ਆਮ ਲੋਕ ਗ਼ਰੀਬ ਤੇ ਹੋਰ ਗ਼ਰੀਬ ਹੁੰਦੇ ਗਏ, ਪਰ ਅਕਾਲੀ ਤੇ ਕਾਂਗਰਸੀ ਵਿਧਾਇਕਾਂ ਨੂੰ ਪੰਜ ਸਾਲਾਂ ‘ਚ ਚੋਖੇ ਮੁਨਾਫ਼ੇ ਕਮਾਏ: ਵੜੈਚ
ਚੰਡੀਗੜ, 25 ਜਨਵਰੀ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਪਿਛਲੇ ਪੰਜ ਵਰਿਆਂ ਦੌਰਾਨ ਕਾਂਗਰਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੀਆਂ ਆਮਦਨਾਂ ਵਿੱਚ ਤਾਂ ਚੋਖਾ ਵਾਧਾ ਹੋਇਆ ਹੈ ਕਿਉਕਿ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਕੁਝ ਮੁੱਠੀ ਭਰ ਆਗੂਆਂ ਨੇ ਆਪਸ ਵਿੱਚ ਮਿਲ ਕੇ ਗ਼ੈਰ-ਕਾਨੂੰਨੀ ਖਣਨ (ਮਾਈਨਿੰਗ), ਨਸ਼ਿਆਂ ਅਤੇ ਟਰਾਂਸਪੋਰਟ ਦੇ ਕਾਰੋਬਾਰਾਂ ਤੋਂ ਚੋਖਾ ਮੁਨਾਫ਼ਾ ਕਮਾਇਆ ਹੈ।
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ‘ਐਸੋਸੀਏਸ਼ਨ ਫ਼ਾਰ ਡੈਮੋਕੈਟਿਕ ਰਾਈਟਸ’ (ਜਮਹੂਰੀ ਅਧਿਕਾਰਾਂ ਬਾਰੇ ਐਸੋਸੀਏਸ਼ਨ) ਵੱਲੋਂ ਕੀਤੇ ਇੱਕ ਵਿਸ਼ਲੇਸ਼ਣ ਵਿੱਚ ਇੱਕ ਸਨਸਨੀਖ਼ੇਜ਼ ਇੰਕਸ਼ਾਫ਼ ਕੀਤਾ ਗਿਆ ਹੈ ਕਿ 117 ਵਿਧਾਇਕਾਂ ਵਿੱਚੋਂ 94 ਦੀਆਂ ਔਸਤ ਸੰਪਤੀਆਂ ਵਿੱਚ 3-3 ਕਰੋੜ ਰੁਪਏ ਦਾ ਵਾਧਾ ਹੋਇਆ ਹੈ, ਜਦ ਕਿ ਇਨਾਂ ਪੰਜ ਸਾਲਾਂ ‘ਚ 13 ਵਿਧਾਇਕਾਂ ਦੀਆਂ ਸੰਪਤੀਆਂ ਦੁੱਗਣੀਆਂ ਹੋ ਗਈਆਂ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਅਜਿਹੇ ਵਿਧਾਇਕਾਂ ਵਿੱਚ ਸ਼ਾਮਲ ਹਨ, ਜਿਨਾਂ ਦੀ ਸੰਪਤੀ ਪੰਜ ਵਰਿਆਂ ਦੌਰਾਨ 6.75 ਕਰੋੜ ਰੁਪਏ ਤੋਂ ਦੁੱਗਣੀ ਵਧ ਕੇ 14.88 ਕਰੋੜ ਰੁਪਏ ਹੋ ਗਈ ਹੈ।
ਉਨਾਂ ਕਿਹਾ ਕਿ ਇਹ ਵੀ ਦਿਲਚਸਪ ਤੱਥ ਹੈ ਕਿ ਜਿਹੜੇ ਕਾਂਗਰਸੀ ਵਿਧਾਇਕਾਂ ਕੋਲ 18.88 ਕਰੋੜ ਰੁਪਏ ਦੀਆਂ ਔਸਤ ਸੰਪਤੀਆਂ ਹਨ ਅਤੇ ਜਿਨਾਂ ਕੋਲ 2012 ‘ਚ 13.88 ਕਰੋੜ ਰੁਪਏ ਦੀਆਂ ਸੰਪਤੀਆਂ ਸਨ, ਉਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਦੇ ਮੁਕਾਬਲੇ ਵਧੇਰੇ ਧਨ ਕਮਾਇਆ ਹੈ। ਉਨਾਂ ਕਿਹਾ ਕਿ ਬਾਦਲ ਪਰਿਵਾਰ ਦੇ ਮੈਂਬਰਾਂ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਸੰਪਤੀਆਂ ਵਿੱਚ ਤਾਂ ਕਈ ਗੁਣਾ ਵਾਧਾ ਹੋਇਆ ਹੈ। ਉਨਾਂ ਕਿਹਾ ਕਿ ਸੂਬੇ ਦੀ ਜਨਤਾ ਤਾਂ ਗ਼ਰੀਬ ਅਤੇ ਹੋਰ ਗ਼ਰੀਬ ਹੁੰਦੀ ਜਾ ਰਹੀ ਹੈ ਅਤੇ ਸੂਬੇ ਦੀ ਅਰਥ ਵਿਵਸਥਾ ਦੀ ਹਾਲਤ ਵੀ ਇਸ ਵੇਲੇ ਠੀਕ ਨਹੀਂ ਹੈ, ਪਰ ਕੁਝ ਖ਼ਾਸ ਸਿਆਸੀ ਆਗੂਆਂ ਦੀਆਂ ਆਪਣੀਆਂ ਖ਼ੁਦ ਦੀਆਂ ਸੰਪਤੀਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ; ਇਸ ਤੋਂ ਸਭ ਦੇ ਮਨਾਂ ਵਿੱਚ ਕਈ ਤਰਾਂ ਦੇ ਸੁਆਲ ਪੈਦਾ ਹੋਣੇ ਸੁਭਾਵਕ ਹਨ।

