17ਵਾਂ ‘ਮਾਤਾ ਮਾਨ ਕੌਰ ਮਿੰਨੀ ਕਹਾਣੀ ਪੁਰਸਕਾਰ’ ਹਰਭਜਨ ਖੇਮਕਰਨੀ ਨੂੰ
ਪਟਿਆਲਾ 7 ਮਾਰਚ (ਮਧੂਸਾਰ ਬਿਊਰੋ)
ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਮਾਰਫ਼ਤ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ 17ਵਾਂ ਮਾਤਾ ਮਾਨ ਕੌਰ ਮਿੰਨੀ ਕਹਾਣੀ ਪੁਰਸਕਾਰ ਉਘੇ ਮਿੰਨੀ ਕਹਾਣੀ ਹਰਭਜਨ ਖੇਮਕਰਨੀ (ਅੰਮ੍ਰਿਤਸਰ) ਨੂੰ ਦੇਣ ਦਾ ਨਿਰਣਾ ਲਿਆ ਗਿਆ ਹੈ।
ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਾਣਾ ਅਤੇ ਪ੍ਰਚਾਰ ਸਕੱਤਰ ਦਵਿੰਦਰ ਪਟਿਆਲਵੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਾਲ 2017 ਲਈ ਸ੍ਰੀ ਖੇਮਕਰਨੀ ਨੂੰ ਦਿੱਤੇ ਜਾਣ ਵਾਲੇ ਇਸ ਪੁਰਸਕਾਰ ਵਿਚ ਨਗਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਅਤੇ ਸ਼ਾਲ ਭੇਂਟ ਕੀਤੇ ਜਾਣਗੇ। 12 ਮਾਰਚ, 2017 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਹੋ ਰਹੇ ਇਸ ਸਮਾਗਮ ਦੀ ਪ੍ਰਧਾਨਗੀ ਭਾਸ਼ਾ ਵਿਭਾਗ, ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਕਰਨਗੇ ਜਦੋਂ ਕਿ ਮੁੱਖ ਮਹਿਮਾਨ ਉਘੇ ਮਿੰਨੀ ਕਹਾਣੀ ਲੇਖਕ ਡਾ. ਸ਼ਿਆਮ ਸੁੰਦਰ ਦੀਪਤੀ (ਅੰਮ੍ਰਿਤਸਰ) ਹੋਣਗੇ। ਸ਼੍ਰੋਮਣੀ ਲੇਖਕ ਡਾ. ਅਮਰ ਕੋਮਲ ਅਤੇ ਡਾ. ਇੰਦਰਜੀਤ ਸਿੰਘ ਚੀਮਾ ਵਿਸ਼ੇਸ਼ ਮਹਿਮਾਨ ਹੋਣਗੇ। Îਇਸ ਅਵਸਰ ਤੇ ਸ੍ਰੀ ਰਘਬੀਰ ਸਿੰਘ ਮਹਿਮੀ ਰਚਿਤ ਮਿੰਨੀ ਕਹਾਣੀ ਸੰਗ੍ਰਹਿ ਤੇਰੀਆਂ ਮੇਰੀਆਂ ਬਾਤਾਂ’ ਅਤੇ ਸ੍ਰੀ ਹਰਪ੍ਰੀਤ ਸਿੰਘ ਰਾਣਾ ਰਚਿਤ ਮਿੰਨੀ ਕਹਾਣੀਆਂ ਤੇ ਉਨ੍ਹਾਂ ਦਾ ਕਥਾ ਮੰਥਨ ‘ਤਤਕਾਲ’ ਵੀ ਲੋਕ ਅਰਪਣ ਕੀਤਾ ਜਾਵੇਗਾ। ਸ੍ਰੀ ਸੁਖਦੇਵ ਸਿੰਘ ਸ਼ਾਂਤ ਅਤੇ ਡਾ. ਹਰਜੀਤ ਸਿੰਘ ਸੱਧਰ ਵਿਸ਼ੇਸ਼ ਚਰਚਾ ਕਰਨਗੇ। ਇਸ ਸਮਾਗਮ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਪੁੱਜ ਰਹੇ ਪ੍ਰਸਿੱਧ ਵਿਦਵਾਨ ਅਤੇ ਲੇਖਕ ਆਪਣੇ ਵਿਚਾਰ ਅਤੇ ਰਚਨਾਵਾਂ ਵੀ ਸੁਣਾਉਣਗੇ।

