ਦੇਸ਼-ਵਿਦੇਸ਼ਪੰਜਾਬ

ਯੂ.ਪੀ. ਚੋਣਾਂ : ਭਾਜਪਾ ਦਾ ਮੁਸਲਿਮ ਉਮੀਦਵਾਰ ਕਿਉਂ ਨਹੀਂ : ਨਕਵੀ, ਭਾਰਤੀ

ਨਵੀਂ ਦਿੱਲੀ 27 ਫਰਵਰੀ (ਮਧੂਸਾਰ ਬਿਊਰੋ) ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਮੁਸਲਿਮ ਉਮੀਦਵਾਰ ਨਾ ਉਤਾਰੇ ਜਾਣ ‘ਤੇ ਮੋਦੀ ਸਰ’ਕਾਰ ਦੇ ਦੋ ਮੰਤਰੀਆਂ ਨੇ ਆਪਣੀ ਹੀ ਪਾਰਟੀ ਦੇ ਫੈਸਲੇ ਤੇ ਸਵਾਲ ਖੜ ਕੀਤੇ ਹਨ।

ਕੇਂਦਰੀ ਮੰਤਰੀ ਓਮਾ ਭਾਰਤੀ ਨੇ ਕਿਹਾ ਕਿ ਭਾਜਪਾ ਨੇ ਯੂਪੀ ਚੋਣਾਂ ਵਿਚ ਕਿਸੇ ਮੁਸਲਿਮ ਉਮੀਦਵਾਰ ਨੂੰ ਨਾ ਉਤਾਰਕੇ ਵੱਡੀ ਭੁੱਲ ਕੀਤੀ ਹੈ। ਦੂਜੇ ਪਾਸੇ ਕੇਂਦਰੀ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਵੀ ਕਿਹਾ ਹੈ ਕਿ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ ਜੇਕਰ ਮੁਸਲਮਾਨਾਂ ਨੂੰ ਟਿਕਟ ਦਿੱਤਾ ਹੁੰਦਾ ਤਾਂ ਚੰਗਾ ਹੁੰਦਾ।
ਟੀ.ਵੀ.ਚੈਨਲ ਨਾਲ ਗੱਲਬਾਤ ਕਰਦਿਆਂ ਓਮਾ ਭਾਰਤੀ ਨੇ ਕਿਹਾ ਕਿ ਇਸ ਗੱਲ ਦਾ ਕਾਫੀ ਦੁਖ ਹੈ ਕਿ ਭਾਜਪਾ ਕਿਸੇ ਮੁਸਲਮਾਨ ਨੂੰ ਚੋਣ ਮੈਦਾਨ ‘ਚ ਨਹੀਂ ਉਤਾਰ ਸਕੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਸੂਬਾ ਪ੍ਰਧਾਨ ਕੇਸ਼ਵ ਪ੍ਰਸ਼ਾਦ ਮੋਰਿਆ ਨਾਲ ਗੱਲਬਾਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੁਸਲਿਮ ਉਮੀਦਵਾਰ ਨੂੰ ਲੈ ਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਇਹ ਮੰਨਿਆ ਹੈ ਕਿ ਅਸੀਂ ਮੁਸਲਮਾਨਾਂ ਨੂੰ ਟਿਕਟ ਦੇ ਸਕਦੇ ਸੀ।
ਓਮਾ ਭਾਰਤੀ ਦੀ ਟਿੱਪਣੀ ‘ਤੇ ਉਨ੍ਹਾਂ ਦੀ ਪਾਰਟੀ ਦੇ ਵਿਨੈ ਕਟਿਹਾਰ ਨੇ ਸਵਾਲ ਕੀਤਾ ਹੈ ਕਿ ਜਦੋਂ ਮੁਸਲਿਮ ਸਾਡੇ ਲਈ ਵੋਟ ਬੈਂਕ ਹੀ ਨਹੀਂ ਤਾਂ ਫਿਰ ਉਨ੍ਹਾਂ ਨੂੰ ਟਿਕਟ ਕਿਉਂ ਦਿੱਤੀ ਜਾਣੀ ਚਾਹੀਦੀ?
ਦੂਜੇ ਪਾਸੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਯੂਪੀ ਚੋਣਾਂ ‘ਚ ਭਾਜਪਾ ਨੇ ਜੇਕਰ ਮੁਸਲਮਾਨਾਂ ਨੂੰ ਟਿਕਟ ਦਿੱਤਾ ਹੁੰਦਾ ਤਾਂ ਚੰਗਾ ਹੁੰਦਾ, ਕਿਉਂਕਿ ਭਾਜਪਾ ਹਰ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਣ ‘ਚ ਵਿਸ਼ਵਾਸ ਰੱਖਦੀ ਹੈ।
ਜ਼ਿਕਰਯੋਗ ਹੈ ਕਿ ਉਤਰ ਪ੍ਰਦੇਸ਼ ਚੋਣਾਂ ‘ਚ ਭਾਜਪਾ ਨੇ 403 ਵਿਧਾਨ ਸਭਾ ਸੀਟਾਂ ‘ਚੋਂ ਇਕ ‘ਤੇ ਵੀ ਮੁਸਲਿਮ ਉਮੀਦਵਾਰ ਨੂੰ ਟਿਕਟ ਨਹੀਂ ਦਿੱਤਾ ਗਿਆ।

Leave a Reply

Your email address will not be published. Required fields are marked *