ਸੰਤ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੇਵਾ ਸੁਸਾਇਟੀ ਦਾ ਸਾਲਾਨਾ ਕੈਲੰਡਰ ਪ੍ਰੋ. ਬਡੂੰਗਰ ਨੇ ਕੀਤਾ ਲੋਕ ਅਰਪਣ
ਸੁਸਾਇਟੀ ਨੇ ਜਨਮ ਦਿਹਾੜੇ ਮੌਕੇ 25 ਮਾਰਚ ਨੂੰ ਛੁੱਟੀ ਦੇ ਐਲਾਨ ਦੀ ਸਰਕਾਰ ਤੋਂ ਕੀਤੀ ਮੰਗ
ਪਟਿਆਲਾ 17 ਮਾਰਚ (ਕੰਵਰ ਬੇਦੀ)
ਸੇਵਾ ਦੇ ਪੁੰਜ ਸੰਤ ਬਾਬਾ ਨਿਧਾਨ ਸਿੰਘ ਹਜੂਰ ਸਾਹਿਬ ਵਾਲਿਆਂ ਦੀ ਯਾਦ ਨੂੰ ਸ਼੍ਰੋਮਣੀ ਕਮੇਟੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਮਨਾਉਣ ਦਾ ਐਲਾਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬਾਬਾ ਨਿਧਾਨ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲੰਗਰ ਪ੍ਰਥਾ ਨੂੰ ਪ੍ਰਫੁਲਿਤ ਕਰਨ ਲਈ ਵਡਮੁੱਲਾ ਯੋਗਦਾਨ ਪਾਇਆ। ਅਜਿਹੇ ਪੰਥਕ ਕਾਰਜ ਵਾਲੇ ਗੁਰਸਿੱਖਾਂ ਦੀ ਯਾਦ ਨੂੰ ਸ਼੍ਰੋਮਣੀ ਕਮੇਟੀ ਹਰ ਸਾਲ ਮਨਾਇਆ ਕਰੇਗੀ।
ਉਹ ਅੱਜ ਪਟਿਆਲਾ ਵਿਖੇ ਸੰਤ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੇਵਾ ਸੁਸਾਇਟੀ ਵੱਲੋਂ ਤਿਆਰ ਕਰਵਾਏ ਸਾਲਾਨਾ ਕੈਲੰਡਰ ਨੂੰ ਲੋਕ ਅਰਪਨ ਕਰ ਰਹੇ ਸਨ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਡਾ. ਪਰਮਜੀਤ ਸਿੰਘ ਸਰੋਆ ਨੇ ਦੱਸਿਆ ਕਿ ਬਾਬਾ ਜੀ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਜੀ ਅਤੇ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ (ਹੁਸ਼ਿਆਰਪੁਰ) ਵਿਖੇ 19 ਤੋਂ 25 ਮਾਰਚ ਤੱਕ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ 19 ਮਾਰਚ ਦਿਨ ਐਤਵਾਰ ਨੂੰ ਸਵੇਰੇ ਗੁਰਦੁਆਰਾ ਸਾਹਿਬ ਨਡਾਲੋਂ ਤੋਂ ਅਰੰਭ ਹੋਕੇ ਪੰਜੋੜ, ਪੰਡੋਰੀ ਗੰਗਾ ਸਿੰਘ, ਮਖਸੂਸਪੁਰ, ਈਸਪੁਰ, ਚੇਲਾ, ਦਾਤਾ, ਕਾਲੂਪੁਰ, ਮੰਨਣਹਾਨਾ, ਪਚਨੰਗਲਾਂ, ਖੁਸ਼ਹਾਲਪੁਰ, ਭਗਤੂਪੁਰ, ਖੇਰੜ, ਸਰਹਾਲਾ, ਗੋਪਾਲੀਆਂ, ਭਾਮ, ਠੱਕਰਵਾਲ, ਧੱਪੜਾਂ, ਰਹੱਲੀ, ਬਡੋਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਪਹੁੰਚੇਗਾ।
ਉਹਨਾਂ ਦੱਸਿਆ ਕਿ ਗੁਰਮਤਿ ਸਮਾਗਮ 25 ਮਾਰਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਡਾ. ਸਰੋਆ ਨੇ ਦੱਸਿਆ ਕਿ ਸੰਤ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੇਵਾ ਸੁਸਾਇਟੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਸਮੇਂ 25 ਮਾਰਚ ਨੂੰ ਹਰ ਸਾਲ ਛੁੱਟੀ ਕੀਤੀ ਜਾਇਆ ਕਰੇ।
ਕੈਲੰਡਰ ਰਿਲੀਜ਼ ਕਰਨ ਮੌਕੇ ਡਾ. ਪਰਮਜੀਤ ਸਿੰਘ ਸਰੋਆ, ਕੁਲਜੀਤ ਸਿੰਘ ਮੱਲੀ, ਗੁਰਜੀਤ ਸਿੰਘ ਸਰਪੰਚ, ਹਰਵਿੰਦਰ ਸਿੰਘ ਨਾਭਾ, ਮਾਸਟਰ ਅਜਮੇਰ ਸਿੰਘ ਨਾਭਾ, ਮਹਿੰਦਰ ਸਿੰਘ ਸਰਪੰਚ, ਜਥੇਦਾਰ ਗੁਰਲਾਲ ਸਿੰਘ ਨਲੀਨੀ, ਕਿਰਪਾ ਸਿੰਘ, ਹਰਭਜਨ ਸਿੰਘ ਕਰਹਾਲੀ, ਜਸਵਿੰਦਰ ਸਿੰਘ ਪੰਜੇਟਾ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ ਕਰਹਾਲੀ, ਧਰਮਿੰਦਰ ਸਿੰਘ ਠਾਕਰਗੜ੍ਹ ਤੋਂ ਇਲਾਵਾ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ।

