ਪੰਜਾਬ

ਕੇਜਰੀਵਾਲ ਅਤੇ ਰਾਹੁਲ ਗਾਂਧੀ ਦੇ ਕੂੜ ਪ੍ਰਚਾਰ ਦਾ ਮਜੀਠਾ ਵਾਸੀਆਂ ਨੇ ਦਿੱਤਾ ਮੂੰਹ ਤੋੜਵਾਂ ਜਵਾਬ : ਮਜੀਠੀਆ

ਅੰਮ੍ਰਿਤਸਰ 12 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ – ਭਾਜਪਾ ਦੇ ਜੇਤੂ ਉਮੀਦਵਾਰ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਕ ਨਿਮਾਣੇ ਸਿੱਖ ਵਜੋਂ ਸਰਘੀ ਵੇਲੇ ਆਪਣੇ ਸਾਥੀਆਂ ਨਾਲ ਆਪਣੀ ਸ਼ਾਨਦਾਰ ਇਤਿਹਾਸਕ ਜਿੱਤ ‘ਤੇ ਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

ਇਸ ਮੌਕੇ ਸਚਖੰਡ ਸ੍ਰੀ ਹਰਮਿੰਦਰ ਸਾਹਿਬ ਤੋਂ ਸ: ਮਜੀਠੀਆ ਨੂੰ ਸਿਹਰੇ ਦੀ ਬਖਸ਼ਿਸ਼ ਹੋਈ ਅਤੇ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ।
ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਗੁਰੂ ਦੀ ਮਿਹਰ ਅਤੇ ਬਖਸ਼ਿਸ਼ ਸਦਕਾ ਹਲਕਾ ਮਜੀਠਾ ‘ਚ ਉਹਨਾਂ ਨੂੰ ਲਗਾਤਾਰ ਤੀਜੀ ਵਾਰ ਇਤਿਹਾਸਕ ਅਤੇ ਸ਼ਾਨਦਾਰ ਜਿੱਤ ਨਸੀਬ ਹੋਈ ਹੈ ਜਿਸ ਲਈ ਉਹ ਸ਼ੁਕਰਾਨੇ ਵਜੋਂ ਗੁਰੂ ਘਰ ਨਤਮਸਤਕ ਹੋਣ ਆਏ ਹਨ।
ਉਹਨਾਂ ਕਿਹਾ ਕਿ ਉਹਨਾਂ ਦੇ ਵਿਰੋਧੀਆਂ ਨੇ ਉਹਨਾਂ ਵਿਰੁੱਧ ਹਰ ਤਰਾਂ ਦੀ ਦੂਸ਼ਣਬਾਜ਼ੀ ਅਤੇ ਕੂੜ ਪ੍ਰਚਾਰ ਕੀਤਾ ਪਰ ਲੋਕ ਸਭ ਜਾਣ ਦੇ ਹਨ ਜਿਨ੍ਹਾਂ ਕੇਜਰੀਵਾਲ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਾ ਕੇ ਕਰਾਰਾ ਜਵਾਬ ਦਿੱਤਾ। ਇਸੇ ਤਰਾਂ ਮਜੀਠੇ ਤੋਂ ਚੋਣ ਮੁਹਿੰਮ ਸ਼ੁਰੂ ਕਰਨ ਆਏ ਰਾਹੁਲ ਗਾਂਧੀ ਨੂੰ ਹੀ ਮਜੀਠਾ ਵਾਸੀਆਂ ਨੇ ਹੀ ਮੂੰਹ ਤੋੜਵਾਂ ਜਵਾਬ ਦਿੱਤਾ ਹੈ।
ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਗੱਠਜੋੜ ਨੂੰ 10 ਸਾਲ ਸੇਵਾ ਦਾ ਮੌਕਾ ਦਿੱਤਾ ਅਤੇ ਉਹਨਾਂ ਨੂੰ ਪੰਜਾਬ ਦੇ ਵਿਕਾਸ ਲਈ ਬਾਦਲ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਅਤੇ ਪ੍ਰਾਪਤੀਆਂ ‘ਤੇ ਪੂਰੀ ਤਸੱਲੀ ਹੈ। ਉਹਨਾਂ ਕਿਹਾ ਕਿ ਗੱਠਜੋੜ ਦੀ ਹਾਰ ਲਈ ਕੋਈ ਇੱਕ ਜ਼ਿੰਮੇਵਾਰ ਨਹੀਂ ਹੈ, ਚੋਣ ਮੈਦਾਨ ‘ਚ ਹਾਰ ਜਿੱਤ ਤਾਂ ਹੁੰਦੀ ਹੀ ਹੈ।