ਆਪ, ਅਕਾਲੀ ਦਲ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਕਾਂਗਰਸ ਵਿਚ ਸ਼ਾਮਲ
ਪਟਿਆਲਾ 30 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਆਪ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਬਾਸਰਕੇ, ਅਕਾਲੀ ਦਲ ਦੇ ਕੌਮੀ ਸਿਆਸੀ ਸਲਾਹਕਾਰ ਦਵਿੰਦਰ ਸਿੰਘ ਸੋਢੀ ਅਤੇ ਆਲ ਇੰਡੀਆ ਯੋਗੀ ਨਾਮ ਸਮਾਜ ਦੇ ਦਲਜੀਤ ਸਿੰਘ ਪਟਿਆਲ ਪ੍ਰਧਾਨ ਪੰਜਾਬ, ਪਾਰਟੀ ਦੀਆਂ ਨੀਤੀਆਂ ਤੋਂ ਖਫ਼ਾ ਹੋ ਕੇ ਆਪਣੇ ਸਾਥੀਆਂ ਸਮੇਤ ਸਥਾਨਕ ਮੋਤੀ ਬਾਗ ਪੈਲੇਸ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋ ਗਏ।
ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਆਗੂਆਂ ਦਾ ਪਾਰਟੀ ਵਿਚ ਸ਼ਾਮਿਲ ਹੋਣ ਤੇ ਭਰਵਾਂ ਸਵਾਗਤ ਕੀਤਾ ਅਤੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡਾਂ ਅਤੇ ਪੰਜਾਬ ਵਿਚ ਬਾਹਰੀ ਰਾਜਾਂ ਦੇ ਲੀਡਰਾਂ ਅਤੇ ਵਿਅਕਤੀਆਂ ਦੀ ਦਖਲ ਕਾਰਨ ਪਾਰਟੀ ਦੀ ਅੰਦਰੂਨੀ ਲੀਡਰਸ਼ਿਪ ਦੇ ਆਗੂਆਂ ਵਿਚ ਬੇਚੈਨੀ ਦਾ ਮਾਹੌਲ ਹੈ। ਉਹਨਾਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਲਈ ਕੋਈ ਸਪੱਸ਼ਟਵਾਦੀ ਰਵੱਈਆ ਨਹੀਂ ਹੈ। ਜਿਸ ਕਰਕੇ ਪੰਜਾਬ ਵਾਸੀਆਂ ਦਾ ਆਪ ਪਾਰਟੀ ਵੱਲ ਮੌਹ ਲਗਾਤਾਰ ਭੰਗ ਹੋ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਆਏ ਦਿਨ ਆਪ, ਅਕਾਲੀ ਦਲ ਅਤੇ ਹੋਰ ਸਿਆਸੀ ਚੋਟੀ ਦੇ ਲੀਡਰ ਅਤੇ ਆਗੂ ਅਕਾਲੀ ਦਲ ਅਤੇ ਆਪ ਪਾਰਟੀ ਨੂੰ ਅਲਵਿਦਾ ਕਹਿ ਕੇ ਵੱਡੇ ਪੱਧਰ ਤੇ ਕਾਂਗਰਸ ਵਿਚ ਸ਼ਾਮਿਲ ਹੋ ਰਹੇ ਹਨ। ਨਾਲ ਹੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਵੀ ਆਮ ਵਰਗ ਦਾ ਮੋਹ ਭੰਗ ਹੋ ਚੁੱਕਾ ਹੈ। ਲੋਕ ਹੁਣ ਬਦਲਾਵ ਦੇ ਮੂਡ ਵਿਚ ਹਨ। ਇਸ ਮੌਕੇ ਸੇਵਾ ਸਿੰਘ, ਰੁਪਿੰਦਰ ਸਿੰਘ, ਜੋਰਾ ਸਿੰਘ, ਪਿਆਰਾ ਨਾਥ, ਗੁਰਮੇਲ ਸਿੰਘ ਭੱਟੀ ਆਦਿ ਆਗੂ ਭਾਰੀ ਗਿਣਤੀ ਵਿਚ ਸ਼ਾਮਲ ਹੋਏ।

