ਪਟਿਆਲਾ

ਜਨਰਲ ਜੇ.ਜੇ. ਸਿੰਘ ਨੇ ਪਰਵਾਰ ਤੋਂ ਵੀ ਵਧਕੇ ਅਪਣੇ ਦੇਸ਼ ਦੀ ਸੇਵਾ ਨੂੰ ਪਹਿਲ ਦਿਤੀ- ਅਨੂਪਮਾ ਸਿੰਘ

ਪਟਿਆਲਾ, 25 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
”ਮੇਰੇ ਪਤੀ ਜਨਰਲ ਜੋਗਿੰਦਰ ਜਸਵੰਤ ਸਿੰਘ ਕੌਮੀ ਸੇਵਕ, ਇਕ ਸਿਰੜੀ ਮਨੁੱਖ, ਲੋਕਾਂ ਦੇ ਮਸੀਹਾ, ਬੇਦਾਗ, ਇਮਾਨਦਾਰ ਅਤੇ ਦੇਸ਼ ਦੇ ਲਈ ਮਰ ਮਿਟਣ ਦਾ ਜਜ਼ਬਾ ਰੱਖਣ ਵਾਲੇ ਫ਼ੌਜੀ ਜਰਨੈਲ ਹਨ, ਇਨ੍ਹਾਂ ਨੇ ਪਟਿਆਲਾ ਤੋਂ ਚੋਣ ਲੜਨ ਦਾ ਫੈਸਲਾ ਕਰਨ ਤੋਂ ਪਹਿਲਾਂ ਵੀ ਇਹ ਦ੍ਰਿੜ ਨਿਸ਼ਚਾ ਕਰ ਲਿਆ ਸੀ ਕਿ ਉਹ ਹੁਣ ਅਪਣੇ ਲੋਕਾਂ ਦੀ ਸੇਵਾ ਹਰ ਹਾਲ ‘ਚ ਕਰਨਗੇ।”

ਇਹ ਪ੍ਰਗਟਾਵਾ ਪ੍ਰਸਿੱਧ ਕਵਿੱਤਰੀ ਤੇ ਸਾਹਿਤ ਅਕੈਡਮੀ ਅਵਾਰਡ ਜੇਤੂ ਪਦਮ ਸ੍ਰੀ ਪ੍ਰਭਜੋਤ ਕੌਰ ਤੇ ਸਾਹਿਤਕਾਰ ਕਰਨਲ ਨਰਿੰਦਰਪਾਲ ਸਿੰਘ ਦੀ ਸਪੁੱਤਰੀ ਅਤੇ ਜਨਰਲ ਜੇ.ਜੇ. ਸਿੰਘ ਦੀ ਸੁਪਤਨੀ ਅਨੂਪਮਾ ਸਿੰਘ ਨੇ ਪਟਿਆਲਾ ਸ਼ਹਿਰੀ ਹਲਕੇ ‘ਚ ਵੱਖ-ਵੱਖ ਵਾਰਡਾਂ ‘ਚ ਲੋਕਾਂ ਦੇ ਭਰਵੇਂ ਇਕਠ ਨੂੰ ਸੰਬੋਧਨ ਕਰਦਿਆਂ ਕੀਤਾ।
ਪੈਰਿਸ ਤੋਂ ਜੂਨੀਅਨ ਆਰਟ ਅਕੈਡਮੀ ਤੋਂ ਚਿਤਰਕਲਾ ਦੀ ਸਿੱਖਿਆ ਪ੍ਰਾਪਤ ਕਲਾਕਾਰ ਅਨੂਪਮਾ ਸਿੰਘ ਦਾ ਕਹਿਣਾਂ ਹੈ ਕਿ ਜਦੋਂ ਉਨ੍ਹਾਂ ਦਾ ਮਈ 1971 ‘ਚ ਵਿਆਹ ਹੋਇਆ ਤਾਂ ਉਨ੍ਹਾਂ ਦੇ ਪਤੀ ਜੇ.ਜੇ. ਸਿੰਘ ਤੋਂ ਉਨ੍ਹਾਂ ਵਲੋਂ ਪੁੱਛਣ ‘ਤੇ ਕਿ ਇਕ ਫ਼ੌਜੀ ਅਫ਼ਸਰ ਦੀ ਪਤਨੀ ਹੋਣ ਨਾਤੇ ਉਨ੍ਹਾਂ ਦੇ ਕੀ ਕਰਤਵ ਹੋਣਗੇ? ਬਾਰੇ ਉਨ੍ਹਾਂ ਨੇ ਕਿਹਾ ਕਿ ”ਮੇਰੇ ਲਈ ਮੇਰਾ ਦੇਸ਼ ਇੱਕ ਨੰਬਰ ‘ਤੇ ਅਤੇ ਪਰਵਾਰ ਦੂਜੇ ਥਾਂ ‘ਤੇ ਇਸੇ ਲਈ ਤੇਰੀ ਵੀ ਇਹ ਡਿਊਟੀ ਹੋਵੇਗੀ ਕਿ ਤੂੰ ਦੇਸ਼ ਲਈ ਮਰ ਮਿਟਣ ਵਾਲੇ ਜਵਾਨਾਂ ਦੇ ਪਰਵਾਰਾਂ ਦਾ ਖਿਆਲ ਅਪਣੇ ਪਰਵਾਰ ਤੋਂ ਵੀ ਪਹਿਲਾਂ ਰੱਖੇਂ।”
ਅਨੂਪਮਾ ਸਿੰਘ ਨੇ ਕਿਹਾ ਕਿ ਜਨਰਲ ਨੇ ਅਪਣੇ ਫ਼ੌਜੀ ਜੀਵਨ ਦੌਰਾਨ ਤੇ ਮਗਰੋਂ ਵੀ ਜਿਸ ਵੀ ਪਦਵੀ ‘ਤੇ ਸੁਸ਼ੋਬਿਤ ਹੋਏ, ਉਸ ਨਾਲ ਪੂਰਾ ਨਿਆਂ ਕੀਤਾ ਤੇ ਇਸੇ ਲਈ ਉਹ ਇਨ੍ਹਾਂ ਦੇ ਜੀਵਨ ਤੋਂ ਹਰ ਪਹਿਲੂ ਤੋਂ ਵਾਕਫ਼ ਹੁੰਦਿਆਂ ਪਟਿਆਲਵੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਪਟਿਆਲਾ ਸ਼ਹਿਰ ਦੇ ਮੁਕੰਮਲ ਵਿਕਾਸ ਤੇ ਪਟਿਆਲਵੀਆਂ ਦਾ ਜੀਵਨ ਪੱਧਰ ਉਚਾ ਚੁਕਣ ਲਈ ਇਕ ਵਾਰ ਦੇਸ਼ ਦੇ ਪਰਖੇ ਹੋਏ ਫ਼ੌਜੀ ਜਰਨੈਲ ਨੂੰ ਚੁਨਣ ਤੇ ਉਨ੍ਹਾਂ ‘ਤੇ ਵਿਸ਼ਵਾਸ਼ ਕਰਨ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਨੂੰ ਦੇਸ਼ ਵਿਦੇਸ਼ ਦੇ ਨਕਸ਼ੇ ‘ਤੇ ਲਿਆਉਣ ਦਾ ਜਜ਼ਬਾ ਰੱਖਦੇ ਹਨ ਕਿਉਂਕਿ ਉਹ ਇਕ ਤਜਰਬੇਕਾਰ ਆਗੂ ਹਨ।
ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਅਪਣੇ ਬੱਚਿਆਂ ਦੇ ਪਾਲਣ ਪੋਸ਼ਣ ਬਹੁਤ ਸਾਦੇ ਢੰਗ ਨਾਲ ਕੀਤਾ ਤੇ ਉਨ੍ਹਾਂ ਨੂੰ ਬਾਕੀ ਜਵਾਨਾਂ ਦੇ ਬੱਚਿਆਂ ਨਾਲ ਕੇਂਦਰੀ ਵਿਦਿਆਲਿਆ ‘ਚ ਹੀ ਪੜ੍ਹਾਇਆ ਤੇ ਮਿਹਨਤ ਕਰਨ ਲਈ ਪ੍ਰੇਰਿਆ। ਇਸ ਦੇ ਨਾਲ ਹੀ ਦੋ ਬਹੁਤ ਹੀ ਗਰੀਬ ਪਰਵਾਰਾਂ ਦੇ ਬੱਚਿਆਂ ਨੂੰ ਅਪਣੇ ਘਰ ‘ਚ ਰੱਖ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ ਤੇ ਉਨ੍ਹਾਂ ਦੇ ਵਿਆਹ ਤਕ ਵੀ ਕੀਤੇ। ਇਨ੍ਹਾਂ ‘ਚੋਂ ਇਕ ਨਾਗਾਲੈਂਡ ਦੇ ਕ੍ਰਿਸਚਨ ਪਰਵਾਰ ਦਾ ਬੱਚਾ ਸੀ ਜੋ ਅੱਜ ਅਸਾਮ ਰੈਜੀਮੈਂਟ ‘ਚ ਇਕ ਮਸ਼ਹੂਰ ਫੁੱਟਬਾਲ ਖਿਡਾਰੀ ਹੈ ਤੇ ਦੂਜਾ ਜੰਮੂ ਕਸ਼ਮੀਰ ਦਾ ਕੁਲਜੀਤ ਅੱਜ ਮਰਾਠਾ ਰੈਜੀਮੈਂਟ ‘ਚ ਕੈਪਟਨ ਬਣ ਗਿਆ ਹੈ।
ਆਪਣੇ ਬਾਰੇ ਦਸਦਿਆਂ ਸ੍ਰੀਮਤੀ ਅਨੂਪਮਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬਤੌਰ ਦੇਸ਼ ਦੀ ਸਭ ਤੋਂ ਵੱਡੀ ਐਨ.ਜੀ.ਓ. ਆਰਮੀ ਵਾਇਫਜ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਹੁੰਦਿਆਂ ਫ਼ੌਜੀਆਂ ਦੇ ਪਰਵਾਰਾਂ ਦੀ ਸਿਹਤ, ਸਿੱਖਿਆ, ਜਵਾਨਾਂ ਦੀਆਂ ਵਿਧਵਾਵਾਂ ਦੀ ਭਲਾਈ, ਡਿਜਾਸਟਰ ਮੈਨੇਜਮੈਂਟ, ਬੱਚਿਆਂ ਤੇ ਖਾਸ ਕਰਕੇ ਕੰਨਿਆਂਵਾਂ ਦੀ ਸੁਰੱਖਿਆ ਦੇ ਵਿਸ਼ੇ ‘ਤੇ ਬਹੁਤ ਕੰਮ ਕੀਤਾ। ਇਸ ਤੋਂ ਬਿਨ੍ਹਾਂ ਅਰੁਣਾਚਲ ਪ੍ਰਦੇਸ਼ ‘ਚ ਉਥੇ ਵੀ ਗਏ ਜਿਥੇ ਹੈਲੀਕਾਪਟਰ ਨਾਲ ਵੀ ਨਹੀਂ ਸੀ ਜਾਇਆ ਜਾ ਸਕਦਾ ਤੇ ਉਥੇ ਬਾਲ ਵਿਆਹ ਦੀਆਂ ਵਿਧਵਾਵਾਂ, ਕੈਂਸਰ ਤੇ ਔਰਤਾਂ ਦੇ ਛਾਤੀ ਦੇ ਕੈਂਸਰ, ਬੱਚਿਆਂ ਦੀ ਸਿੱਖਿਆ ਸਮੇਤ ਦਿਹਾਤ ਦੇ ਖੇਤਰਾਂ ‘ਚ ਅਹਿਮ ਸਮਾਜ ਸੇਵਾ ਦੇ ਕਾਰਜ ਕੀਤੇ। ਇਸ ਦੌਰਾਨ ਉਨ੍ਹਾਂ ਦੇ ਨਾਲ ਅਨੂ ਜੁਨੇਜਾ, ਮੰਜੂ ਕੁਰੈਸ਼ੀ, ਬਲਜੀਤ ਕੌਰ ਅਕਾਲਗੜ੍ਹ, ਹਰਭਜਨ ਕੌਰ, ਖੁਸ਼ਲੀਨ ਕੌਰ, ਗੁਰਵਿੰਦਰ ਕੌਰ ਤੇ ਰਮਨ ਚਹਿਲ, ਸੁਖਵਿੰਦਰ ਕੌਰ, ਚਰਨਜੀਤ ਕੌਰ, ਕਮਲ, ਨੀਰੂ, ਬਿਮਲਾ ਸਮੇਤ ਹੋਰ ਔਰਤਾਂ ਵੱਡੀ ਗਿਣਤੀ ‘ਚ ਮੌਜੂਦ ਸਨ।

Leave a Reply

Your email address will not be published. Required fields are marked *