ਸਮਾਜ ‘ਚੋਂ ਭਰੂਣ ਹੱਤਿਆ ਦੇ ਕੋਹੜ ਨੂੰ ਦੂਰ ਕਰਨ ਲਈ ਚੇਤਨਾ ਲਿਆਉਣੀ ਜ਼ਰੂਰੀ: ਪ੍ਰੋ. ਬਡੂੰਗਰ
ਪਟਿਆਲਾ 27 ਫਰਵਰੀ (ਮਧੂਸਾਰ ਬਿਊਰੋ)
ਇਸਤਰੀ ਜਾਤੀ ਸਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਚਾਰੇ ਪਵਿੱਤਰ ਸ਼ਬਦ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ£” ‘ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਤਾਂ ਕਿ ਇਸਤਰੀ ਜਾਤੀ ਨੂੰ ਬਣਦਾ ਮਾਨ-ਸਤਿਕਾਰ ਮਿਲ ਸਕੇ।
ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮਾਤਾ ਬਖਸੀਸ ਕੌਰ ਪਤਨੀ ਜੋਗਿੰਦਰ ਸਿੰਘ ਸੰਧੂ ਦੀ ਅੰਤਿਮ ਅਰਦਾਸ ਉਪਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਅਨੰਦ ਨਗਰ ਪਟਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ।
ਉਹਨਾਂ ਕਿਹਾ ਕਿ ਇਸਤਰੀ ਆਪਣੇ ਜੀਵਨ ਅੰਦਰ ਵੱਖ-ਵੱਖ ਪੜਾਵਾਂ ਵਿਚੋਂ ਗੁਜ਼ਰਕੇ ਆਪਣਾ ਯੋਗਦਾਨ ਪਾਕੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੀ ਹੈ। ਉਹਨਾਂ ਕਿਹਾ ਕਿ ਉਹ ਮਾਤਾਵਾਂ ਧੰਨ ਹਨ ਜਿਹਨਾਂ ਨੇ ਪੰਥ, ਧਰਮ, ਕੌਮ ਅਤੇ ਦੇਸ਼ ਲਈ ਕੁਰਬਾਨੀਆਂ ਦੇਕੇ ਵੱਡਮੁੱਲਾ ਯੋਗਦਾਨ ਪਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਇਤਿਹਾਸ ਵਿਚ ਵੀ ਸਤਿਕਾਰ ਮਿਲਦਾ ਹੈ ਅਤੇ ਮਿਲਦਾ ਰਹੇਗਾ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸਮਾਜ ਅੰਦਰੋਂ ਭਰੂਣ ਹੱਤਿਆ ਦੇ ਕੋਹੜ ਨੂੰ ਦੂਰ ਕਰਨ ਲਈ ਲੋਕਾਂ ‘ਚ ਚੇਤਨਾ ਲਿਆਉਣੀ ਜ਼ਰੂਰੀ ਹੈ। ਇਸ ਸਮਾਜਕ ਕਾਰਜ ਨੂੰ ਪੂਰਾ ਕਰਨ ਲਈ ਧਾਰਮਿਕ, ਸਮਾਜਿਕ, ਰਾਜਨਤਿਕ ਸੰਸਥਾਵਾਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਜਾਗਰੂਕਤਾ ਲਹਿਰ ਲਿਆਉਣ ਲਈ ਅਹਿਮ ਯਤਨ ਕਰਨ ਤਾਂ ਕਿ ਸਮਾਜ ਅੰਦਰੋਂ ਭਰੂਣ ਹੱਤਿਆ ਦੀ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਕੀਤਾ ਜਾ ਸਕੇ। ਇਸ ਮੌਕੇ ਗੁਰਜੀਤ ਸਿੰਘ ਸਾਹਨੀ, ਬੀਬੀ ਮਨਜੀਤ ਕੌਰ ਪ੍ਰਧਾਨ ਗੁਰਦੁਆਰਾ ਸਾਹਿਬ, ਗੁਲਜਾਰ ਸਿੰਘ ਸੰਧੂ, ਨਰਿੰਦਰਪਾਲ ਸਿੰਘ, ਅੰਗਰੇਜ ਸਿੰਘ, ਸਤਕਿਰਨ ਸਿੰਘ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ।

