ਕਾਂਗਰਸ ਸਰਕਾਰ ਸ਼ਹਿਰ ਪਟਿਆਲਾ ਦੇ ਰੋਕੇ 14 ਕਰੋੜ ਰੁਪਏ ਰਿਲੀਜ਼ ਕਰੇ : ਬਿੱਟੂ ਚੱਠਾ
ਪਟਿਆਲਾ, 29 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਨਗਰ ਨਿਗਮ ਦੇ ਸੀਨੀਅਰ ਅਕਾਲੀ ਕੌਂਸਲਰ ਅਤੇ ਐਫ.ਐਂਡ ਸੀ.ਸੀ. ਦੇ ਮੈਂਬਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਹੈ ਕਿ ਕਾਂਗਰਸ ਸਰਕਾਰ ਨੂੰ ਪਟਿਆਲਾ ਸ਼ਹਿਰ ਦੇ ਰੋਕੇ 14 ਕਰੋੜ ਰੁਪਏ ਤੁਰੰਤ ਰਿਲੀਜ਼ ਕਰਨੇ ਚਾਹੀਦੇ ਹਨ ਤਾਂ ਜੋ ਸ਼ਹਿਰ ਦੇ ਰੁਕੇ ਕੰਮ ਪੂਰੇ ਹੋ ਸਕਣ। ਬਿੱਟੂ ਚੱਠਾ ਅੱਜ ਇਥੇ ਇਕ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ।
ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਸ਼ਹਿਰ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕਾਂ ਨੂੰ ਇਹ ਵੱਡੀ ਆਸ ਸੀ ਕਿ ਪਟਿਆਲਾ ਸ਼ਹਿਰ ਵਿੱਚ ਅਮਰਿੰਦਰ ਸਿੰਘ ਨੋਟਾਂ ਦਾ ਟਰੱਕ ਭਰਕੇ ਲਗਾਉਣਗੇਂ ਪਰ ਹੈਰਾਨੀ ਹੈ ਕਿ ਨੋਟਾਂ ਦਾ ਟਰੱਕ ਤਾਂ ਆਇਆ ਹੀ ਨਹੀਂ ਸਗੋਂ ਅਕਾਲੀ ਸਰਕਾਰ ਵੱਲੋਂ ਭੇਜੇ 14 ਕਰੋੜ ਰੁਪਏ ਵੀ ਕਾਂਗਰਸ ਨੇ ਰੋਕ ਲਏ, ਜਿਸ ਨਾਲ ਚਲਦੇ ਕੰਮ ਵੀ ਰੁੱਕ ਗਏ ਹਨ। ਉਨ੍ਹਾਂ ਆਖਿਆ ਕਿ 44 ਕਰੋੜ ਰੁਪਏ ਅਕਾਲੀ ਸਰਕਾਰ ਨੇ ਪਟਿਆਲਾ ਸ਼ਹਿਰ ਲਈ ਰਿਲੀਜ਼ ਕੀਤੇ ਸਨ, ਜਿਸ ਵਿੱਚੋਂ 28 ਕਰੋੜ ਰੁਪਏ ਆ ਚੁੱਕੇ ਹਨ ਤੇ 14 ਕਰੋੜ ਰੁਪਏ ਦੇ ਕੰਮ ਚੱਲ ਰਹੇ ਹਨ ਤੇ ਹੁਣ ਇਹ ਪੈਸੇ ਸਰਕਾਰ ਵੱਲੋਂ ਰੋਕਣ ਕਾਰਨ ਠੇਕੇਦਾਰਾਂ ਨੇ ਕੰਮ ਬੰਦ ਕਰ ਦਿੱਤੇ ਹਨ, ਜਿਸ ਨਾਲ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਹੈ।
ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਪਜੰਾਬ ਸਰਕਾਰ ਵਿੱਤੀ ਐਮਰਜੈਂਸੀ ਨੂੰ ਖਤਮ ਕਰੇ ਤੇ ਲੋਕਾਂ ਨੂੰ ਸਹੂਲਤਾਂ ਦੇਵੇ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ। ਉਨ੍ਹਾਂ ਆਖਿਆ ਕਿ ਹੈਰਾਨੀ ਹੈ ਕਿ ਜਿਹੜੇ ਕੰਮ ਚੱਲ ਰਹੇ ਹਨ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਉਹ ਵੀ ਰੋਕ ਦਿੱਤੇ ਗਏ ਹਨ। ਇਸ ਤੋਂ ਵੱਧ ਪਟਿਆਲਾ ਦੇ ਲੋਕਾਂ ਨਾਲ ਹੋਰ ਧੋਖਾ ਕੀ ਹੋ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਂਲ ਹਰਵਿੰਦਰ ਸਿੰਘ ਬੱਬੂ, ਪਰਮਜੀਤ ਸਿੰਘ ਪੰਮਾ, ਮਾਲਵਿੰਦਰ ਸਿੰਘ ਝਿੱਲ, ਰਜਿੰਦਰ ਸਿੰਘ ਵਿਰਕ ਅਤੇ ਹੋਰ ਵੀ ਨੇਤਾ ਹਾਜ਼ਰ ਸਨ।

