ਪੰਜਾਬ

ਖਾਲਸਾ ਕਾਲਜ ਮਾਹਿਲਪੁਰ ਵਿਖੇ ਐਸ. ਅਸ਼ੋਕ ਭੌਰਾ ਦੀ ਪੁਸਤਕ ‘ਖੁੱਲ੍ਹੇ ਬੂਹੇ ਬੰਦ ਬਾਰੀਆਂ ‘ ਰਿਲੀਜ਼

ਉਸਾਰੂ ਸੇਧ ਦੇਣ ਵਾਲੀ ਗਾਇਕੀ ਅਤੇ ਸਾਹਿਤਕਾਰੀ ਸਮੇਂ ਦੀ ਲੋੜ-ਹਰਭਜਨ ਮਾਨ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਪੰਜਾਬੀ ਵਿਭਾਗ ਵਲੋਂ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਸਮੂਹ ਦੇ ਸਹਿਯੋਗ ਨਾਲ ਕਰਵਾਏ ਇਕ ਸਾਹਿਤਕ ਸਮਾਗਮ ਦੌਰਾਨ ਪ੍ਰਸਿੱਧ ਲੇਖਕ ਐਸ. ਅਸ਼ੋਕ ਭੌਰਾ ਦੀ ਵਾਰਤਕ ਪੁਸਤਕ ‘ਖੁੱਲ੍ਹੇ ਬੂਹੇ ਬੰਦ ਬਾਰੀਆਂ ‘ ਰਿਲੀਜ਼ ਕੀਤੀ ਗਈ।

ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਰਭਜਨ ਮਾਨ, ਪਰਵਾਸੀ ਦਾਨੀ ਕੁੰਦਨ ਸਿੰਘ ਸੱਜਣ,ਕਵੀ ਡਾ. ਲਖਵਿੰਦਰ ਜੌਹਲ ਅਤੇ ਪ੍ਰੋ. ਸੰਧੂ ਵਰਿਆਣਵੀ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿਚ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਪੁੱਜੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਕਾਲਜ ਦੀਆਂ ਅਕਾਦਮਿਕ,ਖੇਡ ਅਤੇ ਸਭਿਆਚਾਰਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਚੰਗੇ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਐਸ.ਅਸ਼ੋਕ ਭੌਰਾ ਦੇ ਜੀਵਨ ਅਤੇ ਲਿਖਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਉਨਾਂ੍ਹ ਕਿਹਾ ਕਿ ਕਲਮ ਦੇ ਆਸਰੇ ਅਨੇਕਾਂ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਭੌਰਾ ਦੀ ਲੇਖਣੀ ਨੇ ਅਨੇਕਾਂ ਪਾਠਕ ਪੈਦਾ ਕੀਤੇ ਹਨ। ਡਾ.ਲਖਵਿੰਦਰ ਜੌਹਲ ਨੇ ਰਿਲੀਜ਼ ਕੀਤੀ ਗਈ ਪੁਸਤਕ ਬਾਰੇ ਕਿਹਾ ਕਿ ਸੌਖੀ ਅਤੇ ਸਹਿਜ ਵਾਰਤਕ ਸ਼ੈਲੀ ਕਰਕੇ ਇਹ ਕਿਤਾਬ ਪਾਠਕਾਂ ਵਿਚ ਚੰਗੀਆਂ ਕਦਰਾਂ ਕੀਮਤਾਂ ਪੈਦਾ ਕਰਨ ਵਾਲੀ ਸਿੱਧ ਹੋਵੇਗੀ। ਉਨ੍ਹਾਂ ਆਪਣੀਆਂ ਗ਼ਜ਼ਲਾਂ ਸਰੋਤਿਆਂ ਨਾਲ ਸਾਂਝੀਆਂ ਕਰਕੇ ਖੂਬ ਦਾਦ ਹਾਸਿਲ ਕੀਤੀ। ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿਚ ਗਾਇਕ ਹਰਭਜਨ ਮਾਨ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਕੱਲ੍ਹ ਗਾਈ ਜਾਣ ਵਾਲੀ ਗਾਇਕੀ ਵਿਚੋਂ ਮਨੁੱਖੀ ਕਦਰਾਂ ਕੀਮਤਾਂ ਗਾਇਬ ਹਨ ਇਸ ਕਰਕੇ ਉਨ੍ਹਾਂ ਨੂੰ ਖੁਦ ਉਸਾਰੂ ਸੇਧ ਦੇਣ ਵਾਲੀ ਗਾਇਕੀ ਅਤੇ ਸਾਹਿਤ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੇ ਸੈਂਸਰ ਬੋਰਡ ਸਾਡੀਆਂ ਮਾਵਾਂ ਅਤੇ ਭੈਣਾਂ ਹਨ ਅਤੇ ਜਿਹੜੀ ਗਾਇਕੀ ਪਰਿਵਾਰ ਵਿਚ ਬੈਠ ਕੇ ਸੁਣੀ ਜਾ ਸਕਦੀ ਹੈ ,ਉਹ ਸਹੀ ਹੈ। ਉਨ੍ਹਾਂ ਐਸ ਅਸ਼ੋਕ ਭੌਰਾ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਨਵੀਂ ਪੁਸਤਕ ਦੀ ਵਧਾਈ ਦਿੱਤੀ। ਇਸ ਮੌਕੇ ਵਿਦਿਆਰਥੀਆਂ ਦੀ ਮੰਗ ‘ਤੇ ਹਰਭਜਨ ਮਾਨ,ਲੋਪੋਕੇ ਬ੍ਰਦਰਜ਼ ਅਤੇ ਗਾਇਕ ਜੋੜੀ ਆਤਮਾ ਬੁੱਢੈਵਾਲੀਆ ਤੇ ਅਮਨ ਰੋਜ਼ੀ ਨੇ ਆਪਣੇ ਗੀਤ ਪੇਸ਼ ਕਰਕੇ ਸਮਾਂ ਬੰਨ੍ਹਾਂ ਦਿੱਤਾ। ਮੰਚ ਦੀ ਕਾਰਵਾਈ ਪ੍ਰੋ ਜੇ ਬੀ ਸੇਖੋਂ ਨੇ ਚਲਾਈ। ਇਸ ਮੌਕੇ ਲੇਖਕ ਪ੍ਰੀਤ ਨੀਤਪੁਰ,ਵਿਜੇ ਬੰਬੇਲੀ,ਬੱਗਾ ਸਿੰਘ ਚਿੱਤਰਕਾਰ,ਸ਼ਿਵ ਕੁਮਾਰ ਬਾਵਾ,ਰਾਓ ਕੈਂਡੋਵਾਲ,ਅਵਤਾਰ ਸੰਧੂ,ਪ੍ਰੋ. ਪਵਨਦੀਪ ਚੀਮਾ,ਡਾ. ਜਸਵਿੰਦਰ ਸਿੰਘ,ਪ੍ਰੋ. ਜੰਗ ਬਹਾਦਰ ਸਿੰਘ ਸੇਖੋਂ,ਡਾ. ਪ੍ਰਭਜੋਤ ਕੌਰ, ਪ੍ਰੋ ਬਲਵੀਰ ਕੌਰ,ਪ੍ਰੋ, ਪਰਮਵੀਰ ਸਿੰਘ ਸ਼ੇਰਗਿੱਲ,ਪ੍ਰੋ. ਅਸ਼ੋਕ ਕੁਮਾਰ ਆਦਿ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *