ਪੰਜਾਬਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਮਨਾਇਆ ਗਿਆ ‘ਸਿੱਖ ਵਾਤਾਵਰਣ ਦਿਵਸ’

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਜੀ ਦੇ ਆਦੇਸ਼ਾਂ ਅਨੁਸਾਰ ਅੱਜ ਖ਼ਾਲਸਾ ਕਾਲਜ ਪਟਿਆਲਾ ਵਿਖੇ ਪੋਸਟ ਗ੍ਰੇਜੂਏਟ ਖੇਤੀਬਾੜੀ ਵਿਭਾਗ ਵਲੋਂ ‘ਸਿੱਖ ਵਾਤਾਵਰਣ ਦਿਵਸ’ ਮਨਾਇਆ ਗਿਆ।

ਇਸ ਮੌਕੇ ‘ਤੇ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ‘ਸਿੱਖ ਵਾਤਾਵਰਣ ਦਿਵਸ’ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਿਰਤੀ ਪ੍ਰੇਮ ਨੂੰ ਸਮਰਪਿਤ ਜੀਵਨ ਤੋਂ ਪ੍ਰੇਰਿਤ ਇਕ ਕੌਮਾਂਤਰੀ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾਂ ਨੂੰ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਿਤੁ ।।’ ਦਾ ਮੁਬਾਰਕ ਸੰਦੇਸ਼ ਦੇ ਕੇ ਵਾਤਾਵਰਣ ਦੀ ਸ਼ੁਧਤਾ ਸਬੰਧੀ ਸੁਚੇਤ ਕੀਤਾ। ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਇਸ ਅਦੁੱਤੀ ਸਿਧਾਂਤ ਨੂੰ ਪ੍ਰਫੁਲਿਤ ਕਰਨ ਲਈ ਵਾਤਾਵਰਣ ਦੀ ਸ਼ੁਧਤਾ ਅਤੇ ਸਰੀਰਕ ਦੁੱਖਾਂ ਰੋਗਾਂ ਦੇ ਇਲਾਜ ਲਈ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਉਤੇ ਬੇਸ਼ਕੀਮਤੀ ਜੜ੍ਹੀਆਂ ਬੂਟੀਆਂ ਦਾ ਬਾਗ ਲਗਵਾਇਆ ਸੀ।
ਇਸ ਮੌਕੇ ‘ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੁਆਲੋਜੀ ਅਤੇ ਇਨਵਾਇਰਮੈਂਟ ਸਾਇੰਸ ਵਿਭਾਗ ਦੇ ਪ੍ਰੋਫੈਸਰ ਡਾ. ਜਗਬੀਰ ਸਿੰਘ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਪੰਜਾਬ ਵਿਚ ਫਸਲ ਵਿਭਿੰਨਤਾ ਨੂੰ ਨਾ ਅਪਣਾਉਣ, ਅੰਨ੍ਹੇਵਾਹ ਰੁੱਖਾਂ ਦੀ ਕਟਾਈ ਅਤੇ ਪਾਣੀ ਦੇ ਡਿਗਦੇ ਹੋਏ ਪੱਧਰ ਕਰਕੇ ਵਾਤਾਵਰਣ ਵਿਚ ਵਿਗਾੜ ਪੈਦਾ ਹੋ ਰਿਹਾ ਹੈ। ਡਾ. ਜਗਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ, ਪਾਣੀ ਦੀ ਸਹੀ ਵਰਤੋਂ ਕਰਨ ਅਤੇ ਖੇਤੀਬਾੜ੍ਹੀ ਵਿਚ ਖਾਦਾਂ ਦੀ ਸਹੀ ਵਰਤੋਂ ਕਰਨ ਵਾਸਤੇ ਪ੍ਰੇਰਿਤ ਕੀਤਾ।
