ਯੂਥ ਅਕਾਲੀ ਦਲ (ਬ) ਦੇ ਸ਼ਹਿਰੀ ਮੀਤ ਪ੍ਰਧਾਨ ਨੇ ਫੜਿਆ ‘ਆਪ’ ਦਾ ਪੱਲਾ
ਪਾਰਟੀ ਦੀਆਂ ਨੀਤੀਆਂ ਨੂੰ ਅਪਨਾਉਣ ਵਾਲਿਆਂ ਲਈ ਰਾਹ ਖੁੱਲ੍ਹਾ- ਡਾ. ਬਲਬੀਰ ਸਿੰਘ
ਪਟਿਆਲਾ, 29 ਜਨਵਰੀ, (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਪਟਿਆਲਾ ਸ਼ਹਿਰੀ ‘ਚ ਆਪ ਦੇ ਹੱਕ ਵਿਚ ਨਿਤ ਨਵੀਆਂ ਪ੍ਰਾਪਤੀਆਂ ਹੋ ਰਹੀਆਂ ਹਨ। ਇਸੇ ਮੁਹਿੰਮ ਤਹਿਤ ਪਟਿਆਲਾ ਸ਼ਹਿਰ ਵਿਚ ਅਕਾਲੀ ਦਲ ਬਾਦਲ ਦੇ ਸ਼ਹਿਰੀ ਯੂਥ ਵਿੰਗ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਯੂਥ ਦੇ ਸ਼ਹਿਰੀ ਮੀਤ ਪ੍ਰਧਾਨ ਮਨਜੋਤ ਸਿੰਘ ਰਿਸ਼ੂ ਨੇ ਸਾਥੀਆਂ ਸਮੇਤ ਤੱਕੜੀ ਨੂੰ ਛੱਡ ਡਾ. ਬਲਬੀਰ ਸਿੰਘ ਦੇ ਹੱਕ ਵਿਚ ਝਾੜੂ ਨੂੰ ਚੁੱਕ ਲਿਆ।
ਆਮ ਆਦਮੀ ਪਾਰਟੀ ਦੇ ਹਲਕਾ ਪਟਿਆਲਾ ਸ਼ਹਿਰ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਅਕਾਲੀ ਦਲ ਦੇ ਆਪਣੇ ਵਰਕਰ ਅਕਾਲੀ ਦਲ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਦਾ ਹਿੱਸਾ ਬਣ ਰਹੇ ਹਨ।
ਇਸ ਮੌਕੇ ਯੂਥ ਅਕਾਲੀ ਦਲ ਬਾਦਲ ਛੱਡ ਕੇ ਆਪ ‘ਚ ਸ਼ਾਮਿਲ ਹੋਏ ਮਨਜੋਤ ਸਿੰਘ ਸ਼ਹਿਰੀ ਮੀਤ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੇ ਨਾਲ ਜਗਨਦੀਪ ਸਿੰਘ ਮੈਂਬਰ ਯੂਥ ਅਕਾਲੀ ਦਲ, ਅਦਰਸ਼ਪ੍ਰੀਤ ਸਿੰਘ, ਸੁਰਜੀਤ ਸਿੰਘ, ਜਗਦੀਸ਼ ਸਿੰਘ, ਗੁਲਬੀਰ ਸਿੰਘ ਸਾਰੇ ਮੈਂਬਰ ਸ਼੍ਰਮਣੀ ਅਕਾਲੀ ਦਲ, ਹਰਜੀਤ ਸਿੰਘ ਮਾਟਾ ਯੂਥ ਅਕਾਲੀ ਦਲ, ਜਸਬੀਰ ਕੌਰ ਇਸਤਰੀ ਅਕਾਲੀ ਦਲ, ਜਸਵੀਰ ਕੌਰ ਇਸਤਰੀ ਅਕਾਲੀ ਦਲ ਅਤੇ ਨਵਤੇਜ਼ ਸਿੰਘ ਸਮੇਤ ਕਈ ਵਰਕਰਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਵਿਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ। ਮਨਜੋਤ ਸਿੰਘ ਨੇ ਕਿਹਾ ਕਿ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਇਕੋ ਜਿਹੀ ਸੋਚ ਲੈ ਕੇ ਘੁੰਮ ਰਹੇ ਹਨ। ਦੋਵੇਂ ਪਾਰਟੀਆਂ ਮਿਲੀ ਭੁਗਤ ਨਾਲ ਸਿਆਸਤ ਖੇਡ ਰਹੀਆਂ ਹਨ। ਇਹ ਦੋਵੇਂ ਰਿਵਾਇਤੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਅੰਦਰ ਖਾਤੇ ਦੋਸਤੀ ਨਿਭਾਅ ਰਹੀਆਂ ਹਨ। ਇਸ ਲਈ ਅਕਾਲੀ ਦਲ ਅੰਦਰ ਕੰਮ ਕਰਨ ਵਾਲੇ ਵਰਕਰਾਂ ਦਾ ਸਾਹ ਘੁਟ ਰਿਹਾ ਹੈ। ਪਰਿਵਾਰਵਾਦ ਅਤੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਅਕਾਲੀ ਆਗੂ ਆਮ ਵਰਕਰ ਦੀ ਸੰਘੀ ਘੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਹਿੱਤਾਂ ਦੀ ਅਸਲ ਰਾਖੇ ਵਜੋਂ ਸਮਾਜ ਵਿਚ ਉਭਰ ਕੇ ਆ ਰਹੀ ਹੈ। ਇਸ ਲਈ ਆਉਣ ਵਾਲੇ ਸਮੇਂ ‘ਚ ਹੋਰ ਵੀ ਅਕਾਲੀ ਵਰਕਰ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਮਨਜੋਤ ਸਿੰਘ ਅਤੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਵਲੋਂ ਲੋਕਾਂ ਦੀਆਂ ਵੋਟਾਂ ਹਾਸਲ ਕਰਕੇ ਸਿਰਫ ਰਾਜ ਭੋਗਿਆ ਜਾਂਦਾ ਹੈ। ਲੋਕ ਭਲਾਈ ਦੇ ਕੰਮਾਂ ਨੂੰ ਇਹ ਪਾਰਟੀਆਂ ਸੱਤਾ ਹਾਸਲ ਹੋਣ ਤੋਂ ਤੁੰਰਤ ਬਾਅਦ ਭੁੱਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਪੰਜਾਬ ਸੰਤਾਪ ਭੋਗ ਰਿਹਾ ਹੈ। ਪ੍ਰੰਤੂ ਹੁਣ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਸੱਚਾਈ ਦਾ ਪਤਾ ਲੱਗ ਚੁੱਕਾ ਹੈ। ਜਿਸ ਦਾ ਖੁਲਾਸਾ ਲੋਕ ਆਉਣ ਵਾਲੀ 4 ਫਰਵਰੀ ਨੂੰ ਵੋਟਿੰਗ ਮਸ਼ੀਨ ‘ਤੇ ਝਾੜੂ ਵਾਲਾ ਬਟਨ ਦਬਾ ਕੇ ਕਰਨਗੇ।

