ਪੰਚਮੀ ਦੇ ਦਿਹਾੜੇ ਵੱਡੀ ਗਿਣਤੀ ’ਚ ਸੰਗਤਾਂ ਨੇ ਮੱਥਾ ਟੇਕਕੇ ਕੀਤਾ ਪਵਿੱਤਰ ਸਰੋਵਰ ’ਚ ਇਸ਼ਨਾਨ
ਅਜ਼ਾਦੀ ਸੰਗਰਾਮ ’ਚ ਸਿੱਖਾਂ ਦੀ ਨਿਰਣਾਇਕ ਭੂਮਿਕਾ ਅਜੌਕੀ ਪੀੜ੍ਹੀ ਲਈ ਪ੍ਰੇਰਨਾ : ਪ੍ਰੋ. ਬਡੂੰਗਰ
ਗੁਰਦੁਆਰਾ ਪ੍ਰਬੰਧਕਾਂ ਵੱਲੋਂ ਖੋਜ ਕਾਰਜਾਂ ਕਰਕੇ ਡਾ. ਪਰਮਵੀਰ ਸਿੰਘ ਸਨਮਾਨਤ
ਪਟਿਆਲਾ 13 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ। ਤੜਕਸਵੇਰੇ ਕਵਾੜ੍ਹ ਖੁੱਲ੍ਹਣ ਮਗਰੋਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਮੁੱਖਵਾਕ ਲਿਆ। ਗੁਰੂ ਦਰਬਾਰ ’ਚ ਮੱਥਾ ਟੇਕਣ ਪੁੱਜੀਆਂ ਸੰਗਤਾਂ ਨੇ ਹਜ਼ੂਰੀ ਕੀਰਤਨੀ ਜਥਿਆਂ ਪਾਸੋਂ ਗੁਰਬਾਣੀ ਸਰਵਣ ਕੀਤੀ ਅਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ’ਚ ਪੰਗਤ ਅਤੇ ਸੰਗਤ ਕਰਕੇ ਸੰਗਤਾਂ ਨੇ ਢਾਡੀ, ਕਵੀਸ਼ਰੀ ਜੱਥਿਆਂ ਪਾਸੋਂ ਗੁਰੂ ਇਤਿਹਾਸ ਨਾਲ ਸਾਂਝ ਪਾਈ। ਗੁਰੂ ਇਤਿਹਾਸ ਨਾਲ ਜੋੜਨ ਵਾਲੇ ਢਾਡੀ-ਕਵੀਸ਼ਰੀ ਜਥਿਆਂ ’ਚ ਭਾਈ ਗੁਰਪਿਆਰ ਸਿੰਘ ਜੌਹਰ, ਭਾਈ ਲਖਵਿੰਦਰ ਸਿੰਘ ਪਾਰਸ, ਭਾਈ ਮੁਖਤਿਆਰ ਸਿੰਘ ਮੋਹਾਲੀ, ਭਾਈ ਸ਼ੀਤਲ ਸਿੰਘ ਮਿਸ਼ਰਾ, ਭਾਈ ਹਰਪ੍ਰੀਤ ਸਿੰਘ ਮਸਤਾਨਾ, ਭਾਈ ਹਰਮੀਤ ਸਿੰਘ ਜਨੇਤਪੁਰ ਅਤੇ ਰੂਪ ਸਿੰਘ ਅਲਬੇਲਾ ਆਦਿ ਪੁੱਜੇ ਹੋਏ ਸਨ।

ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ’ਚ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਜ਼ਾਦੀ ਦੇ ਸੰਗਰਾਮ ’ਚ ਸਿੱਖਾਂ ਵੱਲੋਂ ਨਿਭਾਈ ਅਹਿਮ ਭੂਮਿਕਾ ਅਤੇ ਦਿੱਤੀਆਂ ਕੁਰਬਾਨੀਆਂ ਸਦਕਾ ਅੱਜ ਆਪਾਂ ਅਸਲ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਪ੍ਰੋ. ਬਡੂੰਗਰ ਨੇ ਕਿਹਾ ਕਿ ਖਾਲਸਾ ਪੰਥ ਦਾ ਸਿਧਾਂਤ ਜ਼ਬਰ ਅਤੇ ਜ਼ੁਲਮ ਦੇ ਖਿਲਾਫ਼ ਜੂਝਕੇ ਮਰਨ ਦਾ ਹੈ, ਜਿਸ ’ਤੇ ਚੱਲਕੇ ਸਿੱਖ ਸੂਰਬੀਰਾਂ ਨੇ ਅਜ਼ਾਦੀ ਦੇ ਲੜਾਈ ਦੌਰਾਨ ਦਲੇਰੀ ਅਤੇ ਬਹਾਦਰੀ ਨਾਲ ਅੰਗਰੇਜ਼ ਹਕੂਮਤ ਨੂੰ ਦੇਸ਼ ਨੂੰ ਛੱਡ ਜਾਣ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਅਜ਼ਾਦੀ ਦੀ ਲੜਾਈ ਵਿਚ ਸਿੱਖਾਂ ਦੀ ਨਿਰਣਾਇਕ ਭੂਮਿਕਾ ਨੂੰ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਇਤਿਹਾਸ ’ਚ ਸਾਰਾਗੜ੍ਹੀ ਵਰਗੀਆਂ ਅਨੇਕਾਂ ਹੀ ਲੜਾਈਆਂ ਅਜੌਕੀ ਪੀੜ੍ਹੀ ਲਈ ਪ੍ਰੇਰਨਾ ਦੀ ਵੱਡੀ ਮਿਸਾਲ ਹਨ ਅਤੇ ਸਿੱਖਾਂ ਨੂੰ ਅਸਲ ਨਾਇਕ ਹੋਣ ਦਾ ਮਾਣ ਪ੍ਰਾਪਤ ਹੋਇਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਸਿੱਖ ਧਰਮ ਵਿਸ਼ਵਕੋਸ਼ ਦੇ ਮੁੱਖ ਸੰਪਾਦਕ ਡਾ. ਪਰਮਵੀਰ ਸਿੰਘ ਨੂੰ ਮੁੱਖ ਸੰਪਾਦਕ ਬਣਾਏ ਜਾਣ ’ਤੇ ਸਿਰੋਪਾਓ ਅਤੇ ਸਨਮਾਨ ਚਿੰਨ ਨਾਲ ਸਨਮਾਨਤ ਵੀ ਕੀਤਾ ਅਤੇ ਪ੍ਰਮੁੱਖਤਾ ਨਾਲ ‘ਪੈਨ’ ਵੀ ਭੇਂਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਅਮਰਪਾਲ ਸਿੰਘ, ਭਾਈ ਭੁਪਿੰਦਰਪਾਲ ਸਿੰਘ, ਡਾ. ਕੰਵਲਜੀਤ ਸਿੰਘ, ਡਾ. ਹਰਜੀਤ ਸਿੰਘ, ਪ੍ਰਚਾਰਕ ਭਾਈ ਪਰਵਿੰਦਰ ਸਿੰਘ ਬਰਾੜਾ ਅਤੇ ਸ਼ੋ੍ਰਮਣੀ ਕਮੇਟੀ ਸਟਾਫ ਆਦਿ ਹਾਜ਼ਰ ਸਨ।

