ਕੇਜਰੀਵਾਲ ਚੂਹੇ ਦੀ ਤਰਾਂ ਬੁਜ਼ਦਿਲ, ਝੂਠਾ ਆਰੋਪੀ ਜਲਦ ਹੋਵੇਗਾ ਸਲਾਖ਼ਾਂ ਪਿੱਛੇ: ਮਜੀਠੀਆ
ਜੈਂਤੀਪੁਰ, 29 ਜਨਵਰੀ (ਮਧੂਸਾਰ ਬਿਊਰੋ)
ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਨੂੰ ਚੂਹੇ ਦੀ ਤਰਾਂ ਬੁਜ਼ਦਿਲ ਇਨਸਾਨ ਦੱਸਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਝੂਠੇ ਆਰੋਪ ਲਾਉਣ ਵਾਲਾ ਇਹ ਸ਼ਖ਼ਸ ਸਲਾਖ਼ਾਂ ਪਿੱਛੇ ਹੋਵੇਗਾ।
ਉਹਨਾਂ ਇਹ ਵੀ ਕਿਹਾ ਕਿ ਮੁੜ ਸਰਕਾਰ ਆਉਣ ‘ਤੇ ਪੰਜਾਬ ਦੀ ਧਰਤੀ ‘ਤੇ ਔਰਤਾਂ ਨਾਲ ਬਦਸਲੂਕੀਆਂ ਕਰਨ ਵਾਲੇ ਕੇਜਰੀਵਾਲ ਦੇ ਕਰਿੰਦਿਆਂ ਨੂੰ ਵੀ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਦਿਆਂ ਉਹਨਾਂ ਵੱਲੋਂ ਕੀਤੇ ਪਾਪ ਲਈ ਜੇਲ੍ਹਾਂ ਵਿੱਚ ਸੁੱਟੇ ਜਾਣਗੇ।
ਪਿੰਡ ਲਹਿਰਕਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਉਹਨਾਂ ਨੂੰ ਬਦਨਾਮ ਕਰਨ ਅਤੇ ਕਿਰਦਾਰਕਸ਼ੀ ਲਈ ਲਾਏ ਝੂਠੇ ਆਰੋਪਾਂ ਲਈ ਉਸ ਨੂੰ ਅਦਾਲਤ ਵਿੱਚ ਘੜੀਸਿਆ ਗਿਆ ਜਿੱਥੇ ਅਦਾਲਤ ਨੇ ਕੇਜਰੀਵਾਲ ਨੂੰ ਮੁਜਰਮ ਠਹਿਰਾਉਂਦਿਆਂ ਉਸ ਖ਼ਿਲਾਫ਼ ਚਾਰਜਸ਼ੀਟ ਕੀਤਾ। ਮੁਜਰਮ ਬਣੇ ਕੇਜਰੀਵਾਲ ਨੂੰ ਜਦ ਆਪਣੇ ਬਚਾਅ ਲਈ ਸਬੂਤ ਪੇਸ਼ ਕਰਨ ਲਈ ਜਦ ਕੋਰਟ ਨੇ ਕਿਹਾ ਤਾਂ ਕੇਜਰੀਵਾਲ ਕੁੱਝ ਵੀ ਪੇਸ਼ ਨਹੀਂ ਕਰ ਸਕੇ ਹਨ ਅਤੇ ਉਹ ਕੋਰਟ ਤੋ ਪਿੱਛਾ ਛੁੜਾਉਣਾ ਲਈ ਵਾਰ ਵਾਰ ਤਰੀਕ ਮੰਗ ਰਿਹਾ ਹੈ। ਹੁਣ ਕੇਜਰੀਵਾਲ ਦੇ ਜੇਲ੍ਹ ਜਾਣ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ।
ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਜੁੰਡਲੀ ਨੂੰ ਮਜੀਠੀਆ ਫੋਬੀਆ ਹੋਗਿਆ ਹੈ, ਜਿਨ੍ਹਾਂ ਨੂੰ ਸੁਪਨੇ ਵਿੱਚ ਵੀ ਉਹ ਹੀ ਉਹ ਨਜ਼ਰ ਆ ਰਹੇ ਹਨ।ਟੋਪੀ ਵਾਲੇ ਬੌਖਲਾਹਟ ‘ਚ ਦਿਨ ਰਾਤ ਉਹਨਾਂ ‘ਤੇ ਦੂਸ਼ਣਬਾਜ਼ੀ ਕਰ ਕੇ ਭੜਾਸ ਕੱਢ ਰਹੇ ਹਨ। ਪਰ ਪੰਜਾਬ ਦੇ ਲੋਕਾਂ ਨੂੰ ਸਿਰਫ਼ ਅਕਾਲੀ ਦਲ ਉੱਤੇ ਭਰੋਸਾ ਹੈ ਕਿ ਇਹ ਪਾਰਟੀ ਹੀ ਉਹਨਾਂ ਦੇ ਹਿਤਾਂ ਦੀ ਰਾਖੀ ਕਰੇਗੀ।ਉਹਨਾਂ ਕਿਹਾ ਕਿ ਵੱਡੇ ਵੱਡੇ ਫੋਕੇ ਦਾਅਵੇ ਕਰਨ ਵਾਲੇ ਕੇਜਰੀਵਾਲ ਨੂੰ ਹੁਣ ਫਿਕਰ ਪੈ ਗਿਆ ਹੈ।ਕਿਉਂਕਿ ਵਿਕਾਸ ਅਤੇ ਲੋਕ ਸੇਵਾ ਸਦਕਾ ਮਜੀਠਾ ਹਲਕੇ ‘ਚ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿੱਚ ਜ਼ਬਰਦਸਤ ਲੋਕ ਲਹਿਰ ਉੱਠ ਖੜ੍ਹੀ ਹੋਈ ਹੈ ਜਿਸ ਨੂੰ ਅਰਵਿੰਦ ਵੀ ਨਹੀਂ ਰੋਕ ਸਕੇਗਾ। ਉਹਨਾਂ ਕਿਹਾ ਕਿ ਟੋਪੀ ਵਾਲਿਆਂ ਦੇ ਉਮੀਦਵਾਰ ਮਜੀਠਾ ‘ਚ ਕੋਈ ਮੂੰਹ ਹੀ ਨਹੀਂ ਲਗਾ ਰਿਹਾ,ਕੇਜਰੀਵਾਲ ਦਾ ਇੱਥੇ ਵਾਰ ਵਾਰ ਗੇੜੇ ਮਾਰਨਾ ਇਸ ਗਲ ਦਾ ਸਬੂਤ ਹੈ। ਉਹਨਾਂ ਕਿਹਾ ਕਿ ਕਿਰਾਏ ਦੀਆਂ ਕੁਰਸੀਆਂ ‘ਤੇ ਬਾਹਰੋਂ ਕਿਰਾਏ ਦੇ ਚਾਰ ਬੰਦੇ ਲਿਆ ਕੇ ਬਠਾਏ ਜਾ ਸਕਦੇ ਹਨ ਪਰ ਵੋਟ ਤਾਂ ਹਲਕੇ ਵਾਲਿਆਂ ਨੇ ਹੀ ਪਾਉਣੇ ਹਨ।ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਵੋਟਾਂ ਤਕੜੀ ਦੀਆਂ ਹੀ ਨਿਕਲਨਗੀਆਂ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਦੇ ਵਿਕਾਸ ਕੰਮਾਂ ਨੂੰ ਲੋਕ ਫਤਵਾ ਦੇਣਗੇ।

