ਪਟਿਆਲਾ

ਸਰਕਾਰ ਨਸ਼ੇ ਦੇ ਖਾਤਮੇ ਲਈ ਗੰਭੀਰ, ਰੋਕਥਾਮ ਲਈ ਯੋਗ ਕਦਮ ਚੁੱਕੇ ਜਾਣਗੇ : ਸਿਵਲ ਸਰਜਨ

ਪਟਿਆਲਾ, 30 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਨਸ਼ਾ ਛੱਡਣ ਲਈ ਦ੍ਰਿੜ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ, ਜੇਕਰ ਨਸ਼ਾ ਕਰਨ ਵਾਲਾ ਵਿਅਕਤੀ ਆਪਣੀ ਜ਼ਿੰਦਗੀ ਨੂੰ ਦੁਬਾਰਾ ਲੀਹ ‘ਤੇ ਲਿਆਉਣ ਲਈ ਆਪਣੀ ਇੱਛਾ ਸ਼ਕਤੀ ਮਜਬੂਤ ਕਰ ਲੈਂਦਾ ਹੈ ਤਾਂ ਉਹ ਨਸ਼ਾ ਛੱਡਣ ਦੇ ਮਕਸਦ ਨੂੰ ਜਲਦ ਹੀ ਪੂਰਾ ਕਰ ਸਕਦਾ ਹੈ।

