ਪੰਜਾਬਲੇਖ

‘ਸਿਪਾਹੀਆਂ ਦਾ ਜਰਨੈਲ’, ਸਵੈ ਜੀਵਨੀ : ਜਰਨਲ ਜੇ.ਜੇ. ਸਿੰਘ

ਅਖ਼ਬਾਰ ਮਧੂਸਾਰ ਵੱਲੋਂ ਸਾਬਕਾ ਆਰਮੀ ਚੀਫ ਅਤੇ ਅਰੁਣਾਂਚਲ ਦੇ ਗਵਰਨਰ ਰਹੇ ਜਨਰਲ ਜੇ.ਜੇ. ਸਿੰਘ ਦੀ ਸਵੈ ਜੀਵਨੀ ‘ਸਿਪਾਹੀਆਂ ਦਾ ਜਰਨੈਲ’ ਪੁਸਤਕ ਪਾਠਕਾਂ ਦੇ ਰੂਬਰੂ ਕਰਨ ਦਾ ਬੀੜਾ ਚੁੱਕਿਆ ਗਿਆ ਹੈ, ਜਿਸ ਨੂੰ ਲੜੀ ਤਹਿਤ ਪ੍ਰਕਾਸ਼ਤ ਕੀਤਾ ਜਾਵੇਗਾ। ਆਸ ਕਰਦੇ ਪਬਲੀਸ਼ਰ ਯੂਨੀਸਟਾਰ ਵੱਲੋਂ ਤਿਆਰ ਦਿਲਾਂ ਨੂੰ ਟੁੰਬ ਲੈਣ ਵਾਲੀ ਇਹ ਪੁਸਤਕ ਸਾਰਿਆਂ ਦਾ ਧਿਆਨ ਖਿੱਚਣ ‘ਚ ਸਫਲ ਸਿੱਧ ਹੋਵੇਗੀ।
ਸੰਪਾਦਕ
ਭਾਗ-ਪਹਿਲਾ : ਪਰਿਵਾਰਕ ਫੌਜੀ ਰਵਾਇਤ
ਮੇਰੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ 1914 ਤੋਂ 2007 ਲਗਭਗ ਪੂਰੀ ਇਕ ਸਦੀ ਤੱਕ ਭਾਰਤ ਦੀ ਮਹਾਨ ਸੈਨਾ ਵਿਚ ਸੇਵਾ ਕੀਤੀ ਹੈ। ਪਰਿਵਾਰ ਵਾਸਤੇ ਇਹ ਮਾਣਮੱਤੀ ਗੱਲ ਹੈ ਕਿ ਸਿਪਾਹੀ ਤੋਂ ਉਠ ਕੇ ਅਸੀਂ ਚਾਰ ਸਟਾਰ ਜਨਰਲ ਦੀ ਉਚ ਪਦਮੀ ਪ੍ਰਾਪਤ ਕਰਨ ਦਾ ਸੁਭਾਗ ਹਾਸਲ ਕੀਤੀ ਹੈ।

