ਰਾਮਜਸ ਕਾਲਜ ਮਾਮਲਾ : ਕਾਰਗਿਲ ਸ਼ਹੀਦ ਦੀ ਬੇਟੀ ਗੁਰਮੇਹਰ ਨੂੰ ਮਿਲੀ ਸੁਰੱਖਿਆ
ਨਵੀਂ ਦਿੱਲੀ 27 ਫਰਵਰੀ (ਅਸ਼ੋਕ ਵਾਸ਼ਿਸ਼ਠ) ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਅਤੇ ਕਾਰਗਿਲ ਸ਼ਹੀਦ ਦੀ ਬੇਟੀ ਗੁਰਮੇਹਰ ਕੌਰ ਨੂੰ ਬਲਾਤਕਾਰ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ।
ਦਿੱਲੀ ਪੁਲਿਸ ਦੀਆਂ ਦੋ ਮਹਿਲਾ ਕਾਂਸਟੇਬਲ ਗੁਰਮੇਹਰ ਕੌਰ ਦੀ ਸੁਰੱਖਿਆ ‘ਚ 24 ਘੰਟੇ ਤਾਇਨਾਤ ਰਹੇਗੀ। ਜ਼ਿਕਰਯੋਗ ਹੈ ਕਿ ਰਾਮਜਸ ਕਾਲਜ ਵਿਚ ਹੋਏ ਵਿਵਾਦ ਤੋਂ ਬਾਅਦ ਗੁਰਮੇਹਰ ਕੌਰ ਨੇ ਦੋਸ਼ ਲਗਾਇਆ ਸੀ ਕਿ ਏਬੀਵੀਪੀ ਦਾ ਵਿਰੋਧ ਕਰਨ ਕਾਰਣ ਉਸ ਨੂੰ ਸੋਸ਼ਲ ਮੀਡੀਏ ‘ਤੇ ਬਲਾਤਕਾਰ ਦੀ ਧਮਕੀ ਮਿਲੀ ਹੈ।
ਇਸ ਦਰਮਿਆਨ ਮੈਸੂਰ ਤੋਂ ਭਾਜਪਾ ਸਾਂਸਦ ਪ੍ਰਤਾਪ ਸਿਨਹਾ ਨੇ ਟਵੀਟ ‘ਚ ਇਸ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ। ਭਾਜਪਾ ਸਾਂਸਦ ਨੇ ਸ਼ੰਖਨਾਦ ਦੀ ਤਸਵੀਰ ਨੂੰ ਟਰੀਟ ਕਰਦਿਆਂ ਗੁਰਮੇਹਰ ਕੌਰ ਦੀ ਤੁਲਨਾ ਭਾਰਤ ਦੇ ਭਗੌੜੇ ਅਪਰਾਧੀ ਦਾਊਦ ਇਬਰਾਹਮ ਨਾਲ ਕੀਤੀ ਹੈ, ਜਿਸ ਨਾਲ ਵਿਵਾਦ ਨੂੰ ਹੋਰ ਹਵਾ ਲੱਗ ਗਈ।
ਇਸ ਵਿਵਾਦ ‘ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਣ ਰਿਜੀਜੂ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਨੌਜਵਾਨ ਲੜਕੀ ਦੇ ਦਿਮਾਗ ‘ਚ ਗੰਦਗੀ ਕੌਣ ਭਰ ਰਿਹਾ ਹੈ? ਇਕ ਮਜ਼ਬੂਤ ਹਥਿਆਰਬੰਦ ਬਲ ਯੁੱਧ ਨੂੰ ਰੋਕਦਾ ਹੈ। ਭਾਰਤ ਨੇ ਕਦੇ ਕਿਸੇ ‘ਤੇ ਹਮਲਾ ਕੀਤਾ, ਪ੍ਰੰਤੂ ਭਾਰਤ ਜਦ ਕਮਜ਼ੋਰ ਸੀ ਉਦੋਂ ਹਮਲੇ ਹੋਏ।
ਦੂਜੇ ਪਾਸੇ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਇਕ ਫੋਟੋ ਟਵੀਟ ਕਰਦਿਆਂ ਸ਼ਹੀਦ ਦੀ ਬੇਟੀ ‘ਤੇ ਤੰਜ਼ ਕੱਸਦਿਆਂ ਕਿਹਾ ਬੈਟ ‘ਚ ਦਮ ਹੈ! ਇਸ ਟਵੀਟ ਦੇ ਨਾਲ ਸਹਿਵਾਗ ਨੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਲਿਖਿਆ ਹੈ ਕਿ ਦੋ ਵਾਰ ਤੀਹਰਾ ਸੈਂਕੜਾ ਮੈਂ ਨਹੀਂ ਮੇਰੇ ਬੱਲੇ ਨੇ ਲਗਾਇਆ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਰਾਮ ਕਾਲਜ ਦੀ ਵਿਦਿਆਰਥਣ ਗੁਰਮੇਹਰ ਨੇ ਕਿਹਾ ਹੈ ਕਿ ਉਸ ਨੇ ਵਿਰੋਧ ਦੇ ਚੱਲਦਿਆਂ ਉਸ ਨੂੰ ਨਫਰਤ ਭਰੇ ਮੈਸੇਜ ਮਿਲੇ ਹਨ, ਜਿਸ ‘ਚ ਬਲਾਤਕਾਰ ਦੀ ਧਮਕੀ ਵੀ ਸ਼ਾਮਲ ਹੈ। ਹਾਲਾਂਕਿ ਬਾਦ ਵਿਚ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਵੀ ਆਪਣੇ ਦੇਸ਼ ਨਾਲ ਪਿਆਰ ਕਰਦੀ ਹਾਂ ਅਤੇ ਆਪਣੇ ਦੋਸਤਾਂ ਨੂੰ ਵੀ ਪਿਆਰ ਕਰਦੀ ਹਾਂ। ਮੈਂ ਉਨ੍ਹਾਂ ਦੀ ਅਜ਼ਾਦੀ ਦਾ ਸਮਰਥਨ ਕਰਦੀ ਹਾਂ ਭਾਵੇਂ ਉਹ ਏਬੀਵੀਪੀ ਦੇ ਹੋਣ ਜਾਂ ਕਿਸੇ ਆਰਗੇਨਾਈਜੇਸ਼ਨ, ਕਿਸੇ ਨੂੰ ਕਾਨੂੰਨ ਅਤੇ ਵਿਵਸਥਾ ਆਪਣੇ ਹੱਥਾਂ ‘ਚ ਲੈਣ ਦਾ ਕੋਈ ਹੱਕ ਨਹੀਂ ਹੈ।
ਗੁਰਮੇਹਰ ਨੇ ਕਿਹਾ ਕਿ ਜਦੋਂ ਪੱਥਰ ਸੁੱਟੇ ਜਾ ਰਹੇ ਸਨ ਤਾਂ ਉਥੇ ਓਮਰ ਖਾਲਿਦ ਨਹੀਂ ਸੀ, ਕੇਵਲ ਵਿਦਿਆਰਥਣ ਸਨ। ਮੈਂ ਨਹੀਂ ਡਰਾਂਗੀ ਅਤੇ ਪਿਛੇ ਨਹੀਂ ਹਟਾਂਗੀ। ਮੇਰੇ ਪਿਤਾ ਨੇ ਦੇਸ਼ ਦੇ ਲਈ ਛਾਤੀ ‘ਤੇ ਗੋਲੀ ਖਾਧੀ ਸੀ ਅਤੇ ਮੈਂ ਵੀ ਗੋਲੀ ਖਾਣ ਲਈ ਤਿਆਰ ਹਾਂ।

