ਕਾਂਗਰਸ ਸਰਕਾਰ ਦੀ ਆਬਕਾਰੀ ਨੀਤੀ ਨੇ ਛੋਟੇ ਸ਼ਰਾਬ ਦੇ ਠੇਕਾ ਵਪਾਰੀਆਂ ਨੂੰ ਉਜਾੜਿਆ : ਸ਼ਰਾਬ ਵਪਾਰੀ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਜ਼ਿਲ੍ਹੇ ‘ਚ ਸ਼ਰਾਬ ਦੇ ਠੇਕੇ ਇਕੋ ਟਰੇਡਰਜ਼ ਨੂੰ ਦਿੱਤੇ ਜਾਣ ਤੋਂ ਬਾਅਦ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਸ਼ਰਾਬ ਦੇ ਠੇਕਾ ਵਪਾਰੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਬਣਾਈ ਨਵੀਂ ਆਬਾਕਾਰੀ ਨੀਤੀ ਨੇ ਸ਼ਰਾਬ ਦੇ ਛੋਟੇ ਠੇਕਾ ਵਪਾਰੀਆਂ ਨੂੰ ਉਜਾੜ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ 10 ਸਾਲਾਂ ‘ਚ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਸਨ, ਪ੍ਰੰਤੂ ਅੱਜ ਕਾਂਗਰਸ ਸਰਕਾਰ ਵੱਲੋਂ ਬਣਾਈ ਆਬਕਾਰੀ ਨੀਤੀ ਵੀ ਛੋਟੇ ਵਪਾਰੀਆਂ ਲਈ ਮਾਰੂ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਆਉਣ ਨਾਲ ਸ਼ਰਾਬ ਦੇ ਛੋਟੇ ਠੇਕਾ ਵਪਾਰੀਆਂ ਨੂੰ ਆਸ ਬੱਝੀ ਸੀ ਕਿ ਉਹ ਸ਼ਰਾਬ ਦੇ ਠੇਕੇ ਪ੍ਰਾਪਤ ਕਰਕੇ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਚਲਾ ਸਕਣਗੇ, ਪ੍ਰੰਤੂ ਕੈਪਟਨ ਸਰਕਾਰ ਵੱਲੋਂ ਬਣਾਈ ਨਵੀਂ ਆਬਕਾਰੀ ਨੀਤੀ ਨੇ ਸ਼ਰਾਬ ਦੇ ਵੱਡੇ ਠੇਕਾ ਵਪਾਰੀਆਂ ਨੂੰ ਲਾਭ ਪਹੁੰਚਾਇਆ ਹੈ ਅਤੇ ਛੋਟੇ ਸ਼ਰਾਬ ਦੇ ਠੇਕਾ ਵਪਾਰੀਆਂ ਦਾ ਉਜਾੜਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਬੋਲੀ ਨੂੰ ਪਾਰਦਰਸ਼ਤਾ ਨਾਲ ਨੇਪਰੇ ਚਾੜਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਇਸ ਬੋਲੀ ਰਾਹੀਂ ਸਰਕਾਰ ਦੀ ਅਤੇ ਵੱਡੇ ਸ਼ਰਾਬ ਦੇ ਠੇਕਾ ਵਪਾਰੀਆਂ ਦੀ ਮਿਲੀਭੁਗਤ ਸਾਹਮਣੇ ਆ ਗਈ ਹੈ।