ਉਹਨਾਂ ਕਿਹਾ ਕਿ ਜੋ ਵੀ ਕਮੀਆਂ ਪੇਸ਼ੀਆਂ ਰਹਿ ਗਈਆਂ ਹਨ ਉਹਨਾਂ ਦੀ ਪੜਚੋਲ ਕਰ ਕੇ ਸੁਧਾਰਿਆ ਜਾਵੇਗਾ। ਉਹਨਾਂ ਕਿਹਾ ਕਿ ਪ੍ਰਾਪਤ ਵੋਟਾਂ ਦੀ ਗਲ ਕਰੀਏ ਤਾਂ ਕਾਂਗਰਸ ਨੂੰ 38 ਫੀਸਦੀ ਮਿਲੀ ਅਤੇ ਗੱਠਜੋੜ ਨੂੰ 31 ਫੀਸਦੀ ਵੋਟਾਂ ਨਾਲ ਵੱਡੀ ਗਿਣਤੀ ਲੋਕਾਂ ਦੀ ਹਮਾਇਤ ਹਾਸਲ ਰਿਹਾ। ਬੇਸ਼ਕ ਗੱਠਜੋੜ ਇਸ ਨੂੰ ਸੀਟਾਂ ਵਿੱਚ ਬਦਲਣ ‘ਚ ਨਾ ਕਾਮ ਰਿਹਾ।ਜਦ ਕਿ ਆਪ ਨੂੰ 23 ਫੀਸਦੀ ਹੀ ਵੋਟ ਮਿਲੀ ਹੈ। ਉਹਨਾਂ ਕਿਹਾ ਕਿ ਪਾਰਟੀ ਨੇ ਲੋਕ ਫਤਵੇ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਹੈ ਅਤੇ ਪਾਰਟੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿਤਾਂ ਲਈ ਜ਼ਿੰਮੇਵਾਰ ਵਿਰੋਧੀ ਪਾਰਟੀ ਦਾ ਰੋਲ ਅਦਾ ਕਰੇਗੀ। ਸ: ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਉਹਨਾਂ ਦੀ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਆਸ ਕੀਤੀ ਕਿ ਕਾਂਗਰਸ ਸਰਕਾਰ ਲੋਕਾਂ ਵੱਲੋਂ ਪ੍ਰਗਟਾਏ ਭਰੋਸੇ ਨੂੰ ਕਾਇਮ ਰੱਖਣ ਲਈ ਰਾਜ ਦੇ ਲੋਕਾਂ ਨੂੰ ਸੁਚੱਜਾ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੇ ਨਾਲ ਨਾਲ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਦਲਿਤ ਭਾਈਚਾਰੇ ਨੂੰ ਸਹੂਲਤਾਂ ਦੇਣ, ਹਰ ਘਰ ਨੂੰ ਸਰਕਾਰੀ ਨੌਕਰੀਆਂ ਦੇਣ, ਸਮਾਟਫੋਨ ਦੇਣ ਆਦਿ ਵਰਗੇ ਕੀਤੇ ਗਏ ਚੋਣ ਵਾਅਦਿਆਂ ਨੂੰ ਜਲਦ ਤੋਂ ਜਲਦ ਪੂਰਾ ਕਰੇਗੀ।
ਇਸ ਮੌਕੇ ਰਾਜ ਮਹਿੰਦਰ ਸਿੰਘ ਮਜੀਠਾ, ਸ: ਤਲਬੀਰ ਸਿੰਘ ਗਿੱਲ, ਰਣਜੀਤ ਸਿੰਘ ਵਰਿਆਮ ਨੰਗਲ, ਪ੍ਰੋ: ਸਰਚਾਂਦ ਸਿੰਘ, ਮੈਨੇਜਰ ਸ: ਗੁਰਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ,ਸੂਚਨਾ ਅਧਿਕਾਰੀ ਹਰਪ੍ਰੀਤ ਸਿੰਘ, ਐਡੀਸ਼ਨ ਮੈਨੇਜਰ ਸੁਖਬੀਰ ਸਿੰਘ ਅਤੇ ਬਘੇਲ ਸਿੰਘ ਵੱਲੋਂ ਰਾਕੇਸ਼ ਪ੍ਰਾਸ਼ਰ, ਗੁਰਸ਼ਰਨ ਛੀਨਾ, ਗਗਨਦੀਪ ਭਕਨਾ,ਸਰਬਜੀਤ ਸਿੰਘ ਸਪਾਰੀਵਿੰਡ, ਸੁਖਵਿੰਦਰ ਸਿੰਘ ਗੋਲਡੀ,ਮਨਪ੍ਰੀਤ ਸਿੰਘ ਉੱਪਲ, ਜਥੇਦਾਰ ਮਨਜੀਤ ਸਿੰਘ ਹਮਜ਼ਾ, ਰੇਸ਼ਮ ਸਿੰਘ ਭੁੱਲਰ ਆਦਿ ਆਗੂ ਮੌਜੂਦ ਸਨ।

Leave a Reply

Your email address will not be published. Required fields are marked *