ਮੁੱਖ ਮੰਤਰੀ ਨੇ 23 ਮਾਰਚ ਨੂੰ ਰਾਜ ਪੱਧਰੀ ਸ਼ਹੀਦੀ ਦਿਵਸ ਮੌਕੇ ਸ਼ਾਮਲ ਹੋਣ ਲਈ ਦੋ ਕੈਬਨਿਟ ਮੰਤਰੀਆਂ ਦੀ ਡਿਊਟੀ ਲਾਈ
ਚੰਡੀਗੜ੍ਹ, 21 ਮਾਰਚ (ਮਧੂਸਾਰ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਦਿੱਲੀ ਵਿਖੇ ਕੁਝ ਮਹੱਤਵਪੂਰਨ ਉਚ ਪੱਧਰੀ ਮੀਟਿੰਗਾਂ ਹੋਣ ਕਰਕੇ ਵੀਰਵਾਰ ਨੂੰ ਰਾਜ ਪੱਧਰੀ ਸ਼ਹੀਦੀ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਲਈ ਆਪਣੇ ਦੋ ਕੈਬਨਿਟ ਸਾਥੀਆਂ ਦੀ ਡਿਊਟੀ ਲਾਈ ਹੈ।
ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਕ੍ਰਮਵਾਰ ਹੁਸੈਨੀਵਾਲਾ (ਫਿਰੋਜ਼ਪੁਰ) ਅਤੇ ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਰਾਜ ਸਰਕਾਰ ਦੀ ਨੁਮਾਇੰਦਗੀ ਕਰਨਗੇ ਅਤੇ ਮਹਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਨਗੇ।
ਇਕ ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਆਪਣੇ ਅਗਾਊਂ ਰੁਝੇਵਿਆਂ ਕਾਰਨ ਇਸ ਮੌਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਨ੍ਹਾਂ ਸ਼ਹੀਦੀ ਸਮਾਰੋਹਾਂ ਵਿੱਚ ਨਾ ਪਹੁੰਚ ਸਕਣ ਲਈ ਅਫ਼ਸੋਸ ਜ਼ਾਹਰ ਕੀਤਾ ਹੈ ਜਿਨ੍ਹਾਂ ਨੇ ਮਾਂ ਭੂਮੀ ਵਾਸਤੇ ਵਡਮੁੱਲੀਆਂ ਕੁਰਬਾਨੀਆਂ ਦਿੱਤੀਆਂ ਹਨ।
ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਸ਼ਹੀਦਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਦਿੱਤੇ ਮਹਾਨ ਯੋਗਦਾਨ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੰਦੀ ਹੈ ਅਤੇ ਉਹ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਰੱਖ-ਰਖਾਅ ਨੂੰ ਯਕੀਨੀ ਬਨਾਉਣ ਤੋਂ ਇਲਾਵਾ ਇਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੀ ਵਿਕਸਤ ਕਰੇਗੀ।

