ਪਟਿਆਲਾ

ਭਾਵਾਧਸ ਨੇ 2000 ਸਫਾਈ ਕਰਮਚਾਰੀਆਂ ਦੀ ਨਵੀਂ ਭਰਤੀ ਅਤੇ ਇਨ੍ਹਾਂ ਦੇ ਹਿੱਤਾਂ ਸਬੰਧੀ ਨਗਰ ਨਿਗਮ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਬਿਨਾਂ ਜਾਣਕਾਰੀ ਦਿੱਤੇ ਸਫਾਈ ਸੇਵਿਕਾ ਨੂੰ ਸੇਵਾ ਮੁਕਤ ਕੀਤੇ ਜਾਣ ਦੇ ਦੋਸ਼ੀਆਂ ਖਿਲਾਫ ਹੋਵੇ ਸਖਤ ਕਾਰਵਾਈ—ਵੀਰ ਪ੍ਰੇਮ ਖੋੜਾ

ਪਟਿਆਲਾ (ਮਧੂਸਾਰ ਬਿਊਰੋ) : ਨਗਰ ਨਿਗਮ ਪਟਿਆਲਾ ਵਿਖੇ 2000 ਸਫਾਈ ਕਰਮਚਾਰੀਆਂ ਦੀ ਨਵੀਂ ਭਰਤੀ ਕਰਨ, ਪੜੇ ਲਿਖੇ ਐਸ.ਸੀ. ਕੈਟਾਗਰੀ ਦੇ ਕੱਚੇ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ਤੇ ਪੱਕੇ ਕਰਨ, ਅਫਸਰਾਂ, ਅਧਿਕਾਰੀਆਂ ਦੀਆਂ ਕੋਠੀਆਂ *ਚ ਕੰਮ ਕਰਨ ਵਾਲੇ ਨਗਰ ਨਿਗਮ ਸਫਾਈ ਕਰਮਚਾਰੀਆਂ ਨੂੰ ਉਨ੍ਹਾਂ ਦੀ ਤੈਨਾਤੀ ਅਨੁਸਾਰ ਫੀਲਡ ਵਿੱਚ ਡਿਊਟੀਆਂ ਲਗਵਾਉਣ ਸਬੰਧੀ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਰਾਸ਼ਟਰੀ ਸਲਾਹਕਾਰ ਵੀਰ ਪ੍ਰੇਮ ਖੋੜਾ ਦੀ ਅਗਵਾਈ ਵਿੱਚ ਨਗਰ ਨਿਗਮ ਕਮਿਸ਼ਨਰ ਕੇਸ਼ਵ ਹਗੋਨਿਆਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਵੀਰ ਪ੍ਰੇਮ ਖੋੜਾ ਨੇ ਅਤੇ ਸਮੂੰਹ ਵਾਲਮੀਕਿ ਭਾਈਚਾਰੇ ਨੇ ਪੁਰਜੋਰ ਮੰਗ ਕਰਦਿਆ ਕਿਹਾ ਕਿ 20 ਸਾਲ ਪਹਿਲਾਂ ਨਗਰ ਨਿਗਮ ਵਿੱਚ 1200 ਦੇ ਕਰੀਬ ਸਫਾਈ ਸੇਵਕ ਸਨ, ਜਿਨ੍ਹਾਂ ਵਿਚੋਂ ਕੁੱਝ ਸੇਵਾ ਮੁਕਤ ਅਤੇ ਕੁੱਝ ਸਵਰਗ ਸਿਧਾਰ ਗਏ ਹਨ। ਇਸ ਤੋਂ ਬਾਅਦ ਨਗਰ ਨਿਗਮ ਵਿੱਚ ਸਫ਼ਾਈ ਕਰਮਚਾਰੀਆਂ ਦੀ ਕੋਈ ਭਰਤੀ ਨਹੀਂ ਕੀਤੀ ਗਈ। ਜਦੋਂ ਕਿ ਪਟਿਆਲਾ ਸ਼ਹਿਰ ਦਾ ਖੇਤਰਫਲ 20 ਗੁਣਾ ਵੱਧ ਚੁੱਕਾ ਹੈ, ਤੇ ਸਫ਼ਾਈ ਕਰਮਚਾਰੀਆਂ ਦੀ ਗਿਣਤੀ ਅੱਜ 500 ਤੋਂ ਵੀ ਘੱਟ ਰਹਿ ਗਈ ਹੈ।

