ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਨੇ ਸੰਗਤਾਂ ਨਾਲ ਕਿਸਾਨ ਧਰਨੇ ਨੂੰ ਦਿੱਤਾ ਸਮਰਥਨ
ਕਿਸਾਨ ਤੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਖੇਤੀ ਬਿੱਲ ਕੇਂਦਰ ਵਾਪਸ ਲਵੇ: ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲੇ
ਪਟਿਆਲਾ, 5 ਨਵੰਬਰ (ਮਧੂਸਾਰ ਬਿਊਰੋ) ਕੇਂਦਰੀ ਖੇਤੀ ਬਿੱਲਾਂ ਦੇ ਵਿਰੋਧ ਵਿੱਚ 30 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਉਸ ਸਮੇਂ ਵੱਡਾ ਸਮਰਥਨ ਮਿਲਿਆ ਜਦੋਂ ਸੰਤ ਬਾਬਾ ਨਛੱਤਰ ਸਿੰਘ ਜੀ ਕਾਲੀ ਕੰਬਲੀ ਵਾਲਿਆਂ ਦੀ ਯੋਗ ਅਗਵਾਈ ‘ਚ ਸਿੱਖ ਸੰਗਤ ਨੇ ਅੱਜ ਕਿਸਾਨਾਂ ਦੇ ਧਰਨੇ ‘ਚ ਸ਼ਮੂਲੀਅਤ ਕੀਤੀ। ਅੱਜ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ‘ਤੇ ਲੱਗੇ ਕਿਸਾਨ ਧਰਨਿਆਂ ਦੇ ਚੱਲਦਿਆਂ ਪਿੰਡ ਬਾਰਨ ਅਤੇ ਦੇਵੀਗੜ੍ਹ ਰੋਡ ਜੋੜੀਆਂ ਸੜਕਾਂ ਵਿਖੇ ਲੱਗੇ ਕਿਸਾਨਾਂ ਦੇ ਧਰਨੇ ਵਿੱਚ ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵੱਲੋਂ ਸੰਗਤਾਂ ਦੀ ਇੱਕ ਬੱਸ ਲੈ ਕੇ ਵੱਖ-ਵੱਖ ਧਰਨਿਆਂ ‘ਚ ਸ਼ਮੂਲੀਅਤ ਕੀਤੀ।
ਇਸ ਮੌਕੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਅਤੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨ ਅਤੇ ਕਿਸਾਨੀ ਨੂੰ ਤਬਾਹ ਕਰਨ ਲਈ ਲਿਆਂਦੇ ਗਏ ਖੇਤੀ ਬਿੱਲਾਂ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਲਿਆ ਗਿਆ ਕਿਸਾਨ ਮਾਰੂ ਫੈਸਲਾ ਮੋਦੀ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਅਜਿਹਾ ਮਾਰੂ ਫੈਸਲਾ ਕਿਸਾਨ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਸਕਦਾ ਹੈ।

