ਪੰਜਾਬਪਟਿਆਲਾ

ਰਜਿਸਟਰੀ ਰੇਟ ਨਾਲੋਂ ਵੱਧ ਪੈਸੇ ਵਸੂਲਣ ਦਾ ਮਾਮਲਾ : ਜਨ ਸਹਾਇਤਾ ਕੇਂਦਰ ‘ਚ ਛਾਪੇਮਾਰੀ

ਵਧੀਕ ਡਿਪਟੀ ਕਮਿਸ਼ਨਰ ਕਰਨਗੇ ਮਾਮਲੇ ਦੀ ਪੜਤਾਲ
ਪਟਿਆਲਾ, 5 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਾਲੈਂਡ ਦੇ ਇੱਕ ਵਸਨੀਕ ਵੱਲੋਂ ਖੂਨ ਦੇ ਰਿਸ਼ਤੇ ਵਿੱਚ ਜਾਇਦਾਦ ਦੀਆਂ ਦੋ ਰਜਿਸਟਰੀਆਂ ਕਰਾਉਣ ਸਮੇਂ ਉਸ ਤੋਂ ਸਰਕਾਰੀ ਫੀਸ ਨਾਲੋਂ ਵੱਧ ਪੈਸੇ ਵਸੂਲਣ ਅਤੇ ਰਜਿਸਟਰੀਆਂ ਦੇਣ ਮੌਕੇ ਖੱਜਲ ਖੁਆਰ ਕਰਨ ਦਾ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਮਿੰਨੀ ਸਕੱਤਰੇਤ ਦੇ ਬਾਹਰ ਜਨ ਸਹਾਇਤਾ ਕੇਂਦਰ ਦੇ ਬੂਥ ਨੰਬਰ 83 ਤੇ 230 ‘ਤੇ ਖੁਦ ਅਚਾਨਕ ਛਾਪਾ ਮਾਰਿਆ ਤੇ ਪ੍ਰਵਾਸੀ ਭਾਰਤੀ ਨੂੰ ਉਸਦੇ ਦਸਤਾਵੇਜ ਵਾਪਸ ਕਰਵਾਏ।

ਹਾਲੈਂਡ ਦਾ ਵਸਨੀਕ ਜਿਸਦਾ ਪਰਿਵਾਰ ਸਨੌਰ ਵਿਖੇ ਰਹਿੰਦਾ ਹੈ ਨੇ ਅੱਜ ਸਵੇਰੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਇਹ ਮਾਮਲਾ ਧਿਆਨ ਵਿੱਚ ਲਿਆਂਦਾ ਕਿ ਉਸਨੇ ਆਪਣੀ ਪਰਿਵਾਰਕ ਜਾਇਦਾਦ ਦੀਆਂ ਦੋ ਰਜਿਸਟਰੀਆਂ ਕਰਾਉਣੀਆਂ ਸਨ ਪਰ ਉਸ ਤੋਂ ਨਾਲੇ ਤਾਂ ਸਰਕਾਰੀ ਫੀਸ ਨਾਲੋਂ ਵੱਧ ਪੈਸੇ ਵਸੂਲੇ ਗਏ ਤੇ ਜਨ ਸਹਾਇਤਾ ਕੇਂਦਰ ਤੇ ਤਹਿਸੀਲ ਵਿੱਚ ਰਜਿਸਟਰੀਆਂ ਹਾਸਲ ਕਰਨ ਲਈ ਉਸ ਨੂੰ ਬਹੁਤ ਖੱਜਲ ਖੁਆਰ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਛਾਪੇ ਦੌਰਾਨ ਬੂਥ ਨੰਬਰ 83 ਦੇ ਬੂਥ ਮਾਲਕ ਨਰਿੰਦਰ ਸਿੰਘ ਤੇ ਬੂਥ ਨੰਬਰ 230 ਦੇ ਮਾਲਕ ਦਰਸ਼ਨ ਲਾਲ ਗਰਗ ਨੂੰ ਹਦਾਇਤ ਕੀਤੀ ਕਿ ਉਹ ਅਜਿਹੀਆਂ ਗੈਰ ਕਾਨੂੰਨੀ ਹਰਕਤਾਂ ਕਰਨ ਤੋਂ ਬਾਜ ਆਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਵੱਲੋਂ ਕੀਤੀ ਸ਼ਿਕਾਇਤ ਦੀ ਪੜਤਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੂੰ ਸੌਂਪੀ ਗਈ ਹੈ। ਉਹਨਾਂ ਦੱਸਿਆ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ ਸਿੱਧ ਹੋਣ ‘ਤੇ ਉਹਨਾਂ ਦੇ ਲਾਇਸੰਸ ਵੀ ਰੱਦ ਕੀਤੇ ਜਾਣਗੇ ਅਤੇ ਪੁਲਿਸ ਕੇਸ ਦਰਜ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਨੇ ਕਿਹਾ ਕਿ ਤਹਿਸੀਲ ਦਫ਼ਤਰ ਜਾ ਹੋਰ ਦਫ਼ਤਰਾਂ ਵਿੱਚ ਰੋਜਮਰਾਂ ਸਰਕਾਰੀ ਕੰਮ ਕਾਜ ਲਈ ਆਉਂਦੇ ਭੋਲੇ ਭਾਲੇ ਲੋਕਾਂ ਦੀ ਲੁੱਟ ਖਸੁੱਟ ਤੇ ਖੱਜਲ ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਨ ਸਹਾਇਤਾ ਕੇਂਦਰ ਵਿੱਚ ਜਿਹੜੇ ਵਸੀਕਾ ਨਵੀਸ ਜਾ ਅਰਜੀ ਨਵੀਸ ਸਰਕਾਰ ਵੱਲੋਂ ਨਿਰਧਾਰਤ ਫੀਸ ਤੋਂ ਵੱਧ ਵਸੂਲਦੇ ਹਨ ਉਹਨਾਂ ਦੇ ਲਾਇਸੰਸ ਰੱਦ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਤਹਿਸੀਲ ਵਿੱਚ ਵੀ ਕੁਝ ਪ੍ਰਾਈਵੇਟ ਵਿਅਕਤੀਆਂ ਦੀਆਂ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਹੈ ਜਿਸ ਬਾਰੇ ਛੇਤੀ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਹਨਾਂ ਵਿਅਕਤੀਆਂ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਸਬੰਧਾਂ ਦੀ ਗੁਪਤ ਸੂਚਨਾ ਇਕੱਤਰ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਰਜਿਸਟਰੀ ਲਿਖਣ ਦੀ ਸਰਕਾਰੀ ਫੀਸ 270 ਰੁਪਏ ਨਿਰਧਾਰਿਤ ਕੀਤੀ ਗਈ ਹੈ। ਜਦਕਿ ਖੂਨ ਦੇ ਰਿਸਤੇ ਵਿੱਚ ਤਹਿਸੀਲ ਵਿੱਚ ਸਿਰਫ 920 ਰੁਪਏ ਸਰਕਾਰੀ ਫੀਸ ਨਿਰਧਾਰਿਤ ਕੀਤੀ ਗਈ ਹੈ, ਇਸ ਤੋਂ ਇਲਾਵਾ ਕੋਈ ਫੀਸ ਨਹੀਂ ਲਈ ਜਾਂਦੀ ਉਹਨਾਂ ਦੱਸਿਆ ਕਿ ਸ਼ਹਿਰੀ ਜਾਇਦਾਦ ਦੀ ਅਸਟਾਮ ਫੀਸ ਪੁਰਸ਼ਾਂ ਲਈ 9 ਫੀਸਦੀ ਤੇ ਮਹਿਲਾਵਾਂ ਲਈ 7 ਫੀਸਦੀ ਹੈ ਅਤੇ ਪੇਂਡੂ ਖੇਤਰਾਂ ਦੀ ਜਾਇਦਾਦ ਦੇ ਮਾਮਲੇ ਵਿੱਚ ਇਹ ਫੀਸ ਪੁਰਸ਼ਾਂ ਲਈ 6 ਫੀਸਦੀ ਤੇ ਮਹਿਲਾਵਾਂ ਲਈ 4 ਫੀਸਦੀ ਹੈ। ਇਸ ਤੋਂ ਇਲਾਵਾ ਪੇਸਟਿੰਗ ਫੀਸ 100 ਰੁਪਏ, ਇੰਤਕਾਲ ਫੀਸ 300 ਰੁਪਏ ਅਤੇ ਪੀ.ਐਲ.ਆਰ.ਐਸ. ਫੀਸ 10 ਲੱਖ ਰੁਪਏ ਦੀ ਜਾਇਦਾਦ ਤੱਕ 1 ਹਜਾਰ, 10 ਤੋਂ 30 ਲੱਖ ਰੁਪਏ ਦੀ ਜਾਇਦਾਦ ‘ਚ 3 ਹਜਾਰ ਤੇ 30 ਲੱਖ ਰੁਪਏ ਤੋਂ ਉਪਰ ਦੀ ਜਾਇਦਾਦ ‘ਤੇ 5 ਹਜਾਰ ਰੁਪਏ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 2 ਫੀਸਦੀ ਸਰਕਾਰੀ ਫੀਸ ਦੀ ਰਸੀਦ ਤਹਿਸੀਲ ਵਿੱਚ ਕੱਟੀ ਜਾਂਦੀ ਹੈ ਪਰ ਇਹ ਖੂਨ ਦੇ ਰਿਸਤੇ ਦੀਆਂ ਰਜਿਸਟਰੀਆਂ ਉਤੇ ਲਾਗੂ ਨਹੀਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਹਨਾਂ ਤੋਂ ਰਜਿਸਟਰੀ ਕਰਾਉਣ ਮੌਕੇ ਕੋਈ ਸਰਕਾਰੀ ਰੇਟ ਨਾਲੋਂ ਵੱਧ ਪੈਸੇ ਵਸੂਲਦਾ ਹੈ ਤਾਂ ਤੁਰੰਤ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਹਨਾਂ ਦੱਸਿਆ ਕਿ ਛੇਤੀ ਹੀ ਜਨ ਸਹਾਇਤਾ ਕੇਂਦਰ ਅਤੇ ਤਹਿਸੀਲਾਂ ਵਿੱਚ ਸਰਕਾਰੀ ਰੇਟ ਸਬੰਧੀ ਬੋਰਡ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਦਫ਼ਤਰਾਂ ਵਿੱਚ ਸਰਕਾਰੀ ਕੰਮ ਕਰਾਉਣ ਬਦਲੇ ਪੈਸੇ ਲਏ ਜਾਂਦੇ ਹਨ ਉਹਨਾਂ ਬਾਰੇ ਗੁਪਤ ਸੂਚਨਾ ਇਕੱਤਰ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਅਜਿਹੇ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *