ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਖਾਲਸਾ ਕਾਲਜ ਪਟਿਆਲਾ ‘ਚ ਗਠਨ ਦਾ ਐਲਾਨ
ਪਟਿਆਲਾ 9 ਮਾਰਚ (ਮਧੂਸਾਰ ਬਿਊਰੋ)
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਖਾਲਸਾ ਕਾਲਜ, ਪਟਿਆਲਾ ਵਿੱਚ ਆਪਣੇ ਯੂਨਿਟ ਦਾ ਪੁਨਰ-ਗਠਨ ਕੀਤਾ ਗਿਆ।
ਵਿਦਿਆਰਥੀਆਂ ਦੇ ਭਾਰੀ ਇਕੱਠ ਨੂੰ ਫੈਡਰੇਸ਼ਨ ਦੇ ਕੇੰਦਰੀ ਐਡਹਾਕ ਕਮੇਟੀ ਮੈਂਬਰ ਭੁਪਿੰਦਰਪਾਲ ਸਿੰਘ (ਪੰਜਾਬੀ ਯੂਨੀਵਰਸਿਟੀ) ਨੇ ਫੈਡਰੇਸ਼ਨ ਦੇ ਮਾਣਮੱਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਜਥੇਬੰਦੀ ਦੀਆਂ ਭਵਿੱਖ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ।
ਫੈਡਰੇਸ਼ਨ ਦੇ ਕਨਵੀਨਰ ਭਾਈ ਜਗਰੂਪ ਸਿੰਘ ਚੀਮਾ ਨੇ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀ ਮੰਗਾਂ ਅਤੇ ਮਨੁੱਖਤਾ ਦੀ ਭਲਾਈ ਕਰਨ ਲਈ ਨਿੱਤਰਣ ਦਾ ਸੱਦਾ ਦਿੱਤਾ। ਉਹਨਾਂ ਨੇ ਫੈਡਰੇਸ਼ਨ ਵੱਲੋਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਚਲਾਈ ਜਾ ਰਹੀ ਮੁਹਿੰਮ ਬਾਰੇ ਜਾਣਕਾਰੀ ਦਿੱਤੀ।
ਅੰਤ ਵਿੱਚ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਕਰਨੈਲ ਸਿੰਘ ਪੀਰਮੁਹੰਮਦ ਜੀ ਨੇ ਵਿਦਿਆਰਥੀਆਂ ਨੂੰ ਸਿਰੋਪਾਓ ਬਖਸ਼ ਕੇ ਸਨਮਾਨਿਤ ਕੀਤਾ। ਉਹਨਾਂ ਨੇ ਪਿਛਲੇ ਦਿਨੀਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫੈਡਰੇਸ਼ਨ ਦੇ ਨਾਮ ਦੀ ਦੁਰਵਰਤੋਂ ਕਰਨ ਦੀ ਸਖਤ ਨਿਖੇਧੀ ਕੀਤੀ ਅਤੇ ਜਮਹੂਰੀ ਸਿਧਾਂਤਾਂ ਪ੍ਰਤੀ ਜਥੇਬੰਦੀ ਦੀ ਪ੍ਰਤੀਬੱਧਤਾ ਨੂੰ ਮੁੜ ਦੁਹਰਾਇਆ। ਉਹਨਾਂ ਨੇ 14 ਮਾਰਚ ਨੂੰ ਬਹੁਤ ਅਹਿਮ ਫੈਸਲਾ ਕਰਨ ਅਤੇ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਦਾ ਐਲਾਨ ਕੀਤਾ। ਇਸ ਮੌਕੇ ਕੁਲਵੀਰ ਸਿੰਘ ਪ੍ਰਧਾਨ, ਨਵਦੀਪ ਸਿੰਘ ਉਪ-ਪ੍ਰਧਾਨ, ਸਤਨਾਮ ਸਿੰਘ ਚੇਅਰਮੈਨ, ਯਾਦਵਿੰਦਰ ਸਿੰਘ ਜਨਰਲ ਸਕੱਤਰ ਅਤੇ ਤਰਵਿੰਦਰ ਸਿੰਘ ਕੋ-ਆਰਡੀਨੇਟਰ ਥਾਪੇ ਗਏ।

