ਪੰਜਾਬਪਟਿਆਲਾ

ਫੀਸ ਤੇ ਫੰਡ ਵਸੂਲਣ ਖਿਲਾਫ ਪੇਂਰਟਸ ਐਸੋਸੀਏਸ਼ਨ ਨੇ ਕੀਤੀ ਨਾਅਰੇਬਾਜ਼ੀ

ਹਾਈਕੋਰਟ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰੀ ਸਕੂਲ ਮੈਨੇਜਮੈਂਟ : ਪੇਂਰਟਸ ਐਸੋਸੀਏਸ਼ਨ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਬੁੱਢਾ ਦਲ ਪਬਲਿਕ ਸਕੂਲ ਵੱਲੋਂ ਬੱਚਿਆਂ ਤੇ ਮਾਪਿਆਂ ਨੂੰ ਜਬਰਦਸਤੀ ਧਮਕਾ ਕੇ ਐਨੂਅਲ ਫੀਸ ਅਤੇ ਫੰਡ ਵਸੂਲਣ ਖਿਲਾਫ਼ ਪੇਂਰਟਸ ਐਸੋਸੀਏਸ਼ਨ ਨੇ ਬੱਚਿਆਂ ਦੇ ਮਾਪਿਆਂ ਨੂੰ ਨਾਲ ਲੈ ਕੇ ਡੀਸੀ ਦਫਤਰ ਪਹੁੰਚ ਕੇ ਸਕੂਲ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ।

ਸਕੂਲ ਮੈਨੇਜਮੈਂਟ ‘ਤੇ ਫੀਸ ਅਤੇ ਫੰਡ ਵਸੂਲਣ ਦਾ ਦੋਸ਼ ਲਗਾਉਂਦਿਆਂ ਪੇਂਰਟਸ ਐਸੋਸੀਏਸ਼ਨ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਬੱਚਿਆਂ ਨੂੰ ਪੇਪਰਾਂ ‘ਚ ਬੈਠਣ ਤੋਂ ਵਾਂਝੇ ਰੱਖ ਕੇ ਹਾਈਕੋਰਟ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਹਾਈਕੋਰਟ ਨੇ ਸੀਡਬਲਯੂਪੀ 7851/2015 ‘ਚ ਹੁਕਮ ਜਾਰੀ ਕੀਤਾ ਗਿਆ ਸੀ ਸਕੂਲ ਸਿਰਫ ਟਿਊਸ਼ਨ ਫੀਸ ਹੀ ਲਵੇਗਾ ਅਤੇ ਹਰ ਸਾਲ ਲਈ ਜਾਣ ਵਾਲੀ ਐਨੂਅਲ ਫੀਸ ‘ਤੇ ਪਾਬੰਦੀ ਲਗਾਈ ਗਈ ਸੀ, ਪ੍ਰੰਤੂ ਸਕੂਲ ਮੈਨੇਜਮੈਂਟ ਹੁਕਮਾਂ ਨੂੰ ਨਾ ਮੰਨਦੇ ਹੋਏ ਬੱਚਿਆਂ ਤੇ ਮਾਪਿਆਂ ਨੂੰ ਲਗਾਤਾਰ ਐਨੂਅਲ ਫੀਸ ਭਰਨ ਲਈ ਮਜ਼ਬੂਰ ਕਰ ਰਿਹਾ ਹੈ। ਉਨ੍ਹਾਂ ਸਕੂਲ ਮੈਨੇਜਮੈਂਟ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਫੀਸ ਨਹੀਂ ਭਰਵਾਈ ਜਾਂਦੀ ਤਾਂ ਬੱਚਿਆਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ, ਜੇ ਇੰਝ ਹੁੰਦਾ ਹੈ ਤਾਂ ਬੱਚੇ ਪੇਪਰ ‘ਚ ਬੈਠਣ ਤੋਂ ਵਾਂਝੇ ਰਹਿ ਜਾਣਗੇ ਅਤੇ ਸਕੂਲ ‘ਚੋਂ ਨਾਂ ਕੱਟਣ ਦੀ ਵਾਰ ਵਾਰ ਧਮਕੀ ਦਿੱਤੀ ਜਾ ਰਹੀ ਹੈ।
ਪੇਂਰਟਸ ਐਸੋਸੀਏਸ਼ਨ ਨੇ ਕਿਹਾ ਕਿ ਡੀਈਓ ਪਟਿਆਲਾ ਵੱਲੋਂ ਸਕੂਲ ਮੈਨੇਜਮੈਂਟ ਨੂੰ ਐਕਟ ਤਹਿਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ਨੂੰ ਸਕੂਲ ਮੈਨੇਜਮੈਂਟ ਮੰਨਣ ਤੋਂ ਇਨਕਾਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਮੈਨੇਜਮੈਂਟ ਹਾਈਕੋਰਟ ਦੇ ਆਦੇਸ਼ਾਂ ਨੂੰ ਪੂਰੀ ਤਰ੍ਹਾਂ ਅੱਖੌਂ ਪਰੋਖੇ ਕਰਕੇ ਹਦਾਇਤਾਂ ਮੰਨਣ ਤੋਂ ਭੱਜ ਰਹੀ ਹੈ, ਜਦਕਿ ਮਾਪੇ ਫੀਸਾਂ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਦਾਲਤੀ ਹੁਕਮਾਂ ਤਹਿਤ ਉਹ ਸਾਲਾਨਾ ਫੰਡ ਜਮਾਂ ਨਹੀਂ ਕਰਵਾਉਣਗੇ।
ਮਾਪੇ ਐਸੋਸੀਏਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਗੁਹਾਰ ਲਗਾਉਂਦਿਆਂ ਕਿਹਾ ਕਿ ਹਾਈਕੋਰਟ ਦੇ ਅਦਾਲਤੀ ਆਦੇਸ਼ਾਂ ਤਹਿਤ ਸਕੂਲ ਮੈਨੇਜਮੈਂਟ ਬੁੱਢਾ ਦਲ ਪਬਲਿਕ ਸਕੂਲ ਨੂੰ ਹਦਾਇਤ ਕੀਤੀ ਜਾਵੇ ਕਿ ਬੱਚਿਆਂ ਨੂੰ ਫੀਸ ਤੇ ਫੰਡ ਵਸੂਲਣ ਲਈ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬੁੱਢਾ ਦਲ ਪਬਲਿਕ ਸਕੂਲ ਮੈਨੇਜਮੈਂਟ ਨੇ ਡੀਈਓ ਸਾਹਮਣੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਜੇਕਰ ਉਹ ਬੱਚਿਆਂ ਤੋਂ ਫੀਸਾਂ ਤੇ ਫੰਡ ਨਹੀਂ ਲੈਣਗੇ ਤਾਂ ਕਿੱਥੇ ਜਾਣਗੇ?

Leave a Reply

Your email address will not be published. Required fields are marked *