ਇਸ ਮੌਕੇ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਮੌਸਮ ਵਿਭਾਗ ਵੱਲੋਂ ਸਪਾਂਸਰਡ ਰਾਸ਼ਟਰੀ ਵਾਤਾਵਰਣ ਚੇਤਨਤਾ ਮੁਹਿੰਮ (ਐਨ.ਈ.ਏ.ਸੀ) ਤਹਿਤ ਭੂਮੀ ਵਿੱਚ ਰੇਤਲੇਪਨ ਦੇ ਵੱਧਣ, ਉਪਜਾਊ ਸ਼ਕਤੀ ਦੇ ਘੱਟਣ ਅਤੇ ਸੋਕਾ ਵਿਸ਼ੇ ‘ਤੇ ਇੱਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ ਪ੍ਰੋ. ਜਗਬੀਰ ਸਿੰਘ, ਜ਼ੁਆਲੌਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਬਤੌਰ ਵਿਸ਼ਾ ਮਾਹਿਰ ਸ਼ਿਰਕਤ ਕੀਤੀ।
ਇਸ ਮੌਕੇ ‘ਤੇ ਕਾਲਜ ਦੇ ਪੋਸਟ ਗ੍ਰੇਜੂਏਟ ਖੇਤੀਬਾੜੀ ਵਿਭਾਗ ਦੇ ਮੁੱਖੀ ਅਤੇ ਵਰਕਸ਼ਾਪ ਦੇ ਕੋਆਡੀਨੇਟਰ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਨੇ ਸਮਾਗਮ ਵਿਚ ਮੌਜੂਦ ਸਮੂਹ ਵਿਦਿਆਰਥੀਆਂ ਨੂੰ ਆਪਣੇ ਜੀਵਨ ਕਾਲ ਵਿਚ ਘੱਟੋ ਘੱਟ ਸੱਤ ਦਰੱਖਤ ਲਗਾਉਣ ਅਤੇ ਉਹਨਾਂ ਦਾ ਪਾਲਣ ਪੋਸ਼ਣ ਕਰਨ ਦੀ ਸਹੁੰ ਚੁਕਾਈ। ਪ੍ਰੋ. ਧਾਲੀਵਾਲ ਨੇ ਕਿਹਾ ਕਿ ਫ਼ਸਲੀ ਵਿਭਿੰਨਤਾ ਅਤੇ ਲੈਂਡ ਮੈਨੇਜਮੈਂਟ ਕਰਕੇ ਮਿੱਟੀ ਦੇ ਖੁਰਣ ਨੂੰ ਰੋਕਿਆ ਜਾ ਸਕਦਾ ਹੈ। ਵਰਕਸ਼ਾਪ ਦੇ ਸਥਾਨਕ ਸੈਕਟਰੀ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਜ਼ਿਆਦਾ ਮਾਤਰਾ ਵਿੱਚ ਵਰਤਣ ਕਰਕੇ ਪਾਣੀ ਦਾ ਪੱਧਰ ਹਰ ਸਾਲ 90 ਸੈਂਟੀਮੀਟਰ ਹੇਠਾਂ ਜਾ ਰਿਹਾ ਹੈ। ਪੰਜਾਬ ਦੇ 145 ਬਲਾਕਾਂ ਵਿੱਚੋਂ 110 ਬਲਾਕਾਂ ਦੁਆਰਾ ਲੋੜ ਤੋਂ ਵੱਧ ਪਾਣੀ ਵਰਤਣ ਕਰਕੇ ਪਾਣੀ ਹਾਸ਼ੀਏ ਤੋਂ ਹੇਠਾਂ ਵੱਲ ਨੂੰ ਜਾ ਰਿਹਾ ਹੈ।
ਡਾ.ਅਕਸ਼ਿਤਾ ਧਾਲੀਵਾਲ ਨੇ ਪਹੁੰਚੇ ਮਹਿਮਾਨਾਂ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਵਰਕਸ਼ਾਪ ਦੌਰਾਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ‘ਤੇ ਆਈਆਂ ਹੋਈਆਂ ਸਖਸ਼ੀਅਤਾਂ ਅਤੇ ਵਿਦਿਆਰਥੀਆਂ ਦੁਆਰਾ ਹਰਬਲ ਪੌਦੇ ਵੀ ਲਗਾਏ ਗਏ।

Leave a Reply

Your email address will not be published. Required fields are marked *