ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਲਈ ਛੇ ਨਵੇਂ ਕੋਲਡ ਚੇਨ ਪ੍ਰਾਜੈਕਟਾਂ ਨੂੰ ਪ੍ਰਵਾਨਗੀ
ਅੰਮ੍ਰਿਤਸਰ, ਜਲੰਧਰ, ਮੁਹਾਲੀ, ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ‘ਚ ਲੱਗਣਗੇ ਡੇਅਰੀ, ਸਬਜ਼ੀਆਂ ਤੇ ਫਲਾਂ ਦੇ ਪ੍ਰਾਜੈਕਟ
ਚੰਡੀਗੜ੍ਹ, 6 ਅਪ੍ਰੈਲ (ਮਧੂਸਾਰ ਬਿਊਰੋ)
ਪੰਜਾਬ ਵਿਚ ਫੂਡ ਪ੍ਰੋਸੈਸਿੰਗ ਸਨਅਤ ਨੂੰ ਨਵਾਂ ਹੁਲਾਰਾ ਦਿੰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਲਈ ਛੇ ਨਵੇਂ ਕੋਲਡ ਚੇਨ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਡੇਅਰੀ, ਫਲ ਤੇ ਸਬਜ਼ੀਆਂ ਤੋਂ ਤਿਆਰ ਉਤਪਾਦਾਂ ਦੇ ਮਾਮਲੇ ਵਿਚ ਪੰਜਾਬ ਵਿਚ ਉਪਲਬਧ ਅਪਾਰ ਸੰਭਾਵਨਾਵਾਂ ਦਾ ਭਰਪੂਰ ਲਾਭ ਲੈਣਾ ਚਾਹੁੰਦੇ ਹਨ। ਇਸੇ ਲਈ ਇਹਨਾਂ ਤਿੰਨਾਂ ਖੇਤਰਾਂ ਦੇ ਛੇ ਨਵੇਂ ਕੋਲਡ ਚੇਨ ਸਟੋਰ ਅੰਮ੍ਰਿਤਸਰ, ਜਲੰਧਰ, ਮੁਹਾਲੀ, ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਵਿਚ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਫੂਡ ਪ੍ਰੋਸੈਸਿੰਗ ਮੰਤਰੀ ਨੇ ਦੱਸਿਆ ਕਿ ਇਸ ਨਾਲ ਖੇਤੀਬਾੜੀ ਪਦਾਰਥਾਂ ਦੀ ਕਦਰ ਪਵੇਗੀ ਤੇ ਕਿਸਾਨਾਂ ਦੀ ਆਮਦਨ ਵਿਚ ਚੋਖਾ ਵਾਧਾ ਹੋਵੇਗਾ ਤੇ ਨਾਲ ਹੀ ਬਰਾਮਦ ਨੂੰ ਹੁਲਾਰਾ ਮਿਲੇਗਾ। ਇਹ ਕੋਲਡ ਚੇਨ ਦਿਹਾਤੀ ਖੇਤਰਾਂ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਦ ਮੌਕੇ ਉਪਲਬਧ ਕਰਵਾਉਣਗੇ। ਉਹਨਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ 156 ਕਰੋੜ ਰੁਪਏ ਖਰਚੇ ਜਾ ਰਹੇ ਹਨ ਜਿਸ ਨਾਲ ਦਿਹਾਤੀ ਅਰਥਚਾਰਾ ਹੋਰ ਮਜ਼ਬੂਤ ਹੋਵੇਗਾ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਨਵੇਂ ਪ੍ਰਾਜੈਕਟਾਂ ਦਾ ਮਕਸਦ ਫੂਡ ਪ੍ਰੋਸੈਸਿੰਗ ਲਈ ਕਿਫਾਇਤੀ ਕੋਲਡ ਸਟੋਰੇਜ ਸਹੂਲਤਾਂ ਉਪਲਬਧ ਕਰਵਾਉਣਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਭਾਵੇਂ ਪਹਿਲਾਂ ਵੀ ਕੋਲਡ ਸਟੋਰੇਜ ਸਹੂਲਤਾਂ ਹਨ ਪਰ ਇਹ ਜ਼ਿਆਦਾਤਰ ਆਲੂ ਵਾਸਤੇ ਹਨ। ਉਹਨਾਂ ਕਿਹਾ ਕਿ ਸਾਨੂੰ ਇਸ ਤੋਂ ਅੱਗੇ ਵਧਣ ਦੀ ਜ਼ਰੂਰਤ ਹੈ ਅਤੇ ਵੱਧ ਕੀਮਤ ਵਾਲੀਆਂ ਸਬਜ਼ੀਆਂ ਤੇ ਫਲਾਂ ਨੂੰ ਵੀ ਆਪਣੇ ਕੋਲਡ ਚੇਨਜ਼ ਵਿਚ ਥਾਂ ਦੇਣ ਦੀ ਜ਼ਰੂਰਤ ਹੈ।
ਵੇਰਵੇ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਫੂਡ ਪ੍ਰੋਸੈਸਿੰਗ ਮੰਤਰਾਲਾ ਦੇਸ਼ ਵਿਚ ਇਕ ਕੌਮੀ ਕੋਲਡ ਚੇਨ ਗ੍ਰਿਡ ਬਣਾ ਰਿਹਾ ਹੈ। ਇਸ ਨਾਲ ਢੁਕਵੇਂ ਫਾਰਵਰਡ ਤੇ ਬੈਕਵਰਡ ਲਿੰਕੇਜ ਸਥਾਪਿਤ ਹੋਣਗੇ ਤੇ ਅਨਾਜ ਦੀ ਬਰਬਾਦੀ ਵਿਚ ਕਮੀ ਆਵੇਗੀ । ਉਹਨਾਂ ਕਿਹਾ ਕਿ ਦੇਸ਼ ਭਰ ਵਿਚ 101 ਨਵੇਂ ਏਕੀਕ੍ਰਿਤ ਕੋਲਡ ਚੇਨ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪ੍ਰਾਜੈਕਟ ਫਲਾਂ ਤੇ ਸਬਜ਼ੀਆਂ, ਡੇਅਰੀ,ਮੱਛੀ, ਮੀਟ ਮੈਰੀਨ, ਪੋਲਟਰੀ ਤੇ ਖਾਣ ਲਈ ਤਿਆਰ ਉਤਪਾਦਾਂ ਵਾਸਤੇ ਹਨ।
ਕੋਲਡ ਚੇਨ ਤੇ ਵੈਲਯੂ ਐਡੀਸ਼ਨ ਬੁਨਿਆਦੀ ਢਾਂਚੇ ਦੀ ਯੋਜਨਾ ਤਹਿਤ ਉਦਮੀਆਂ ਨੂੰ 10 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਉਪਲਬਧ ਕਰਵਾਈ ਜਾਂਦੀ ਹੈ। 101 ਨਵੇਂ ਏਕੀਕ੍ਰਿਤ ਪ੍ਰਾਜੈਕਟਾਂ ‘ਤੇ 3100 ਕਰੋੜ ਰੁਪਏ ਦਾ ਕੁੱਲ ਨਿਵੇਸ਼ ਹੋਵੇਗਾ ਜਿਸਦੀ ਬਦੌਲਤ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਆਧੁਨਿਕ ਬੁਨਿਆਦੀ ਢਾਂਚਾ ਉਪਲਬਧ ਹੋ ਜਾਵੇਗਾ। ਕੁੱਲ ਗਰਾਂਟ ਇਨ ਏਡ 838 ਕਰੋੜ ਰੁਪਏ ਹੋਵੇਗੀ।

