ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਡਾ. ਜਸਪਾਲ ਸਿੰਘ ਚੁੱਪ-ਚੁਪੀਤੇ ਦੇ ਆਏ ਅਸਤੀਫਾ

ਪਟਿਆਲਾ 15 ਮਾਰਚ (ਕੰਵਰ ਬੇਦੀ) ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਬਾਅਦ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਜਲਦ ਹੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਅਸਤੀਫਾ ਦੇ ਦੇਣਗੇ, ਕਿਉਂਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਅਸਟੈਂਕਸ਼ਨ ‘ਤੇ ਸਨ।

ਕਿਆਸਰਾਈਆਂ ਦੇ ਚੱਲਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਨਾਲ ਚੁੱਪ-ਚੁਪੀਤੇ ਮੁਲਾਕਾਤ ਕਰਕੇ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਡਾ. ਜਸਪਾਲ ਸਿੰਘ ਨੇ ਖ਼ੁਦ ਅਸਤੀਫਾ ਦੇਣ ਤੋਂ ਬਾਅਦ ਦਿੱਤੀ।
ਅਕਾਲੀ-ਭਾਜਪਾ ਗੱਠਜੋੜ ਕਾਰਜਕਾਲ ਦੌਰਾਨ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਬਿਨਾਂ ਵਿਵਾਦਾਂ ਤੋਂ ਅਹੁਦੇ ‘ਤੇ ਬਣੇ ਰਹੇ, ਜਦਕਿ ਇਸ ਤੋਂ ਪਹਿਲਾਂ ਯੂਨੀਵਰਸਿਟੀ ‘ਚ ਵਾਈਸ ਚਾਂਸਲਰ ਰਹੇ ਡਾ. ਆਹਲੂਵਾਲੀਆ, ਡਾ. ਜੋਗਿੰਦਰ ਸਿੰਘ ਪੁਆਰ ਅਤੇ ਸਵਰਣ ਸਿੰਘ ਬੋਪਰਾਏ ਵਿਵਾਦਾਂ ‘ਚ ਰਹੇ। ਡਾ. ਜਸਪਾਲ ਸਿੰਘ ਨੂੰ ਵਾਈਸ ਚਾਂਸਲਰ ਦੇ ਅਹੁਦੇ ‘ਤੇ ਸਭ ਤੋਂ ਲੰਮਾ ਸਮਾਂ ਬਣੇ ਰਹਿਣ ਦਾ ਮਾਣ ਹਾਸਲ ਹੈ। ਡਾ. ਜਸਪਾਲ ਸਿੰਘ ਦੇ ਵੀ.ਸੀ. ਹੁੰਦਿਆਂ ਪੰਜਾਬੀ ਯੂਨੀਵਰਸਿਟੀ ਨੂੰ ਕਈ ਮਾਣਮੱਤੇ ਸਨਮਾਨ ਪ੍ਰਾਪਤ ਹੋਏ ਹਨ, ਜਿਨਾਂ ‘ਚ ਮਾਕਾ ਟਰਾਫੀ ਤੋਂ ਇਲਾਵਾ ਨੈਕ ‘ਚ ਏ ਗਰੇਡ ਵੀ ਹਾਸਲ ਹੋਇਆ।
ਜ਼ਿਕਰਯੋਗ ਹੈ ਕਿ ਡਾ. ਜਸਪਾਲ ਸਿੰਘ ਨੇ ਉਸ ਸਮੇਂ ਅਸਤੀਫਾ ਦਿੱਤਾ, ਜਦੋਂ ਯੂਨੀਵਰਸਿਟੀ ‘ਚ ਵੱਖ-ਵੱਖ ਅਧਿਆਪਕ ਜਥੇਬੰਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ। ਐਡਹਾਕ ਕਮੇਟੀ ਵੱਲੋਂ ਅਣਮਿੱਥੇ ਸਮੇਂ ਲਈ ਰਿਟਾਇਰੀ ਮੁਲਾਜ਼ਮਾਂ ਖਿਲਾਫ਼ ਸੰਘਰਸ਼ ਵਿੱਢਿਆ ਹੈ, ਜਿਨਾਂ ਦੀ ਮੰਗ ਹੈ ਕਿ ਵਾਈਸ ਚਾਂਸਲਰ ਡਾ. ਜਸਪਾਲ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ‘ਚ ਕੀਤੇ ਗਏ ਘਪਲਿਆਂ ਦੀ ਜਾਂਚ ਕੀਤੀ ਜਾਵੇ, ਰਿਟਾਇਰੀ ਮੁਲਾਜ਼ਮਾਂ ਨੂੰ ਹਟਾਇਆ ਜਾਵੇ ਅਤੇ ਵੱਖ-ਵੱਖ ਵਿਭਾਗਾਂ ‘ਚ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਮੁਲਾਜ਼ਮਾਂ ਤੋਂ ਕੰਮ ਲੈਣਾ ਬੰਦ ਕੀਤਾ ਜਾਵੇ। ਕਮੇਟੀ ਦੇ ਆਗੂ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਅਤੇ ਰਜਿਸਟਰਾਰ ਦੇ ਅਸਤੀਫਾ ਦੀ ਵੀ ਮੰਗ ਕਰ ਰਹੇ ਸਨ।

Leave a Reply

Your email address will not be published. Required fields are marked *