ਪੰਜਾਬਪਟਿਆਲਾ

ਸਿੰਚਾਈ ਵਿਭਾਗ ਦਾ ਬਿਜਲੀ ਕੁਨੈਕਸ਼ਨ ਕੱਟਿਆ, ਗਰਮੀ ਕਾਰਨ ਮੁਲਾਜ਼ਮਾਂ ‘ਚ ਹਾਹਾਕਾਰ

ਪਟਿਆਲਾ 28 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਸੂਬਾ ਸਰਕਾਰ ਵੱਲੋਂ ਬਜਟ ਨਾ ਭੇਜੇ ਜਾਣ ਕਾਰਨ ਸਿੰਚਾਈ ਵਿਭਾਗ ਪਟਿਆਲਾ ਸਰਕਲ ਦਫਤਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ, ਜਿਸ ਕਾਰਨ ਦਫਤਰ ‘ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਜਿਥੇ ਹਨੇਰੇ ‘ਚ ਫਾਈਲਾਂ ਨਾਲ ਮੱਥਾ ਮਾਰਨਾ ਪੈ ਰਿਹਾ ਹੈ, ਉਥੇ ਗਰਮੀ ਦਾ ਪ੍ਰਕੋਪ ਵੱਧ ਜਾਣ ਕਾਰਨ ਮੁਲਾਜ਼ਮ ਵਿਭਾਗੀ ਕਮਰਿਆਂ ਤੋਂ ਬਾਹਰ ਨਿਕਲ ਕੇ ਕੰਮ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਵਿਭਾਗ ਦੇ ਮੁਲਾਜ਼ਮ ਦਫਤਰ ਦੇ ਵਿਹੜੇ ‘ਚ ਰੱਖੇ ਇਕ ਟੇਬਲ ‘ਤੇ ਫਾਇਲਾਂ ਰੱਖ ਕੇ ਕੰਮ ਕਰਨ ਲਈ ਮਜ਼ਬੂਰ ਹਨ, ਜਿਨਾਂ ਦਾ ਸਰਕਾਰ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦਾ ਬਿੱਲ ਭਰਨ ਨੂੰ ਲੈ ਕੇ ਸਰਕਾਰ ਨੂੰ ਲਿਖ ਕੇ ਭੇਜਿਆ ਜਾ ਚੁੱਕਾ ਹੈ, ਪ੍ਰੰਤੂ ਜਦੋਂ ਤੱਕ ਸਰਕਾਰ ਬਜਟ ਨਹੀਂ ਭੇਜਦੀ, ਉਦੋਂ ਤੱਕ ਉਹ ਬਿਨਾਂ ਬਿਜਲੀ ਤੋਂ ਕੰਮ ਕਰਨ ਲਈ ਮਜ਼ਬੂਰ ਹੋ ਰਹੇ ਹਨ।
ਦਫਤਰ ‘ਚ ਪਿਛਲੇ 10 ਦਿਨਾਂ ਤੋਂ ਬਿਨਾਂ ਬਿਜਲੀ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਬਜਟ ਭੇਜੇ ਤਾਂ ਬਿਜਲੀ ਕੁਨੈਕਸ਼ਨ ਚਾਲੂ ਹੋ ਸਕੇ। ਇਸ ਦੌਰਾਨ ਇਰੀਗ੍ਰੇਸ਼ਨ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਸੂਬਾ ਪ੍ਰਧਾਨ ਖੁਸ਼ਵਿੰਦਰ ਕੁਮਾਰ ਨੇ ਦੱਸਿਆ ਕਿ ਦਫਤਰ ‘ਚ ਬਿਜਲੀ ਕੁਨੈਕਸ਼ਨ ਕੱਟੇ ਜਾਣ ਕਾਰਨ ਮੁਲਾਜ਼ਮਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲ ਚਾਰ ਲੱਖ 50 ਹਜ਼ਾਰ ਰੁਪਏ ਬਿੱਲ ਦੀ ਅਦਾਇਗੀ ਕਰਨ ਵਾਲੀ ਪਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਜਟ ਨਾ ਭੇਜੇ ਜਾਣ ਕਾਰਨ ਮੁਲਾਜ਼ਮ ਪ੍ਰੇਸ਼ਾਨ ਹੋ ਰਹ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬਿੱਲ ਨਾ ਭਰੇ ਜਾਣ ਕਾਰਨ ਵਿਜੀਲੈਂਸ ਦਫਤਰ, ਬੀਐਮਐਲ ਸਰਕਲ, ਦੇਵੀਗੜ੍ਹ ਡਵੀਜ਼ਨ ਦਫਤਰ ਦਾ ਵੀ ਬਿਜਲੀ ਕੁਨੈਕਸ਼ਨ ਕੱਟਿਆ ਜਾ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਬਜਟ ਨੂੰ ਭੇਜੇ ਤਾਂ ਜੋ ਬਿੱਲਾਂ ਦੀ ਅਦਾਇਗੀ ਕਰਕੇ ਬਿਜਲੀ ਕੁਨੈਕਸ਼ਨ ਚਾਲੂ ਕਰਵਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨਿਲ ਕੁਮਾਰ ਸ਼ਰਮਾ, ਬਚਿੱਤਰ ਸਿੰਘ, ਕੁਲਵੰਤ ਸਿੰਘ ਸੈਣੀ, ਅਮਰ ਬਹਾਦਰ ਸਿੰਘ, ਸੁਖਵਿੰਦਰ ਸਿੰਘ, ਜਸਜੀਤ ਕੌਰ ਮੌਜੂਦ ਸਨ।

Leave a Reply

Your email address will not be published. Required fields are marked *