ਪੰਜਾਬਪਟਿਆਲਾ

ਪ੍ਰੀਖਿਆ-2017 : ਬੀ.ਏ. ਭਾਗ ਪਹਿਲਾ, ਦੂਜਾ ਤੇ ਤੀਜਾ ਦੇ ਇਮਤਿਹਾਨ 31 ਨੂੰ, 24 ਸੈਂਟਰ ਬਣਾਏ

ਪ੍ਰੀਖਿਆ ਦੌਰਾਨ ਨਕਲ ਰੋਕਣ ਲਈ ਮੋਬਾਇਲ ਜੈਮਰਾਂ ਦੀ ਹੋਵੇਗੀ ਵਰਤੋਂ: ਕੰਟਰੋਲਰ
ਪਟਿਆਲਾ 28 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵੱਲੋਂ ਸਾਲਾਨਾ 2017 ਦੇ ਇਮਤਿਹਾਨ ਲੈਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਬੀਏ ਭਾਗ ਪਹਿਲਾ, ਦੂਜਾ ਅਤੇ ਤੀਜਾ ਲਈ ਇਮਤਿਹਾਨ 31 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਪ੍ਰੀਖਿਆ ਕੇਂਦਰ ਦੇ ਕੰਟਰੋਲਰ ਡਾ. ਬਲਜੀਤ ਸਿੰਘ ਸਿੱਧੂ ਨੇ ਦਿੱਤੀ।

ਪ੍ਰੀਖਿਆ ਦੇ ਪੁਖਤਾ ਪ੍ਰਬੰਧਾਂ ਨੂੰ ਲੈ ਕੇ ਡਾ. ਸਿੱਧੂ ਨੇ ਦੱਸਿਆ ਕਿ ਪ੍ਰੀਖਿਆ ਦੌਰਾਨ ਨਕਲ ਦੀ ਰੋਕਣ ਅਤੇ ਠੱਲ੍ਹ ਪਾਉਣ ਲਈ ਮੋਬਾਇਲ ਜੈਮਰਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਵੱਲੋਂ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ ਪ੍ਰਬੰਧਕਾਂ ਨੂੰ ਯੂਨੀਵਰਸਿਟੀ ਅਥਾਰਿਟੀ ਵੱਲੋਂ ਜੈਮਰ ਲਗਾਉਣ ਦੇ ਆਦੇਸ਼ ਵੀ ਜਾਰੀ ਕੀਤੇ ਹਨ, ਜੇਕਰ ਕਿਸੇ ਕਾਲਜ ‘ਚ ਜੈਮਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਯੂਨੀਵਰਸਿਟੀ ਵੱਲੋਂ ਸੈਂਟਰ ਰੱਦ ਵੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਮਾਰਚ ਦੇ ਅਖੀਰ ‘ਚ ਸ਼ੁਰੂ ਹੋਣ ਜਾ ਰਹੀ ਪ੍ਰੀਖਿਆ ਦੇ ਲਈ 24 ਸੈਂਟਰ ਬਣਾਏ ਗਏ ਹਨ ਅਤੇ ਇਸ ਵਾਰ ਇਮਤਿਹਾਨਾਂ ‘ਚ 20 ਹਜ਼ਾਰ ਦੇ ਕਰੀਬ ਵਿਦਿਆਰਥੀ ਪੇਪਰ ਦੇਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਬਣਾਏ ਗਏ ਕੇਂਦਰਾਂ ‘ਚ 450 ਦੇ ਕਰੀਬ ਅਧਿਕਾਰੀ ਤਾਇਨਾਤ ਕੀਤੇ ਜਾਣਗੇ ਅਤੇ ਇਕ ਪ੍ਰੀਖਿਆ ਕੇਂਦਰ ਵਿਚ 300 ਵਿਦਿਆਰਥੀਆਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਹੈ। ਡਾ. ਸਿੱਧੂ ਨੇ ਦੱਸਿਆ ਕਿ ਪ੍ਰੀਖਿਆਵਾਂ ਨੂੰ ਲੈ ਕੇ ਸਾਰੇ ਪ੍ਰਬੰਧ ਕਰ ਲਏ ਗਏ ਹਨ।
ਡਾ. ਸਿੱਧੂ ਨੇ ਦੱਸਿਆ ਕਿ ਪ੍ਰੀਖਿਆ ਦੌਰਾਨ ਨਕਲ ਨੂੰ ਰੋਕਣ ਲਈ ਇਸ ਵਾਰ ਯੂਨੀਵਰਸਿਟੀ ਅਥਾਰਿਟੀ ਵੱਲੋਂ 20 ਤੋਂ ਜ਼ਿਆਦਾ ਉਡਣ ਦਸਤੇ ਟੀਮਾਂ ਬਣਾਈਆਂ ਗਈਆਂ ਹਨ ਤਾਂ ਜੋ ਪ੍ਰੀਖਿਆ ਕੇਂਦਰ ‘ਚ ਛਾਪੇਮਾਰੀ ਕਰਕੇ ਨਕਲ ਕਰਨ ਵਾਲੇ ਵਿਦਿਆਰਥੀਆਂ ‘ਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਨਕਲ ਕੇਸ ਸਾਹਮਣੇ ਆਉਣ ‘ਤੇ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਕੇਸਾਂ ਦਾ ਨਿਪਟਾਰਾ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਦੇ ਬਾਹਰ ਸ਼ਰਾਰਤੀ ਅਨਸਰਾਂ ਵੱਲੋਂ ਅਕਸਰ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਲਈ ਜਾ ਰਹੀ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ਸਬੰਧੀ ਲਿਖ ਕੇ ਭੇਜਿਆ ਜਾ ਚੁੱਕਾ ਹੈ।
ਡਾ. ਸਿੱਧੂ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਇਮਤਿਹਾਨਾਂ ਤੋਂ ਪਹਿਲਾਂ ਰੋਲ ਨੰਬਰ ਆਦਿ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਯੂਨੀਵਰਸਿਟੀ ਦੇ ਸਬੰਧਤ ਵਿਭਾਗ ‘ਚ ਆ ਕੇ ਜਮਾਂ ਫੀਸ ਦੀ ਰਸੀਦ ਅਤੇ ਪਾਸਪੋਰਟ ਸਾਈਜ਼ ਦੀਆਂ ਤਿੰਨ ਫੋਟੋਆਂ ਦੇ ਮੁੜ ਰੋਲ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੌਰਾਨ ਜੇਕਰ ਕਿਸੇ ਵਿਦਿਆਰਥੀ ਨੂੰ ਕਿਸੇ ਵੀ ਸਮੱਸਿਆ ਸਬੰਧੀ ਸਿਕਾਇਤ ਕਰਨਾ ਚਾਹੁੰਦਾ ਹੈ ਤਾਂ ਉਹ ਵਿਭਾਗ ਦੇ ਟੈਲੀਫੋਨ ਨੰ: 0175-3046395 ‘ਤੇ ਸੰਪਰਕ ਕਰ ਸਕਦਾ ਹੈ।

Leave a Reply

Your email address will not be published. Required fields are marked *