ਮਨਜਿੰਦਰ ਸਿਰਸਾ ਨੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਧਿਆਨ ਅਤੇ ਸੰਜੀਦਗੀ ਨਾਲ ਦੇਣ ਲਈ ਪ੍ਰੇਰਿਆ
ਆਪਣੇ ਟੀਚੇ ਨੂੰ ਧਿਆਨ ਵਿਚ ਰੱਖਦਿਆਂ ਪੇਪਰ ਕਰਨ ਵਿਦਿਆਰਥੀ : ਸਿਰਸਾ
ਨਵੀਂ ਦਿੱਲੀ, 9 ਮਾਰਚ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ 10ਵੀਂ ਤੇ 12ਵੀਂ ਕਲਾਸ ਦੇ ਉਹਨਾਂ ਵਿਦਿਆਰਥੀਆਂ ਨੂੰ ਸ਼ੁਭ ਇੱਛਾਵਾਂ ਭੇਂਟ ਕੀਤੀਆਂ ਜਿਹਨਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ।
ਇਥੇ ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚਲਾਏ ਜਾ ਰਹੇ ਹਨ ਜਿਸ ਵਿਚ ਵੱਡੀ ਗਿਣਤੀ ਵਿਚ ਇਹਨਾਂ ਦੋਹਾਂ ਕਲਾਸਾਂ ਦੇ ਵਿਦਿਆਰਥੀ ਪੜਦੇ ਹਨ।
ਸ੍ਰੀ ਸਿਰਸਾ ਨੇ ਵਿਦਿਆਰਥੀਆਂ ਨੂੰ ਆਖਿਆ ਕਿ ਉਹ ਆਪਣੇ ਪੇਪਰ ਬਹੁਤ ਹੀ ਧਿਆਨ ਅਤੇ ਸੰਜੀਦਗੀ ਨਾਲ ਅਤੇ ਆਪਣਾ ਟੀਚਾ ਧਿਆਨ ਵਿਚ ਰੱਖਦਿਆਂ ਪੂਰਾ ਕਰਨ। ਉਹਨਾਂ ਕਿਹਾ ਕਿ ਇਹਨਾਂ ਕਲਾਸਾਂ ਦੀਆਂ ਪ੍ਰੀਖਿਆਵਾਂ ਦੀ ਵਿਦਿਆਰਥੀਆਂ ਵਾਸਤੇ ਬਹੁਤ ਜ਼ਿਆਦਾ ਮਹੱਤਤਾ ਹੈ ਕਿਉਂਕਿ ਇਹ ਹੀ ਫੈਸਲਾ ਕਰਨਗੀਆਂ ਕਿ ਉਹਨਾਂ ਦਾ ਭਵਿੱਖ ਕੀ ਹੋਵੇਗਾ ਤੇ ਉਹ ਕਿਹੜਾ ਕੈਰੀਅਰ ਚੁਣਨਗੇ।
ਉਹਨਾਂ ਕਿਹਾ ਕਿ ਭਾਵੇਂ ਉਹਨਾਂ ਦੀ ਕਾਰਗੁਜ਼ਾਰੀ ਇਸ ਗੱਲ ‘ਤੇ ਨਿਰਭਰ ਹੈ ਕਿ ਉਹਨਾਂ ਨੇ ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕੀਤੀ ਪਰ ਉਹਨਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਉਹਨਾਂ ਦਾ ਮੁਕਾਬਲਾ ਉਹਨਾਂ ਦੇ ਆਪਣੇ ਨਾਲ ਹੈ। ਉਹਨਾਂ ਕਿਹਾ ਕਿ ਹੋਰਨਾਂ ਨਾਲ ਮੁਕਾਬਲੇ ਦੀ ਗੱਲ ਮਨ ਵਿਚ ਰੱਖਣ ਦੀ ਥਾਂ ਉਹ ਆਪਣੀ ਕਾਰਗੁਜਾਰੀ ਪਹਿਲਾਂ ਨਾਲੋਂ ਬੇਹਤਰ ਕਰਨ ਵੱਲ ਧਿਆਨ ਦੇਣ। ਉਹਨਾਂ ਨੇ ਕੈਰੀਅਰ ਲਈ ਫੈਸਲਾਕੁੰਨ ਇਹਨਾਂ ਪ੍ਰੀਖਿਆਵਾਂ ਵਾਸਤੇ ਉਹਨਾਂ ਨੂੰ ਸ਼ੁਭ ਇੱਛਾਵਾਂ ਭੇਂਟ ਕੀਤੀਆਂ।

