ਅਕਾਲੀ ਦਲ ਨੂੰ ਝਟਕਾ : ਸਾਹਿਲ ਮਿੱਤਲ ਨੇ ਕਾਂਗਰਸ ਦਾ ਹੱਥ ਫੜਿਆ
ਅਕਾਲੀ ਦਲ ਅਤੇ ਆਪ ਤੋਂ ਲੋਕਾਂ ਦਾ ਮੋਹ ਭੰਗ : ਪ੍ਰਨੀਤ ਕੌਰ
ਪਟਿਆਲਾ (ਮਧੂਸਾਰ ਬਿਊਰੋ) ਸ਼ਹਿਰ ‘ਚ ਅਕਾਲੀ ਦਲ ਨੂੰ ਉਸ ਸਮੇਂ ਹੋਰ ਝਟਕਾ ਲੱਗਾ, ਜਦੋਂ ਸਾਹਿਲ ਮਿੱਤਲ ਨੇ ਅਕਾਲੀ ਦਲ ਨੂੰ ਛੱਡ ਕੇ ਵਿਧਾਇਕ ਪ੍ਰਨੀਤ ਕੌਰ ਦੀ ਹਾਜ਼ਰੀ ‘ਚ ਕਾਂਗਰਸ ਨਾਲ ਮੁੜ ਚੱਲਣ ਦਾ ਐਲਾਨ ਕੀਤਾ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਪ੍ਰਨੀਤ ਕੌਰ ਨੇ ਕਿਹਾ ਕਿ ਅੱਜ ਸੂਬੇ ਦੇ ਲੋਕ ਅਕਾਲੀ ਦਲ ਤੋਂ ਦੁਖੀ ਹੋ ਕੇ ਆਪ ‘ਚ ਸ਼ਾਮਲ ਹੋਏ ਸਨ, ਜਿਨ੍ਹਾਂ ਨੂੰ ਸਮਝ ਆ ਗਈ ਹੈ ਕਿ ਕਾਂਗਰਸ ਹੀ ਉਨ੍ਹਾਂ ਦੀ ਅਸਲ ਪਾਰਟੀ ਹੈ, ਜਿਸ ਕਾਰਨ ਕਈ ਆਗੂ ਅਤੇ ਯੂਥ ਵਰਕਰ ਕਾਂਗਰਸ ‘ਚ ਸ਼ਾਮਲ ਹੋ ਗਏ ਹਨ।
ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਭਰ ‘ਚ ਕਾਂਗਰਸ ਦੇ ਹੱਕ ‘ਚ ਹਵਾ ਚੱਲ ਰਹੀ ਹੈ ਅਤੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਇਕ ਇਕ ਵਾਅਦਾ ਸੂਬੇ ਅਤੇ ਸ਼ਹਿਰ ਦੇ ਲੋਕਾਂ ਨਾਲ ਕੀਤਾ ਗਿਆ ਉਸ ਨੂੰ ਕਾਂਗਰਸ ਸੱਤਾ ਹਾਸਲ ਕਰਨ ਤੋਂ ਬਾਅਦ ਪਹਿਲ ਦੇ ਆਧਾਰ ‘ਤੇ ਹੱਲ ਕਰਵਾਏਗੀ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਪੰਜਾਬ ਕਾਂਗਰਸ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਹਰ ਵਾਅਦੇ ਨੂੰ ਨਿਭਾਉਣਗੇ ਜਿਸ ਦੇ ਤਹਿਤ ਬੇਰੁਜਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਨੌਜਵਾਨਾਂ ਨੂੰ ਰੁਜਗਾਰ ਦੇ ਅਵਸਰ ਉਪਲਬੱਧ ਕਰਵਾਏ ਜਾਣਗੇ। ਪੰਜਾਬ ਦੀਆਂ ਰਹਿੰਦੀਆਂ ਸਮੱਸਿਆਵਾਂ ਜਿਵੇਂ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ। ਉਦਯੋਗਾਂ ਲਈ ਨਵੀਆਂ-ਨਵੀਆਂ ਤਕਨੀਕਾਂ ਤਿਆਰ ਕੀਤੀਆਂ ਜਾਣਗੀਆਂ। ਜਿਸ ਨਾਲ ਉਹ ਪੰਜਾਬ ਵਿਚ ਆਕੇ ਨਿਵੇਸ਼ ਕਰਨਗੇ ਅਤੇ ਆਮ ਲੋਕਾਂ ਨੂੰ ਨਵੇਂ ਸਿਰਿਓ ਰੁਜਗਾਰ ਦੇ ਮੌਕੇ ਪ੍ਰਾਪਤ ਹੋਣਗੇ। ਉਹਨਾਂ ਇਹ ਵੀ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਕਾਰਜਕਾਲ ਦੌਰਾਨ ਗਰੀਬਾਂ ਅਤੇ ਲੋੜਵੰਦਾਂ ਲਈ ਕੁਝ ਵੀ ਨਹੀਂ ਕੀਤਾ ਜਿਸ ਨਾਲ ਉਹਨਾਂ ਲੋਕਾਂ ਦਾ ਅਕਾਲੀ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਮੋਹ ਭੰਗ ਹੋ ਚੁੱਕਾ ਹੈ।
ਇਸ ਮੌਕੇ ਕਾਂਗਰਸੀ ਆਗੂ ਹਰਦਿਆਲ ਸਿੰਘ ਕੰਬੋਜ, ਸ਼ੰਮੀ ਸੰਧੂ, ਵਿਨੋਦ ਮਿੱਤਲ ਬੰਟੀ, ਰਾਜੀਵ ਖੰਨਾ, ਇੰਦਰਜੀਤ ਵਾਲੀਆ, ਅਸ਼ਵਨੀ ਜੈਨ, ਕਨਵਰਪ੍ਰੀਤ ਪੱਲਾ ਲੱਕੀ ਅਤੇ ਮੁਹੱਲਾ ਨਿਵਾਸੀ ਹਾਜ਼ਰ ਸਨ।