ਸਾਡੇ ਪਰਿਵਾਰ ਦੀਆਂ ਜੜਾਂ ਆਰੀਅਨਾਂ ਨਾਲ ਜੁੜਦੀਆਂ ਹਨ। ਅਜਿਹਾ ਮੇਰੇ ਦਾਦਿਆਂ ਪੜ੍ਹਦਾਦਿਆਂ ਦਾ ਵਿਚਾਰ ਸੀ। ਭਾਵੇਂ ਇਹ ਇਕ ਮਿੱਥ ਸੀ ਕਿਉਂ ਨਾ ਹੋਵੇ ਤਾਂ ਵੀ ਮੈਂ ਇਸ ਵਿਚ ਵਿਸ਼ਵਾਸ ਕਰਨਾ ਚਾਹੁੰਦਾ ਹਾਂ। 2000 ਤੋਂ 1500 ਈਸਵੀ ਪੂਰਬ, ਆਰੀਅਨਾਂ ਦੇ ਸਿੰਧ ਘਾਟੀ, ਪੰਜਾਬ ਦੇ ਮੈਦਾਨਾਂ ਅਤੇ ਉਸ ਤੋਂ ਅੱਗੇ ਗੰਗਾ ਨਦੀ ਦੇ ਵਿਸ਼ਾਲ ਮੈਦਾਨਾਂ ਤੱਕ ਪਹੁੰਚਣ ਬਾਰੇ ਇਤਿਹਾਸਕਾਰਾਂ ਵਿਚ ਮੱਤਭੇਦ ਹਨ। ਸਾਡੀ ਜਾਤ ਗੋਤ ਮਰਵਾਹਾ ਕੇਂਦਰੀ ਏਸ਼ੀਆ ਦੇ ਮਰਵ ਜਾਂ ਮਾਰੂਸਥਲ ਤੋਂ ਉਠ ਕੇ ਪੰਜਾਬ ਤੱਕ ਪਹੁੰਚਣ ਨੂੰ ਸਵੀਕਾਰ ਕਰਦੀ ਹੈ। ਖਿਆਲ ਕੀਤਾ ਜਾਂਦਾ ਹੈ ਕਿ ਉਹ ਬੋਲਾਨ ਦਰੇ ਰਾਹੀਂ ਦੱਖਣ ਪੱਛਮੀ ਪੰਜਾਬ ਵਿਚ ਦਾਖਲ ਹੋਏ ਅਤੇ ਇਸ ਗੋਤ ਦਾ ਪੁਰਾਤਨ ਟਿਕਾਣਾ ਗੋਇੰਦਵਾਲ, ਅੰਮ੍ਰਿਤਸਰ ਦੇ ਨੇੜੇ ਮੰਨਿਆ ਜਾਂਦਾ ਹੈ। (ਸਕੈਚ 1.1) ਉਹ ਖੱਤਰੀਆਂ ਦੇਸਰੀਨ ਉਪ ਗੋਤ ਵਿਚੋਂ ਹਨ ਅਤੇ ਉਹ ਆਪਣਾ ਵਡਿੱਕਾ ਗੋਇੰਦਵਾਲ ਦੇ ਭਾਈ ਬਾਲੂ ਨੂੰ ਮੰਨਦੇ ਹਨ, ਜਿਸ ਦੀ ਸਮਾਧ ਪਿੰਡ ਦਾਦ, ਲੁਧਿਆਣੇ ਦੇ ਨਾਲ ਪੱਖੋਵਾਲ ਰੋਡ ‘ਤੇ ਸਥਿਤ ਹੈ। ਭਾਈ ਬਾਲੂਨੂੰ ਸਿੱਖਾਂ ਦੇ ਤੀਸਰੇ ਗੁਰੂ, ਗੁਰੂ ਅਮਰਦਾਸ ਜੀ ਦਾ ਅਮਿੱਟ ਭਗਤ ਸੀ। (ਉਤਰ ਪੱਛਮੀ ਸਰਹੱਦੀ ਸੂਬੇ ਅਤੇ ਪੰਜਾਬ ਦੀਆਂ ਜਾਤਾਂ, ਕਬੀਲਿਆਂ ਦਾ ਇਤਿਹਾਸ ਗਲੌਜਰੀ), ਲਿਖਤ ਐਚ.ਏ.ਰੋਜ਼, ਜਿਸ ਦਾ ਆਧਾਰ ਪੰਜਾਬ ਦੀ 1883 ਤੇ 1892 ਦੀ ਮਰਦਸ਼ੁਮਾਰੀ ਰਿਪੋਰਟ ਹੈ ਦਾ ਸਫਾ 524 ਤੇ 697 ਹੈ ਅਤੇ ਫੂਲਕੀਆ ਸਟੇਟੇਸ ਗਜ਼ਟੀਅਰ 1904)।
