ਪਟਿਆਲਾ

“ਇੰਪੈਕਟ ਆਫ ਗੁਰੂ ਗੋਬਿੰਦ ਸਿੰਘ ਆਨ ਦਾ ਪਲੂਰੈਲਿਸਟਿਕ ਸੁਸਾਇਟੀ“ ਵਿਸ਼ੇ ਤੇ ਤਿੰਨ ਰੋਜ਼ਾ 49ਵੀਂ ਪੰਜਾਬ ਇਤਿਹਾਸ ਕਾਨਫਰੰਸ

ਇਤਿਇਤਿਹਾਸਕ ਸਰੋਤਾਂ ਨੂੰ ਭੁੱਲਦੇ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ : ਡਾ. ਦੇਵਿੰਦਰ ਸਿੰਘ
ਪਟਿਆਲਾ, 17 ਮਾਰਚ (ਕੰਵਰ ਬੇਦੀ)
ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ “ਇੰਪੈਕਟ ਆਫ ਗੁਰੂ ਗੋਬਿੰਦ ਸਿੰਘ ਆਨ ਦਾ ਪਲੂਰੈਲਿਸਟਿਕ ਸੁਸਾਇਟੀ” ਵਿਸ਼ੇ ਤੇ ਤਿੰਨ ਰੋਜ਼ਾ 49ਵੀਂ ਪੰਜਾਬ ਇਤਿਹਾਸ ਕਾਨਫਰੰਸ ਅੱਜ ਇਥੇ ਸੈਨੇਟ ਹਾਲ ਵਿਖੇ ਆਰੰਭ ਹੋਈ, ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ ਨੇ ਕੀਤੀ। ਡਾ. ਰਘੁਵੇਂਦਰ ਤਨਵਰ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਨੇ ਕੁੰਜੀਵਤ ਭਾਸ਼ਣ ਪੇਸ਼ ਕੀਤਾ।

ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਦੇਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਇਤਿਹਾਸ ਤੋਂ ਕੁੱਝ ਨਾ ਕੁੱਝ ਸਬਕ ਲੈਣਾ ਚਾਹੀਦਾ ਹੈ ਪਰੰਤੂ ਅਸੀਂ ਆਪਣੇ ਇਤਿਹਾਸਕ ਸਰੋਤਾਂ ਨੂੰ ਭੁੱਲਦੇ ਜਾ ਰਹੇ ਹਾਂ। ਇਸ ਮੌਕੇ ਤੇ ਡਾ. ਦੇਵਿੰਦਰ ਸਿੰਘ ਵਲੋਂ ਆਏ ਮਹਿਮਾਨਾਂ ਅਤੇ ਵੱਖ-ਵੱਖ ਸੈਸ਼ਨਾਂ ਦੇ ਸੈਕਸ਼ਨਲ ਪ੍ਰਧਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ।
“ਜੰਮੂ ਕਸ਼ਮੀਰ 1947-1953 ਐਨ ਆਲਟਰਨੇਟ : ਰਿਵਿਊ ਆਫ ਓਵਰ ਸਾਈਟਡ ਕੰਨਟੈਂਪਰੇਰੀ ਰਾਈਟਿੰਗਸ ਐਂਡ ਓਪੀਨੀਅਨਸ“ ਵਿਸ਼ੇ ਤੇ ਕੁੰਜੀਵਤ ਭਾਸ਼ਣ ਦਿੰਦਿਆਂ ਡਾ. ਰਘੁਵੇਂਦਰ ਤਨਵਰ ਨੇ ਕਿਹਾ ਕਿ ਬਟਵਾਰੇ ਨਾਲ ਸੰਬੰਧਤ ਹੋਈਆਂ ਖੋਜਾਂ ਵਿੱਚ ਬੁੱਕਲੈਟਸ, ਪੈਂਫਲੇਟਸ, ਮੈਗਜ਼ੀਨਾਂ ਅਤੇ ਅਖਬਾਰਾਂ ਦੇ ਰੂਪ ਵਿੱਚ ਪਈਆਂ ਸਮਕਾਲੀਨ ਲਿਖਤਾਂ ਨੂੰ ਅਣਗੋਲਿਆਂ ਕੀਤਾ ਗਿਆ ਹੈ। ਕਸ਼ਮੀਰ ਦੇ ਮੁੱਦੇ ਨੂੰ ਵੱਖ-ਵੱਖ ਪਹਿਲੂਆਂ ਤੋਂ ਦੇਖਦਿਆਂ ਉਨ੍ਹਾਂ ਕਿਹਾ ਕਿ ਅਲੱਗ-ਅਲੱਗ ਬਿਰਤਾਂਤਾਂ ਵਿੱਚ 1947 ਤੋਂ 1953 ਦੇ ਕਸ਼ਮੀਰ ਵਿੱਚ ਰਾਜ ਦੇ ਜ਼ਿਆਦਾਤਰ ਲੋਕਾਂ ਦੇ ਮਨਾਂ ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਤੋਂ ਕਸ਼ਮੀਰ ਦੀ ਅਲਹਿਦਗੀ ਦਾ ਵਿਚਾਰ ਹੋਂਦ ਵਿੱਚ ਨਹੀਂ ਸੀ ਆਇਆ। ਇਸ ਦੇ ਉਲਟ ਪ੍ਰਭਾਵਸ਼ਾਲੀ ਉੱਚ ਵਰਗ ਦੇ ਲੋਕਾਂ ਨੇ ਇਸ ਵਿਚਾਰਧਾਰਾ ਦੇ ਵਿੱਚ ਆਪਣੇ ਭਵਿੱਖ ਨੂੰ ਵੇਖਿਆ।
ਪ੍ਰੋ. ਤਨਵਰ ਨੇ ਦੱਸਿਆ ਕਿ ਬਟਵਾਰੇ ਨਾਲ ਸੰਬੰਧਿਤ ਅੱਖੋਂ ਪਰੋਖੇ ਕੀਤੇ ਗਏ ਇਹ ਸਰੋਤ ਸਾਨੂੰ ਆਮ ਆਦਮੀ ਦੀ ਉਨ੍ਹਾਂ ਹਾਲਾਤਾਂ ਸੰਬੰਧੀ ਪਣਪ ਰਹੀ ਸੋਚ ਬਾਰੇ ਸਪਸ਼ਟ ਜਾਣਕਾਰੀ ਪ੍ਰਾਪਤ ਕਰਵਾ ਸਕਦੇ ਹਨ। ਖੋਜ ਕਰਤਾਵਾਂ ਨੂੰ ਇਨ੍ਹਾਂ ਸਰੋਤਾਂ ਦੀ ਵਰਤੋਂ ਕਰਨ ਦੀ ਸਲਾਹ ਦਿੰਦਿਆਂ ਡਾ. ਤਨਵਰ ਨੇ ਕਿਹਾ ਕਿ ਇਸ ਨਾਲ ਖੋਜ ਕਰਨ ਵਿੱਚ ਨਿਵੇਕਲੀ ਤਰ੍ਹਾਂ ਦੇ ਸਿੱਟਿਆਂ ਉੱਪਰ ਪਹੁੰਚਣ ਵਿੱਚ ਮਦਦ ਮਿਲੇਗੀ।
ਇਸ ਤੋਂ ਪਹਿਲਾਂ ਵਿਭਾਗ ਦੀ ਮੁਖੀ ਡਾ. ਬਲਵਿੰਦਰਜੀਤ ਕੌਰ ਭੱਟੀ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਾਨਫਰੰਸ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਵਿਭਾਗ ਦੀਆਂ ਪ੍ਰਕਾਸ਼ਨਾਵਾਂ “ਪੰਜਾਬ ਇਤਿਹਾਸ ਕਾਨਫਰੰਸ ਦੇ 48ਵੇਂ ਸੈਸ਼ਨ ਦੀਆਂ ਪ੍ਰੋਸੀਡਿੰਗਜ਼, “ਦੀ ਪੰਜਾਬ ਪਾਸਟ ਐਂਡ ਪਰੈਜ਼ੈਂਟ” ਜਰਨਲ ਦੇ ਦੋ ਅੰਕ ਅਤੇ ਪਿਛਲੇ ਸਾਲ ਦੇ ਸੈਸ਼ਨ ਦਾ ਸੀਤਾ ਰਾਮ ਕੋਹਲੀ ਮੈਮੋਰੀਅਲ ਲੈਕਚਰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਡਾ. ਜਸਪਾਲ ਕੌਰ ਨੇ ਆਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਸਾਂਝੇ ਕੀਤੇ। ਬਾਅਦ ਦੁਪਹਿਰ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਡਾ. ਸ਼ਿਰੀਨ ਮੂਸਵੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ ਵਲੋਂ “ਪੰਜਾਬਜ਼ ਐਕਸਪੀਰੀਐਂਸਿਜ਼ ਵਿਦ ਮਲਟੀਪਲੀਸਿਟੀ ਥਰੂ ਏਜਿਜ਼“ ਵਿਸ਼ੇ ਤੇ ਪ੍ਰੋ. ਸੀਤਾ ਰਾਮ ਕੋਹਲੀ ਮੈਮੋਰੀਅਲ ਲੈਕਚਰ ਵੀ ਪੇਸ਼ ਕੀਤਾ ਗਿਆ। ਇਸ ਕਾਨਫਰੰਸ ਵਿੱਚ ਭਾਰਤ ਦੇ ਵੱਖ-ਵੱਖ ਭਾਗਾਂ ਅਤੇ ਵਿਦੇਸ਼ ਤੋਂ 200 ਤੋਂ ਵੱਧ ਡੈਲੀਗੇਟ ਸ਼ਿਰਕਤ ਕਰ ਰਹੇ ਹਨ।

Leave a Reply

Your email address will not be published. Required fields are marked *