਕਰਨ ਲਈ ਉਤਸ਼ਾਹਤ ਕਰਦਾ ਹੈ।
ਇਸ ਵਾਰ ਦੀਆਂ ਚੋਣਾਂ ‘ਚ ਕਾਂਗਰਸੀਆਂ ਵੱਲੋਂ ਅਕਾਲੀਆਂ ਦਾ ਗੜ੍ਹ ਰਹੇ ਵਾਰਡਾਂ ‘ਚੋਂ ਅਕਾਲੀ ਪੱਖੀ ਉਮੀਦਵਾਰਾਂ ਨੂੰ ਖਦੇੜਨ ਦੀ ਰੂਪ ਉਲੀਕੀ ਗਈ ਹੈ, ਜਦਕਿ ਅਕਾਲੀ ਸ਼ਾਸਨ ਦੌਰਾਨ ਮੋਹਰੀ ਹੋ ਕੇ ਚੋਣਾਂ ਲੜਦੇ ਆ ਰਹੇ ਆਗੂ ਖੁਦ ਹੀ ਚੋਣ ਮੈਦਾਨ ਛੱਡ ਕੇ ਸਮਰਥਕਾਂ ਨੂੰ ਚੋਣ ਲੜਾਉਣ ਨੂੰ ਤਰਜੀਹ ਦਿੰਦੇ ਵਿਖਾਈ ਦਿੱਤੇ ਹਨ। ਸ਼ਹਿਰ ਦੇ ਕਈ ਵਾਰਡਾਂ ‘ਚ ਮੁਕਾਬਲੇ ਵਾਲੀ ਸਥਿਤੀ ਨਾਲ ਨਜਿੱਠਣ ਲਈ ਕਾਂਗਰਸ ਵੱਲੋਂ ਜਿਥੇ ‘ਟੇਢੀ ਉਂਗਲ’ ਨਾਲ ਪੰਸੀਦਾ ਨਤੀਜੇ ਕੱਢਣ ਦੀ ਤਿਆਰੀ ਕੀਤੀ ਹੋਈ ਹੈ, ਉਥੇ ਨਿਗਮ ਚੋਣਾਂ ਜਿੱਤਣ ਲਈ ਸੱਤਾਧਾਰੀਆਂ ਵੱਲੋਂ ਕਮਰਕੱਸੇ ਕਰ ਲਏ ਗਏ ਹਨ, ਜਿਸ ਕਾਰਨ ਅਕਾਲੀ ਆਗੂ ਸੱਤਾ ਧਿਰ ਕਾਂਗਰਸੀਆਂ ਨਾਲ ਡਾਹਢਾ ਲਾਉਣ ਦੇ ਮੂਡ ‘ਚ ਨਹੀਂ ਹਨ। ਚੋਣ ਲੜਨ ਵਾਲੇ ਕਾਂਗਰਸੀ ਉਮੀਦਵਾਰਾਂ ਦਾ ਮੰਨਣਾ ਹੈ ਕਿ ਅਕਾਲੀਆਂ ਨੇ 80 ਫੀਸਦੀ ਧੱਕੇਸ਼ਾਹੀ ਕੀਤੀ ਹੈ ਅਤੇ 20 ਫੀਸਦੀ ਕਾਗਰਸੀਆਂ ਵੱਲੋਂ ਕੀਤੇ ਜਾਣ ਨਾਲ ਚੋਣ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਨਿਗਮ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਮੁੱਦਿਆਂ ‘ਤੇ ਅਧਾਰਤ ਚੋਣ ਲੜਨ ਦੀ ਬਜਾਏ ਕੈਪਟਨ ਪ੍ਰਭਾਵ ਨਾਲ ਚੋਣ ਜਿੱਤਣ ਦੇ ਰੌਂਅ ਵਿਚ ਹਨ, ਜਦਕਿ ਅਕਾਲੀ ਸ਼ਾਸਨ ਦੌਰਾਨ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਲੋਕ ਕਸਵੱਟੀ ‘ਤੇ ਖਰਾ ਨਹੀਂ ਉਤਰ ਸਕੀ। ਕੈਪਟਨ ਸਰਕਾਰ ਆਪਣੇ ਕਾਰਜਕਾਲ ਦਾ ਇਕ ਸਾਲ ਪੂਰਾ ਕਰਨ ਦੇ ਨੇੜੇ-ਤੇੜੇ ਹੈ, ਪ੍ਰੰਤੂ ਪਟਿਆਲਾ ਵਾਸੀਆਂ ਦੇ ਮਨ ‘ਚ ਕਾਂਗਰਸ ਪ੍ਰਤੀ ਅਜੇ ਤੱਕ ਚੰਗੀ ਤਸਵੀਰ ਨਹੀਂ ਬਣ ਸਕੀ। ਪਟਿਆਲਾ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਰੋਹ ਨਾਲ ਕੈਪਟਨ ਸਰਕਾਰ ਨੂੰ ਸੱਤਾ ‘ਚ ਲਿਆਂਦਾ ਉਸ ਦਾ ਅਸਰ ਇਕ ਸਾਲ ਦੌਰਾਨ ਅਜੇ ਤੱਕ ਵੇਖਣ ਨੂੰ ਨਹੀਂ ਮਿਲਿਆ।
ਸਿਆਸਤ ਦੀ ਸਮਝ ਰੱਖਣ ਵਾਲਿਆਂ ਦਾ ਹੈ ਕਿ ਕਾਂਗਰਸ ‘ਤਾਕਤਵਸ’ ਕੌਂਸਲਰ ਤੇ ਮੇਅਰ ਬਣਾਉਣ ‘ਚ ਸਫਲ ਤਾਂ ਹੋ ਜਾਵੇਗੀ, ਪਰ ਵੋਟਰਾਂ ਤੋਂ ‘ਮਜ਼ਬੂਰੀਵਸ’ ਹਾਸਲ ਕੀਤੀ ‘ਵੋਟ’ ਨਾਲ ‘ਵਿਕਾਸ’ ਨੂੰ ਲੀਹ ਤੇ ਨਹੀਂ ਪਾ ਸਕੇਗੀ। ਅਸਲ ਸੱਚਾਈ ਤਾਂ ਇਹ ਹੈ ਕਿ ਪੱਖਪਾਤੀ ਦੋਸ਼ਾਂ ਦੇ ਰੇੜਕੇ ‘ਚ ਪਟਿਆਲਾ ਵਿਕਾਸ ਪੱਖੋਂ ਪੱਛੜਕੇ ਰਹਿ ਚੁੱਕਿਆ ਹੈ।
ਸਰਕਾਰਾਂ ਵੱਲੋਂ ‘ਹਿੰਸਾ’ ਰਾਹੀਂ ‘ਜਿੱਤਾਂ’ ਦਰਜ ਕਰਨ ਦੇ ਸਿਲਸਿਲੇ ਨਾਲ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਅਤੇ ਸਮਾਜ ਦੇ ਨਿਘਾਰ ‘ਚ ਜਾਣ ਨਾਲ ਨਰੋਏ ਸਮਾਜ ਦੀ ਸਿਰਜਣਾ ਅਸੰਭਵ ਜਾਪਣ ਲੱਗ ਪਈ ਹੈ। ਲੋਕਾਂ ਦੀ ਉਮੀਦ ਤੋਂ ਉਲਟ ‘ਲੀਡਰਾਂ’ ਵੱਲੋਂ ‘ਕੁਰਸੀ’ ਪਾਉਣ ਦੀ ਇੱਛਾ ਸ਼ਕਤੀ ਨਾਲ ‘ਲੋਕ ਮਸਲੇ’ ਖਿਸਕਦੇ ਜਾ ਰਹੇ ਹਨ। ਚੋਣਾਂ ਦੌਰਾਨ ‘ਦੂਸ਼ਣਬਾਜ਼ੀ’ ‘ਪੱਖਪਾਤੀ ਵਰਤਾਰਾ’ ਅਤੇ ‘ਹਿੰਸਾ’ ਦੇ ਭੈਅ ਕਾਰਨ ‘ਵੋਟਰ’ ਦੁਚਿੱਤੀ ਵਾਲੀ ਸਥਿਤੀ ‘ਚੋਂ ਲੰਘ ਰਹੇ ਹਨ।

Leave a Reply

Your email address will not be published. Required fields are marked *