ਇਹ ਪ੍ਰਗਟਾਵਾ ਸੰਦੀਪ ਕੁਮਾਰ ਆਈ.ਏ.ਐਸ ਅੰਡਰ ਟਰੇਨਿੰਗ ਨੇ ਸਰਕਾਰੀ ਆਈ.ਟੀ.ਆਈ ਵਿਖੇ ਕਰਵਾਈ ਨਸ਼ਾ ਮੁਕਤੀ ਸਬੰਧੀ ਜਿਲ੍ਹਾ ਪੱਧਰੀ ਵਰਕਸ਼ਾਪ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੰਦੇ ਪ੍ਰਭਾਵਾਂ ਪ੍ਰਤੀ ਘਰ ਤੋਂ ਲੈ ਕੇ ਸਮਾਜ ਦੇ ਹਰ ਇੱਕ ਵਰਗ ਨੂੰ ਜਾਗਰੂਕ ਕੀਤਾ ਜਾਣਾ ਬਹੁਤ ਲਾਜ਼ਮੀ ਹੈ, ਕਿਉਂਕਿ ਨਸ਼ਿਆਂ ਸਬੰਧੀ ਜਾਗਰੂਕਤਾ ਦੀ ਕਮੀ ਵੀ ਨਸ਼ੇ ਦੇ ਪਾਸਾਰ ਦਾ ਕਾਰਨ ਬਣਦੀ ਹੈ, ਜਿਸ ਸਦਕਾ ਅਸੀ ਨਸ਼ਿਆਂ ਨੂੰ ਨਹੀਂ ਸਗੋਂ ਨਸ਼ੇ ਸਾਨੂੰ ਦਿਨੋਂ ਦਿਨ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਨਸ਼ਿਆਂ ਦੀ ਵੱਧ ਰਹੀ ਵਰਤੋਂ ਸਬੰਧੀ ਕਾਫੀ ਗੰਭੀਰ ਹੈ ਅਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਯੋਗ ਕਦਮ ਉਠਾਏ ਜਾ ਰਹੇ ਹਨ।
ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਦੋਸਤ ਬਣਕੇ ਸਰੀਰ ਵਿੱਚ ਪ੍ਰਵੇਸ਼ ਕਰਦੇ ਹਨ ਜਦੋਂ ਕਿ ਗੰਭੀਰ ਬਿਮਾਰੀਆਂ ਦਾ ਰੂਪ ਧਾਰ ਕੇ ਬਾਅਦ ਵਿੱਚ ਮੌਤ ਬਣਕੇ ਉੱਭਰਦੇ ਹਨ।
ਉਨ੍ਹਾਂ ਕਿਹਾ ਕਿ ਨਸ਼ਿਆ ਦੀ ਵਰਤੋਂ ਕਰਕੇ ਅੱਜ ਅਪਰਾਧ ਦੀਆਂ ਘਟਨਾਵਾਂ ਅਤੇ ਹਾਦਸਿਆ ਵਿੱਚ ਵਾਧਾ ਹੋਣ ਦੇ ਨਾਲ ਨਾਲ ਕੈਂਸਰ, ਦਿਮਾਗ ਦੀ ਨਾੜੀ ਫਟਣਾ, ਗੁਰਦੇ ਖਰਾਬ ਹੋਣਾ ਏਡਜ਼ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਟਿਆਲਾ ਵਿੱਚ ਸਕੇਤ ਹਸਪਤਾਲ ਵਿਖੇ ਪੁਨਰਵਾਸ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ, ਜਿੱਥੇ ਨਸ਼ਾ ਛੱਡਣ ਵਾਲਿਆਂ ਦਾ ਚੰਗੀ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ, ਉੱਥੇ ਉਨ੍ਹਾਂ ਨੂੰ ਮਾਨਸਿਕ, ਸਰੀਰਿਕ ਅਤੇ ਸਮਾਜਕ ਪੱਖ ਦੇ ਨਾਲ ਨਾਲ ਉਨ੍ਹਾਂ ਨੂੰ ਕਿੱਤਾਮੁਖੀ ਕੋਰਸਾਂ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਮੁੜ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।ਉਨ੍ਹਾਂ ਇਸ ਪੁਨਰਵਾਸ ਕੇਂਦਰ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਵਿੱਚ ਯੋਗਾ, ਜਿੰਮ, ਕਮਿਊਨਟੀ ਜਾਗਰੂਕਤਾ ਕੈਂਪ, ਸੱਭਿਆਚਾਰਕ ਗਤੀਵਿਧੀਆਂ ਆਦਿ ਕਰਵਾਉਣ ਦਾ ਵੀ ਪ੍ਰਬੰਧ ਹੈ।
ਇਸ ਮੌਕੇ ਰਾਜਿੰਦਰਾ ਹਸਪਤਾਲ ਦੇ ਮਨੋਵਿਗਿਆਨੀ ਵਿਭਾਗ ਦੇ ਪ੍ਰੋ. ਅਤੇ ਮੁਖੀ ਡਾ. ਬਲਵੰਤ ਸਿੰਘ ਸਿੱਧੂ, ਡਾ. ਮਨਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ, ਡਾ. ਗੁਰਮੀਤ ਸਿੰਘ ਜਿਲ੍ਹਾ ਐਪੀਡੈਮੋਲੋਜਿਸਟ ਅਤੇ ਸਕੇਤ ਹਸਪਤਾਲ ਤੋਂ ਮੈਡਮ ਪਰਮਿੰਦਰ ਕੌਰ ਵੱਲੋਂ ਵੀ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ।ਇਸ ਮੌਕੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਵਰਕਸ਼ਾਪ ਦੇ ਅੰਤ ਵਿੱਚ ਆਈ.ਟੀ.ਆਈ ਦੇ ਪ੍ਰਿੰਸੀਪਲ ਸ੍ਰੀ ਵੀ.ਕੇ ਬਾਂਸਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਇਸ ਵਰਕਸ਼ਾਪ ਦੌਰਾਨ ਸਕੇਤ ਹਸਪਤਾਲ ਵੱਲੋਂ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਡਾ. ਐਮ.ਐਸ ਧਾਲੀਵਾਲ ਡਿਪਟੀ ਮੈਡੀਕਲ ਕਮਿਸ਼ਨਰ, ਸਹਾਇਕ ਡਾਇਰੈਕਟਰ ਸ੍ਰੀ ਡੀ.ਕੇ ਜੈਨ, ਕ੍ਰਿਸ਼ਨ ਕੁਮਾਰ ਜਿਲ੍ਹਾ ਮਾਸ ਮੀਡੀਆ ਅਫਸਰ, ਅਮਰਜੀਤ ਸਿੰਘ ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ, ਅਨਿੱਲ ਖੰਨਾ, ਧਰਮਪਾਲ, ਸਮਾਜ ਸੇਵਕ ਕੇ.ਐਸ ਸ਼ੇਖੋ ਅਤੇ ਸਕੂਲ ਦੇ ਫਕੈਲਟੀ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *