ਪੰਜਾਬ

ਡੇਰੇ ਤੋਂ ਵੋਟਾਂ ਮੰਗਣ ਵਾਲੇ 14 ਅਕਾਲੀ, 14 ਕਾਂਗਰਸੀ ਤੇ 1 ਆਪ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ

ਡੇਰਾ ਸਿਰਸਾ ਤੋਂ ਬਾਹਰ ਹੋਈਆਂ ਵਰਕਰਜ਼ ਮੀਟਿੰਗਾਂ ‘ਚ ਸ਼ਾਮਲ 15 ਅਕਾਲੀ ਆਗੂ ਵੀ ਬੁਲਾਏ
ਜਗਦੀਸ਼ ਸਿੰਘ (ਝੀਂਡਾ) ਨੂੰ ਲਗਾਈ ਤਨਖ਼ਾਹ
ਨੀਲਧਾਰੀ ਸੰਪਰਦਾਇ ਮੁਖੀ ਭਾਈ ਸਤਨਾਮ ਸਿੰਘ ਮੁਖੀ ਦਾ ਮੁਆਫ਼ੀਨਾਮਾ ਪ੍ਰਵਾਨ
ਦੇਸ਼-ਵਿਦੇਸ਼ ‘ਚ ਨਵਾਂ ਗੁਰਦੁਆਰਾ ਬਣਾਉਣ ‘ਤੇ ਲਗਾਈ ਪਾਬੰਦੀ
ਸ਼੍ਰੋਮਣੀ ਕਮੇਟੀ ਗ੍ਰੰਥਾਂ, ਪੁਸਤਕਾਂ ‘ਚ ਅਨੇਕ ਪ੍ਰਕਾਰ ਦੇ ਸ਼ੰਕਿਆਂ ਨੂੰ ਦੂਰ ਕਰੇ
ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਸਬ ਕਮੇਟੀ ਦੀ ਰਿਪੋਰਟ ‘ਤੇ ਆਇਆ ਫੈਸਲਾ
ਅੰਮ੍ਰਿਤਸਰ 4 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਅਹਿਮ ਫੈਸਲੇ ਕੀਤੇ ਗਏ।

ਇਸ ਦੌਰਾਨ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਸਬ-ਕਮੇਟੀ ਦੀ ਰਿਪੋਰਟ ਨੂੰ ਵਿਚਾਰਨ ਉਪਰੰਤ ਦੀਰਘ ਵਿਚਾਰਾਂ ਕਰਕੇ ਫੈਸਲਾ ਕੀਤਾ ਗਿਆ ਕਿ ਵੋਟਾਂ ਖਾਤਰ ਪਾਖੰਡੀ ਸਿਰਸੇ ਅਸਾਧ ਦੇ ਡੇਰੇ ਜਾਣ ਵਾਲੇ 14 ਅਕਾਲੀ, 14 ਕਾਂਗਰਸੀਆਂ ਸਮੇਤ 1 ਆਪ ਆਗੂ ਨੂੰ 17 ਅਪ੍ਰੈਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰ ਲਿਆ ਗਿਆ ਹੈ।
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤੇ ਜਾਣ ਵਾਲਿਆਂ ‘ਚ ਜੀਤਮਹਿੰਦਰ ਸਿੰਘ ਸਿੱਧੂ (ਅਕਾਲੀ ਦਲ), ਸਿਕੰਦਰ ਸਿੰਘ ਮਲੂਕਾ (ਅਕਾਲੀ ਦਲ), ਜਨਮੇਜਾ ਸਿੰਘ ਸੇਖੋਂ (ਅਕਾਲੀ ਦਲ), ਹਰਪ੍ਰੀਤ ਸਿੰਘ ਕੋਟਭਾਈ (ਅਕਾਲੀ ਦਲ), ਹਰਦੀਪ ਸਿੰਘ ਢਿੱਲੋਂ (ਅਕਾਲੀ ਦਲ), ਦਿਲਰਾਜ ਸਿੰਘ ਭੂੰਦੜ (ਅਕਾਲੀ ਦਲ), ਵਰਿੰਦਰ ਕੌਰ(ਅਕਾਲੀ ਦਲ), ਪ੍ਰਕਾਸ਼ ਸਿੰਘ ਭੱਟੀ (ਅਕਾਲੀ ਦਲ), ਕੰਵਲਜੀਤ ਸਿੰਘ ਰੋਜੀ ਬਰਕੰਦੀ (ਅਕਾਲੀ ਦਲ), ਗੁਰਪ੍ਰੀਤ ਸਿੰਘ ਰਾਜੂ (ਅਕਾਲੀ ਦਲ), ਪਰਮਿੰਦਰ ਸਿੰਘ ਢੀਂਡਸਾ (ਅਕਾਲੀ ਦਲ) , ਸੁਰਜੀਤ ਸਿੰਘ ਰੱਖੜਾ (ਅਕਾਲੀ ਦਲ) , ਨਿਸ਼ਾਨ ਸਿੰਘ ਬੁੱਢਲਾਡਾ (ਅਕਾਲੀ ਦਲ), ਮਨਤਾਰ ਸਿੰਘ ਬਰਾੜ (ਅਕਾਲੀ ਦਲ) ਰਜਿੰਦਰ ਕੌਰ ਭੱਠਲ (ਕਾਂਗਰਸ), ਅਰਜਨ ਸਿੰਘ ਬਾਦਲ (ਕਾਂਗਰਸ), ਅਮਰਿੰਦਰ ਸਿੰਘ ਰਾਜਾ (ਕਾਂਗਰਸ), ਅਜੀਤਇੰਦਰ ਸਿੰਘ ਮੋਫਰ (ਕਾਂਗਰਸ), ਕੇਵਲ ਸਿੰਘ ਢਿੱਲੋਂ (ਕਾਂਗਰਸ), ਰਣਦੀਪ ਸਿੰਘ ਨਾਭਾ (ਕਾਂਗਰਸ), ਅਜਾਇਬ ਸਿੰਘ ਭੱਟੀ (ਕਾਂਗਰਸ), ਦਰਸ਼ਨ ਸਿੰਘ ਬਰਾੜ (ਕਾਂਗਰਸ), ਕੁਸ਼ਲਦੀਪ ਸਿੰਘ ਢਿੱਲੋਂ (ਕਾਂਗਰਸ), ਸਾਧੂ ਸਿੰਘ ਧਰਮਸੋਤ
ਕਰਨ ਕੌਰ ਬਰਾੜ (ਕਾਂਗਰਸ), ਖੁਸ਼ਬਾਜ ਸਿੰਘ ਜਟਾਣਾ (ਕਾਂਗਰਸ), ਰਜਿੰਦਰ ਸਿੰਘ ਸਮਾਣਾ (ਕਾਂਗਰਸ), ਦਮਨ ਕੌਰ ਬਾਜਵਾ (ਕਾਂਗਰਸ), ਨਰਿੰਦਰ ਸਿੰਘ ਸੰਧਾ (ਆਪ) ਆਦਿ ਸ਼ਾਮਲ ਹਨ।
ਡੇਰਾ ਸਿਰਸਾ ਤੋਂ ਬਾਹਰ ਹੋਈਆਂ ਵਰਕਰਜ਼ ਮੀਟਿੰਗਾਂ ‘ਚ ਸ਼ਾਮਲ ਹੋਣ ਵਾਲੇ ਸਿੱਖ ਆਗੂਆਂ ‘ਚ
ਇੰਦਰਇਕਬਾਲਸਿੰਘ ਅਟਵਾਲ (ਅਕਾਲੀ ਦਲ), ਰਣਜੀਤ ਸਿੰਘ ਤਲਵੰਡੀ (ਅਕਾਲੀ ਦਲ), ਦੀਦਾਰ ਸਿੰਘ ਭੱਟੀ (ਅਕਾਲੀ ਦਲ), ਦਰਬਾਰਾ ਸਿੰਘ ਗੁਰੂ (ਅਕਾਲੀ ਦਲ), ਈਸ਼ਰ ਸਿੰਘ ਮਿਹਰਬਾਨ (ਅਕਾਲੀ ਦਲ), ਜਗਦੀਪ ਸਿੰਘ ਨਕੱਈ (ਅਕਾਲੀ ਦਲ) , ਦਰਸ਼ਨ ਸਿੰਘ ਕੋਟ ਫੱਤਾ (ਅਕਾਲੀ ਦਲ), ਗੁਲਜਾਰ ਸਿੰਘ (ਅਕਾਲੀ ਦਲ) , ਇਕਬਾਲ ਸਿੰਘ ਝੂੰਦਾ (ਅਕਾਲੀ ਦਲ), ਗੋਬਿੰਦ ਸਿੰਘ ਲੋਂਗੋਵਾਲ (ਅਕਾਲੀ ਦਲ), ਹਰੀ ਸਿੰਘ ਨਾਭਾ (ਅਕਾਲੀ ਦਲ),ਅਜੀਤ ਸਿੰਘ ਸ਼ਾਂਤ (ਅਕਾਲੀ ਦਲ), ਸੁਰਿੰਦਰ ਸਿੰਘ ਸਿਬੀਆ (ਅਕਾਲੀ ਦਲ), ਪਰਮਬੰਸ ਸਿੰਘ ਬੰਟੀ (ਅਕਾਲੀ ਦਲ), ਮਨਪ੍ਰੀਤ ਸਿੰਘ ਇਯਾਲੀ (ਅਕਾਲੀ ਦਲ) ਆਦਿ ਸ਼ਾਮਲ ਹਨ।
ਪੰਜ ਸਿੰਘ ਸਾਹਿਬਾਨ ਨੇ ਇਹ ਫੈਸਲਾ ਵੀ ਲਿਆ ਕਿ ਵੱਖ-ਵੱਖ ਵਿਦਿਵਾਨਾਂ ਵੱਲੋਂ ਲਿਖੇ ਗੁਰ-ਇਤਿਹਾਸ, ਸਿੱਖ ਇਤਿਹਾਸ ਸਬੰਧੀ ਗ੍ਰੰਥਾਂ, ਪੁਸਤਕਾਂ ਵਿਚ ਅਨੇਕ ਪ੍ਰਕਾਰ ਦੇ ਸ਼ੰਕੇ ਪੈਦਾ ਕੀਤੇ ਗਏ ਹਨ, ਇਸਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਗਿਆ ਹੈ ਕਿ ਜਲਦੀ ਤੋਂ ਜਲਦੀ ਵਿਦਵਾਨਾਂ ਦੀ ਕਮੇਟੀ ਬਣਾ ਕੇ ਗੁਰ-ਇਤਿਹਾਸ ਨੂੰ ਸੋਧਿਆ ਜਾਵੇ ਅਤੇ ਸੰਗਤਾਂ ਵਿਚ ਗੁਰਬਾਣੀ, ਗੁਰਮਤਿ ਦੀ ਕਸਵੱਟੀ ਉਪਰ ਉਤਰਣ ਵਾਲਾ ਇਤਿਹਾਸ ਛਪਵਾ ਕੇ ਮੁਹੱਈਆ ਕਰਵਾਇਆ ਜਾਵੇ ਅਤੇ ਉਸ ਅਨੁਸਾਰ ਹੀ ਧਾਰਮਿਕ ਸਟੇਜਾਂ ਉਪਰ ਪ੍ਰਚਾਰ ਕੀਤਾ ਜਾਵੇ।
ਪੰਜ ਸਿੰਘ ਸਾਹਿਬਾਨ ਵੱਲੋਂ ਸਮੂੰਹ ਕਥਾਂ-ਵਾਚਕਾਂ, ਪ੍ਰਚਾਰਕਾਂ ਅਤੇ ਰਾਗੀ-ਢਾਡੀ, ਕਵੀਸ਼ਰ ਸਾਹਿਬਾਨਾਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਸਟੇਜਾਂ ਉਪਰ ਕੋਈ ਵੀ ਐਸੀ ਗੱਲ ਜਿਸ ਨਾਲ ਪੰਥ ਵਿਚ ਦੁਬਿਧਾ ਪੈਦਾ ਹੁੰਦੀ ਹੋਵੇ ਨਾ ਕੀਤੀ ਜਾਵੇ ਅਤੇ ਇਤਿਹਾਸ ਦੇ ਤੱਥਾਂ ਨੂੰ ਤੋੜ-ਮਰੋੜ ਕੇ ਨਾ ਪੇਸ਼ ਕੀਤਾ ਜਾਵੇ ਅਤੇ ਗੁਰੂ ਕੇ ਪਾਵਨ ਅਸਥਾਨਾਂ ਸਬੰਧੀ ਗਲਤ ਬਿਆਨਬਾਜੀ ਨਾ ਕੀਤੀ ਜਾਵੇ। ਇਸ ਪੁਰ ਸਖ਼ਤੀ ਨਾਲ ਪਹਿਰਾ ਦਿੱਤਾ ਜਾਵੇ।
ਸੰਗਤਾਂ ਵੱਲੋਂ ਆਈਆਂ ਪੱਤ੍ਰਕਾਵਾਂ ਉਪਰ ਦੀਰਘ ਵਿਚਾਰ ਕਰਦਿਆਂ ਫੈਸਲਾ ਕੀਤਾ ਗਿਆ ਕਿ ਪੰਜ ਪਿਆਰਿਆਂ ਦੀ ਸੇਵਾ ਵਿਚ ਓਹੀ ਪੰਜ ਸਿੰਘ ਰੋਲ ਨਿਭਾ ਸਕਦੇ ਹਨ ਜਿਹੜੇ ਪੰਜ ਕਕਾਰਾਂ ਦੇ ਧਾਰਨੀ, ਅੰਮ੍ਰਿਤਧਾਰੀ, ਰਹਿਤਵਾਨ, ਪੰਜ ਬਾਣੀਆਂ ਜਬਾਨੀ ਯਾਦ ਹੋਣ ਅਤੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਭੈ-ਭਾਵਨਾ ਵਿਚ ਵਿਚਰਣ ਵਾਲੇ ਹੋਣ। ਉਹੀ ਪੰਜ ਸਿੰਘ ਪੰਜ ਪਿਆਰਿਆਂ ਦੀ ਸੇਵਾ ਵਿਚ ਰੋਲ ਨਿਭਾ ਸਕਦੇ ਹਨ। ਨਕਲੀ ਭੇਸ ਬਣਾ ਕੇ ਕੋਈ ਐਕਟਰ ਇਹ ਰੋਲ ਨਹੀਂ ਨਿਭਾ ਸਕਦਾ, ਇਸਦੀ ਪੂਰਨ ਤੌਰ ‘ਤੇ ਪਾਬੰਧੀ ਹੈ।
ਸੰਗਤਾਂ ਵੱਲੋਂ ਆਈਆਂ ਪੱਤ੍ਰਕਾਵਾਂ ਸਬੰਧੀ ਦੀਰਘ ਵਿਚਾਰਾਂ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਸਿਰਪਾਓ ਦੀ ਮਹਾਨਤਾ ਨੂੰ ਗੁਰਮਤਿ ਅਨੁਸਾਰ ਬਰਕਰਾਰ ਰੱਖਿਆ ਜਾਵੇ। ਜੋ ਰਾਜਨੀਤਿਕ ਪਾਰਟੀਆਂ ਆਪਣੇ ਮੈਂਬਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਲਈ ਸਿਰਪਾਓ ਦੀ ਵਰਤੋ ਕਰਦੀਆਂ ਹਨ ਉਹ ਪਾਰਟੀਆਂ ਆਪਣਾ ਵੱਖਰਾ ਪਾਰਟੀ-ਚਿੰਨ ਬਣਾਉਣ।ਪੰਜ ਸਿੰਘ ਸਾਹਿਬਾਨ ਵੱਲੋਂ ਰਾਜਨੀਤਕ ਪਾਰਟੀਆਂ ਵੱਲੋਂ ਕੀਤੀ ਜਾਂਦੀ ਸਿਰਪਾਓ ਦੀ ਵਰਤੋਂ ‘ਤੇ ਪੂਰਨ ਪਾਬੰਧੀ ਲਗਾਈ ਜਾਂਦੀ ਹੈ।
ਦੇਸ਼-ਵਿਦੇਸ਼ ਵਿਚ ਨਵਾਂ ਗੁਰਦੁਆਰਾ ਸਾਹਿਬ ਬਿਨਾਂ ਆਗਿਆ ਬਣਾਉਣ ਸਬੰਧੀ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਾਬੰਧੀ ਲਗਾਈ ਗਈ ਹੈ ਪਰ ਫਿਰ ਵੀ ਕੁਝ ਅਖੌਤੀ ਲੋਕ ਕਿਸੇ ਕਾਰਨ ਸੰਗਤਾਂ ਵੱਲੋਂ ਨਕਾਰ ਦਿੱਤੇ ਜਾਂਦੇ ਹਨ ਉਹ ਲੋਕ ਨਿੱਜੀ ਸਵਾਰਥਾਂ ਲਈ ਜਾਂ ਜਾਤੀ ਦੇ ਅਧਾਰ ‘ਤੇ ਗੁਰਦੁਆਰਾ ਸਾਹਿਬ ਬਣਾ ਰਹੇ ਹਨ, ਉਨ੍ਹਾਂ ਨੂੰ ਸਖ਼ਤ ਤਾੜਨਾ ਕੀਤੀ ਜਾਂਦੀ ਹੈ ਕਿ ਕੋਈ ਦੇਸ਼-ਵਿਦੇਸ਼ ਬਿਨ੍ਹਾਂ ਆਗਿਆ ਗੁਰਦੁਆਰਾ ਸਾਹਿਬ ਦੀ ਇਮਾਰਤ ਨਾ ਉਸਾਰਣ। ਜਿਹੜਾ ਇਸ ਆਦੇਸ਼ ਨੂੰ ਨਹੀਂ ਮੰਨੇਗਾ ਉਸ ਪੁਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 1 ਸਾਵਣ ਸੰਮਤ ਨਾਨਕਸ਼ਾਹੀ 546 ਮੁਤਾਬਿਕ 16 ਜੁਲਾਈ 2014, ਦਿਨ ਬੁੱਧਵਾਰ ਨੂੰ ਹੋਏ ਹੁਕਮਨਾਮੇ ਅਨੁਸਾਰ ਜਗਦੀਸ਼ ਸਿੰਘ (ਝੀਂਡਾ) ਹਰਿਆਣਾ ਕੋਲੋਂ ਸਿੱਖੀ ਦੇ ਸਾਰੇ ਹੱਕ ਹਕੂਕ ਖੋਹ ਲਏ ਗਏ ਸਨ। ਅੱਜ ਮਿਤੀ 22 ਚੇਤ ਸੰਮਤ ਨਾਨਕਸ਼ਾਹੀ 549 ਮੁਤਾਬਿਕ (4 ਅਪ੍ਰੈਲ 2017) ਦਿਨ ਮੰਗਲਵਾਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿਚ ਹਾਜਰ ਹੋ ਕੇ ਲਿਖਤੀ ਰੂਪ ਵਿਚ ਆਪਣਾ ਸਪੱਸ਼ਟੀਕਰਨ ਦਿੱਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣ ਦੀ ਭਾਵਨਾ ਪ੍ਰਗਟਾਈ ਹੈ। ਸੋ ਸਿੰਘ ਸਾਹਿਬਾਨ ਵੱਲੋਂ ਦੀਰਘ ਵਿਚਾਰ ਕਰਨ ਉਪਰੰਤ ਇਨ੍ਹਾਂ ਹੇਠ ਲਿਖੇ ਅਨੁਸਾਰ ਤਨਖਾਹ ਲਗਾਈ ਜਾਂਦੀ ਹੈ। ਇਹ ਗੁਰਦੁਆਰਾ ਪਾ: ਛੇਵੀਂ ਥਨੇਸਰ, ਕੁਰਕਸ਼ੇਤਰ (ਹਰਿਆਣਾ) ਵਿਖੇ ਇੱਕ ਸ੍ਰੀ ਅਖੰਡਪਾਠ ਸਾਹਿਬ ਕਰਵਾਉਣਾ ਅਤੇ ਗੁਰਬਾਣੀ ਸਰਵਣ ਕਰਨੀ ਅਤੇ ਹੱਥੀਂ ਸੇਵਾ ਕਰਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਇੱਕ ਘੰਟਾ ਬਰਤਨਾਂ ਦੀ ਸੇਵਾ ਕਰਕੇ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ 101 ਰੁਪਏ ਦੇ ਦੇਗ ਲੈ ਕੇ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ।
ਭਾਈ ਸਤਨਾਮ ਸਿੰਘ ਮੁਖੀ ਨੀਲਧਾਰੀ ਸੰਪਰਦਾਇ ਵੱਲੋਂ ਪਿਛਲੇ ਦਿਨੀ ਪ੍ਰਚਾਰ ਸਮੇਂ ਗੁਰੂ ਸਾਹਿਬਾਨ ਦੇ ਪਰਿਵਾਰ ਸਬੰਧੀ ਜੋ ਸ਼ਬਦਾਵਲੀ ਵਰਤੀ ਗਈ, ਉਸਦੇ ਸਬੰਧ ਵਿਚ ਉਨ੍ਹਾਂ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਹੋਇਆਂ ਅਨੇਕਾਂ ਇਤਿਹਾਸਕ ਪ੍ਰਮਾਣ ਵੀ ਦਿੱਤੇ ਅਤੇ ਸਮੁੱਚੇ ਸਿੱਖ ਪੰਥ ਕੋਲੋਂ ਲਿਖਤੀ ਮੁਆਫੀ ਵੀ ਮੰਗੀ। ਪੰਜ ਸਿੰਘ ਸਾਹਿਬਾਨ ਵੱਲੋਂ ਲਿਖਤੀ ਮੁਆਫੀਨਾਮਾ ਪ੍ਰਵਾਨ ਕੀਤਾ ਗਿਆ।

Leave a Reply

Your email address will not be published. Required fields are marked *