ਮੇਰੇ ਦਾਦਾ ਜੀ ਸਿਪਾਹੀ ਆਤਮਾ ਸਿੰਘ ਹੱਟੇ ਕੱਟੇ ਸਿੱਖ ਸਨ। ਉਨ੍ਹਾਂ ਦਾ ਰੰਗ ਸਾਫ, ਉਸ ਦੀਆਂ ਗੁਲਾਬੀ ਭਾਅ ਮਾਰਦੀਆਂ ਗੱਲਾਂ ਗਰਮੀਆਂ ਵਿਚ ਗੂੜੀਆਂ ਲਾਲ ਹੋ ਜਾਂਦੀਆਂ ਸਨ। ਉਹ ਸਧਾਰਨ ਸਿਪਾਹੀ ਸੀ ਅਤੇ ਫੌਜ ਵਿਚ ਪ੍ਰਾਈਵੇਟ ਭਰਤੀ ਸੀ। ਉਹ ਇਕ ਉਚ ਕੋਟੀ ਦਾ ਨਗਾਰਾਬਾਜ਼ ਸੀ ਅਤੇ ਪਾਈਪਾਸ ਅਤੇ ਡਰੱਮਜ਼ ਪਲਟਨ 1/67 ਪੰਜਾਬ ਰੈਜਮੈਂਟ ਹੁਣ ਵਾਲੀ ਪਹਿਲੀ ਬਟਾਲੀਅਨ-ਪੈਰਾਸ਼ੂਟ ਰੈਜਮੈਂਟ ਵਿਚ ਭਰਤੀ ਸੀ। ਪੁਰਾਣੇ ਸਮਿਆਂ ਵਿਚ ਪਾਈਪਰ, ਇੰਨਫੈਂਟਰੀ ਬਟਾਲੀਅਨਜ਼ ਦਾ ਹਰਿਆਵਲ ਦਸਤਾ ਹੋਇਆ ਕਰਦਾ ਸੀ। ਜਿਹੜਾ ਉਨ੍ਹਾਂ ਨੂੰ ਲੜਾਈ ਦੇ ਮੈਦਾਨ ਵਿਚ ਲੈ ਜਾਂਦਾ ਸੀ। ਮੇਰੇ ਦਾਦਾ ਦੀ ਤਨਖ਼ਾਹ ਨਿਗੂਣੀ 17 ਰੁਪਏ ਜਾਂ ਇਸ ਤੋਂ ਵੀ ਘੱਟ ਸੀ। ਉਹ ਸਾਨੂੰ ਹਰ ਰੋਜ਼ ਸ਼ਾਮ ਦੇ ਖਾਣੇ ਵੇਲੇ, ਖਾਣੇ ਦੇ ਮੇਜ਼ ਉਪਰ ਮੁੱਠੀਆਂ ਬੰਦ ਕਰਕੇ, ਕਰਨਲ ਬੱਗੀ ਦੇ ਮਾਰਚ ਦੀਆਂ ਜਾਂ ਹੋਰ ਮਾਰਸ਼ਲ ਧੁੰਨਾਂ ਸੁਣਾਇਆ ਕਰਦਾ ਸੀ। ਖਾਣੇ ਤੋਂ ਪਹਿਲਾਂ ਉਹ ਸਾਨੂੰ ਗੁਰਬਾਣੀ ਦਾ ਮੂਲ ਮੰਤਰ ਕੰਠ ਕਰਵਾਉਂਦਾ ਸੀ। ਖਾਣੇ ਤੋਂ ਬਾਅਦ ਉਹ ਸੰਸਾਰ ਜੰਗ ਦੀਆਂ ਦਿਲਚਸਪ ਕਹਾਣੀਆਂ ਸੁਣਾਇਆ ਕਰਦਾ ਸੀ। ਅਸੀਂ ਮੰਤਰ ਮੁਗਧ ਹੋ ਕੇ ਉਸ ਦੀਆਂ ਕਹਾਣੀਆਂ ਸੁਣਦੇ ਸਾਂ।
ਇਕ ਵਾਰ ਉਸ ਨੇ, 1918 ਵਿਚ ਫੌਜ ਵਿਚੋਂ ਛਾਂਟੀ ਹੋਣ ਤੋਂ ਬਾਅਦ, ਜਦੋਂ ਉਹ ਸਾਡੇ ਪਿੰਡ ਦੌਲਤਵਾਲਾ, ਨੇੜੇ ਰਾਵਲਪਿੰਡੀ ਗਿਆ ਸੀ ਦੇ ਵੇਲੇ ਦੀ ਕਹਾਣੀ ਇਉਂ ਸੁਣਾਈ, ‘ਮੈਂ ਫੌਜ ਵਿਚ ਜ਼ਖ਼ਮੀ ਹੋ ਗਿਆ ਸੀ ਅਤੇ ਮੇਰੇ ਸੱਜਾ ਹੱਥ ਨਿਕੰਮਾ ਹੋ ਗਿਆ ਸੀ। ਇਸ ਕਰਕੇ ਮੈਂ ਦਾੜ੍ਹੀ ਦੀ ਸਾਂਭ ਸੰਭਾਲ ਨਹੀਂ ਸੀ ਕਰ ਸਕਦਾ ਅਤੇ ਮੇਰੇ ਕੇਸ ਵੀ ਬਹੁਤ ਵੱਧ ਗਏ ਸਨ। ਨਤੀਜੇ ਵਜੋਂ ਮੈਨੂੰ ਆਪਣੇ ਕੇਸ ਕੱਟਣੇ ਪਏ। (ਬਾਕੀ ਅਗਲੇ ਅੰਕ ‘ਚ)

Leave a Reply

Your email address will not be published. Required fields are marked *