ਉਨ੍ਹਾਂ ਕਿਹਾ ਕਿ ਆਊਟ ਸੋਰਸਿੰਗ (ਅਦਰ ਕਾਸਟ) ਕਰਮਚਾਰੀਆਂ ਨੂੰ ਵੱਡੇ ਅਧਿਕਾਰੀਆਂ ਦੀਆਂ ਕੋਠੀਆਂ ਵਿੱਚੋਂ ਕੱਢਕੇ ਸ਼ਹਿਰ ਦੇ ਵਿਕਾਸ ਸਫਾਈ ਦੇ ਕੰਮ ਲਗਾਇਆ ਜਾਵੇ ਅਤੇ ਪਿਛਲੇ ਲੰਮੇ ਸਮੇਂ ਤੋਂ ਕੱਚੇ ਨਿਗਮ ਕਾਮੇ ਘੱਟ ਤਨਖਾਹਾਂ ਦੇ ਕੰਮ ਕਰਕੇ ਆਪਣੇ ਘਰਾਂ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਕਰਦੇ ਆ ਰਹੇ ਹਨ। ਜਿਨ੍ਹਾਂ ਨੂੰ ਬਰਾਬਰ ਕੰਮ ਦੇ ਅਨੁਸਾਰ ਬਰਾਬਰ ਤਨਖਾਹ ਦਿੱਤੀ ਜਾਵੇ। ਵੀਰ ਪ੍ਰੇਮ ਖੋੜਾ ਨੇ ਮੰਗ ਪੱਤਰ ਵਿੱਚ ਕੁੱਝ ਨਗਰ ਨਿਗਮ ਦੇ ਅਧਿਕਾਰੀਆਂ ਤੇ ਦੋਸ਼ ਲਗਾਉਂਦਿਆ ਕਿਹਾ ਕਿ ਪੱਕੇ ਤੌਰ ਤੇ ਨਗਰ ਨਿਗਮ ਪਟਿਆਲਾ ਵਿਖੇ ਸੇਵਾ ਨਿਭਾਉਣ ਵਾਲੀ ਸਫਾਈ ਸੇਵਿਕਾ ਕਿਰਨਾ ਪਤਨੀ ਲਾਲ ਚੰਦ ਨੂੰ ਬਿਨਾਂ ਜਾਣਕਾਰੀ ਦਿੱਤੇ ਗਲਤ ਢੰਗ ਨਾਲ ਸੇਵਾ ਮੁਕਤ ਕੀਤਾ ਗਿਆ ਹੈ, ਜਿੰਮੇਵਾਰ ਅਫਸਰਾਂ ਤੇ ਕਾਰਵਾਈ ਕੀਤੀ ਜਾਵੇ। ਜਦੋਂ ਕਿ ਕੱਚੇ ਕਰਮਚਾਰੀਆਂ ਤੋਂ ਦੋ ਦੋ ਏਰੀਆ ਵਿੱਚ ਵੱਧ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਨਗਰ ਨਿਗਮ ਪਟਿਆਲਾ ਦੀ ਹਦੂਦ ਅੰਦਰ ਆਮ ਲੋਕਾਂ ਅਤੇ ਰਾਹਗੀਰਾਂ ਲਈ ਬਣੀਆਂ ਸੜਕਾਂ ਤੇ ਲੱਗੇ ਨਜਾਇਜ ਗੇਟ ਅਤੇ ਜਾਨਲੇਵਾ ਰੈਂਪ ਹਟਾਏ ਜਾਣ ਦੀ ਮੰਗ ਵੀ ਕੀਤੀ। ਇਸ ਮੌਕੇ ਰਾਜੇਸ਼ ਸਭਰਵਾਲ, ਰਾਮ ਗਿੱਲ, ਸੋਨੂੰ ਮਾਜਰੀ, ਸੋਨੂੰ ਭਲਵਾਨ, ਦੀਪਕ ਵਾਲਮੀਕਿ, ਵਿਕਾਸ ਅਟਵਾਲ, ਜਸਵੰਤ ਸਿੰਘ ਸੰਤ, ਰਾਹੁਲ ਕੰਡੇਰ, ਲਾਲੀ, ਸੀਮਾ ਵੈਦ, ਬਲਜਿੰਦਰ ਸਿੰਘ, ਸੁਖਦੇਵ ਸਿੰਘ ਬੰਟੀ, ਕੁਲਵੰਤ ਸਿੰਘ, ਨਵਜੋਤ ਆਦਿ ਹਾਜਰ ਸਨ।

Leave a Reply

Your email address will not be published. Required fields are marked *