ਕਾਂਗਰਸ ਸਰਕਾਰ ਬਹਾਨੇ ਨਹੀਂ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕਰੇ : ਮਜੀਠੀਆ
ਮੱਤੇਵਾਲ 6 ਅਪ੍ਰੈਲ (ਮਧੂਸਾਰ ਬਿਊਰੋ)
ਸਾਬਕਾ ਮੰਤਰੀ ਅਤੇ ਹਲਕਾ ਮਜੀਠਾ ਦੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਯੂ ਪੀ ਦੇ ਭਾਜਪਾ ਸਰਕਾਰ ਤੋਂ ਸੇਧ ਲੈਂਦਿਆਂ ਪੰਜਾਬ ਦੇ ਕਿਸਾਨਾਂ ਦਾ ਕੁਲ ਕਰਜ਼ਾ ਬਿਨਾ ਸ਼ਰਤ ਤੁਰੰਤ ਮੁਆਫ਼ ਕਰਨ ਦਾ ਐਲਾਨ ਕਰਕੇ ਚੋਣ ਵਾਅਦਾ ਪੂਰਾ ਕਰਨ ਲਈ ਕਿਹਾ ਹੈ।
ਮਜੀਠੀਆ ਪਿੰਡ ਉਦੋਕੇ ਅਤੇ ਪੰਨਵਾਂ ਵਿਖੇ ਜਿੱਤ ਦੀ ਖੁਸ਼ੀ ‘ਚ ਰਖਾਏ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਮੌਕੇ ਹਾਜ਼ਰੀ ਲਵਾ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਅਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨ ਆਏ ਸਨ। ਸ: ਮਜੀਠੀਆ ਨੇ ਕਿਹਾ ਕਿ ਜਦ 1997 ਵਿੱਚ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਤਾਂ ਉਹਨਾਂ ਚੋਣ ਵਾਅਦੇ ਅਨੁਸਾਰ ਕਿਸਾਨਾਂ ਨੂੰ ਮੋਟਰਾਂ ਲਈ ਤੁਰੰਤ ਫਰੀ ਬਿਜਲੀ ਦੇਣ ਦਾ ਦਲੇਰਾਨਾ ਕਦਮ ਚੁੱਕਿਆ।ਉਸੇ ਤਰਾਂ ਯੂ ਪੀ ਦੇ ਭਾਜਪਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਕੈਬਨਿਟ ਦੀ ਪਲੇਠੀ ਮੀਟਿੰਗ ‘ਚ ਹੀ ਯੂ ਪੀ ਦੇ ਕਿਸਾਨਾਂ ਦਾ ਕਰੀਬ 40 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ਼ ਕਰਕੇ ਚੋਣ ਵਾਅਦਾ ਪੂਰਾ ਕਰ ਵਿਖਾਇਆ। ਪਰ ਅਫ਼ਸੋਸ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨੇ ਵਾਅਦੇ ਅਨੁਸਾਰ ਕਰਜ਼ਾ ਮੁਆਫ਼ ਕਰਨ ਦੀ ਥਾਂ ਬਦ ਨੀਅਤ ਨਾਲ ਮਾਹਿਰਾਂ ਦੀ ਕਮੇਟੀ ਬਣਾਉਣ ਦਾ ਐਲਾਨ ਕਰ ਕੇ ਕਰਜ਼ਾ ਮੁਆਫ਼ੀ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਚੋਣ ਮੈਨੀਫੈਸਟੋ ਬਣਾਉਣ ਅਤੇ ਜਾਰੀ ਕਰਨ ਵਾਲੇ ਅਰਥ ਸ਼ਾਸਤਰੀ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਪੰਜਾਬ ਦੇ ਵਿਤ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੀ ਅਰਥ ਵਿਵਸਥਾ ਅਤੇ ਕਿਸਾਨੀ ਕਰਜ਼ੇ ਪ੍ਰਤੀ ਹਰ ਨੁਕਤੇ ਤੋਂ ਭਲੀ ਭਾਂਤ ਜਾਣੂ ਹਨ।ਫਿਰ ਇਹ ਕਮੇਟੀ ਕਾਹਦੇ ਲਈ ਬਣਾਈ ਗਈ? ਕੀ ਵਾਅਦੇ ਸਿਰਫ਼ ਚੋਣ ਜਿੱਤਣ ਲਈ ਲਾਰੇ ਹੀ ਸਨ? ਉਹਨਾਂ ਕਿਹਾ ਕਿ ਪਾਰਟੀ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਨਵੀਂ ਸਰਕਾਰ ਨੂੰ ਸਹਿਯੋਗ ਦੇਣ ਦੇ ਨਾਲ ਨਾਲ ਸਰਕਾਰ ਦੇ ਕੰਮਾਂ ਅਤੇ ਨੀਤੀਆਂ ‘ਤੇ ਪੂਰੀ ਨਜ਼ਰ ਰੱਖੇਗੀ, ਕਾਂਗਰਸ ਨੂੰ ਚੋਣ ਵਾਅਦਿਆਂ ਤੋਂ ਮੁੱਕਰਨ ਜਾਂ ਭੱਜਣ ਨਹੀਂ ਦਿੱਤਾ ਜਾਵੇਗਾ।

