ਸਹੌਰ ਵਿਖੇ ਅੱਗ ਲੱਗਣ ਨਾਲ ਕਣਕ ਦੀ 3 ਏਕੜ ਫਸਲ ਸੜ ਕੇ ਸੁਆਹ
ਪਾਵਰਕਾਮ ਦੇ ਰਵੱਈਏ ਤੋਂ ਗੁੱਸੇ ਚ ਆ ਕੇ ਕਿਸਾਨਾਂ ਨੇ ਕੀਤਾ ਬਰਨਾਲਾ-ਲੁਧਿਆਣਾ ਰੋਡ ਜਾਮ
ਮਹਿਲ ਕਲਾਂ 8 ਅਪਰੈਲ (ਗੁਰਭਿੰਦਰ ਗੁਰੀ)
ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹੌਰ ਵਿਖੇ ਅੱਜ ਇੱਕ ਕਿਸਾਨ ਦੀ ਅੱਗ ਲੱਗਣ ਨਾਲ ਤਿੰਨ ਏਕੜ ਕਣਕ ਦੀ ਖੜੀ ਫਸਲ ਸੜ ਕੇ ਸੁਆਹ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ।
ਪੀੜਤ ਕਿਸਾਨ ਮਲਕੀਤ ਸਿੰਘ ‘ਤੇ ਕੁਲਦੀਪ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਸਹੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਅਦ ਦੁਪਿਹਰ ਉਹਨਾਂ ਦੇ ਖੇਤ ਉੱਪਰੋਂ ਦੀ ਲੰਘਦੀ 11 ਹਜਾਰ ਵੋਲਟਿਜ ਦੀ ਬਿਜਲੀ ਵਾਲੀ ਲਾਇਨ ਵਿੱਚੋਂ ਨਿਕਲੀਆਂ ਚਗਿੰਆੜੀਆਂ ਨੇ ਖੇਤ ਵਿੱਚ ਖੜੀ ਕਣਕ ਦੀ ਫਸਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਤਿੰਨ ਏਕੜ ਦੇ ਕਰੀਬ ਫਸਲ ਸੜ ਕੇ ਸੁਆਹ ਹੋ ਗਈ।
ਉਹਨਾਂ ਦੱਸਿਆਂ ਕਿ ਅੱਗ ਲੱਗਣ ਦੀ ਘਟਨਾ ਦਾ ਸਾਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਖੇਤ ਵਿੱਚ ਰਹਿੰਦੇ ਇੱਕ ਕਿਸਾਨ ਨੇ ਸਾਨੂੰ ਸੂਚਿਤ ਕੀਤਾ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋ ਅਨਾਉਸਮੈਟ ਕਰਵਾਈ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਪਿੰਡਾਂ ਦੇ ਲੋਕਾ ਨੇ ਟਰੈਕਟਰ,ਪਾਣੀ ਅਤੇ ਮਿੱਟੀ ਨਾਲ ਕਾਫੀ ਲੰਮੀ ਜਦੋਂ ਜਹਿਦ ਕਰਕੇ ਅੱਗ ਦੇ ਕਾਬੂ ਪਾਇਆ। ਇਸ ਮੌਕੇ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਅਸੀ ਮਹਿੰਗੇ ਭਾਅ ਦਾ ਡੀਜ਼ਲ ਅਤੇ ਮਹਿੰਗੀਆਂ ਦਵਾਈਆਂ ਪਾ ਕੇ ਕਣਕ ਦੀ ਫਸਲ ਨੂੰ ਪੁੱਤਾ ਵਾਂਗ ਪਾਲਿਆ ਸੀ ਕਣਕ ਦੀ ਫਸਲ ਨੂੰ ਅੱਗ ਲੱਗਣ ਸਾਡਾ ਢਾਈ ਲੱਖ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਇਸ ਘਟਨਾ ਸਬੰਧੀ ਪਤਾ ਲੱਗਦਿਆਂ ਹੀ ਥਾਣਾ ਠੁੱਲੀਵਾਲ ਦੀ ਪੁਲਸ ਪਾਰਟੀ ਨੇ ਮੌਕੇ ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਕੇਵਲ ਸਿੰਘ ਸਹੌਰ,ਕਪੂਰ ਸਿੰਘ,ਗੁਰਮੇਲ ਸਿੰਘ,ਭਾਨ ਸਿੰਘ,ਕੁਲਵੰਤ ਸਿੰਘ,ਬੂਟਾ ਸਿੰਘ,ਨੰਬਰਦਾਰ ਦਰਸਨ ਸਿੰਘ,ਭਗਵਾਨ ਚੰਦ,ਗੁਰਮੀਤ ਸਿੰਘ ਆਦਿ ਨੇ ਜਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਣਕ ਦੇ ਸੀਜ਼ਨ ਦੌਰਾਨ ਮਹਿਲ ਕਲਾਂ ਵਿਖੇ ਪੱਕੀ ਫਾਇਰ ਬ੍ਰਿਗੇਡ ਗੱਡੀ ਖੜੀ ਕੀਤੀ ਜਾਵੇ ਅਤੇ ਪੀੜਤ ਕਿਸਾਨ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਕੀ ਕਹਿੰਦੇ ਨੇ ਅਧਿਕਾਰੀ :-
ਇਸ ਸਬੰਧੀ ਪਾਵਰਕਾਮ ਸਬ ਡਵੀਜ਼ਨ ਮਹਿਲ ਕਲਾ ਦੇ ਐਸ ਡੀ ਓ ਰਮੇਸ ਕੁਮਾਰ ਨੇ ਦੱਸਿਆ ਕਿ ਅੱਜ ਮੈ ਛੁੱਟੀ ਤੇ ਹਾਂ ਅੱਜ ਸਬ ਡਵੀਜ਼ਨ ਠੁੱਲੀਵਾਲ ਦੇ ਐਸ ਡੀ ਓ ਅਮਨਦੀਪ ਸਿੰਘ ਬਰਨਾਲਾ ਕੋਲ ਚਾਰਜ ਹੈ।
ਐਸ ਡੀ ਓ ਠੁੱਲੀਵਾਲ ਅਮਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਤਾਰਾ ਵਿੱਚ ਕੋਈ ਵੀ ਨੁਕਸ ਨਹੀ ਤੇ ਯੈਪਰ ਵਗੈਰਾ ਵੀ ਸਹੀ ਹਨ ਸਾਨੂੰ ਤਾਂ ਸਾਰਟ ਸਰਕਟ ਹੋਣ ਦਾ ਕੋਈ ਕਾਰਨ ਨਹੀ ਮਿਲਿਆ।
ਪਾਵਰਕਾਮ ਦੇ ਰਵੱਈਏ ਤੋਂ ਗੁੱਸੇ ਚ ਆ ਕੇ ਕਿਸਾਨਾਂ ਨੇ ਕੀਤਾ ਬਰਨਾਲਾ-ਲੁਧਿਆਣਾ ਰੋਡ ਜਾਮ :-
ਇਸੇ ਦੌਰਾਨ ਹੀ ਪਾਵਰਕਾਮ ਪਾਸੋਂਂ ਕੋਈ ਭਰੋਸਾ ਨਾਲ ਮਿਲਣ ਤੇ ਰੋਹ ਵਿੱਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ (ਡਕੌਂਦਾ) ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਹੇਠ ਪਾਵਰਕਾਮ ਸਬ ਡਵੀਜ਼ਨ ਮਹਿਲ ਕਲਾਂ ਅੱਗੇ ਧਰਨਾ ਦੇ ਕੇ ਬਰਨਾਲਾ ਲੁਧਿਆਣਾ ਮੇਨ ਹਾਈਵੇ ‘ਤੇ ਆਵਾਜਾਈ ਨੂੰ ਜਾਮ ਕੀਤਾ ਗਿਆ। ਕਿਸਾਨਾਂ ਦੇ ਰੋਹ ਨੂੰ ਦੇਖਦਿਆ ਨਾਇਬ ਤਹਿਸੀਲਦਾਰ ਬਹਾਦਰ ਸਿੰਘ,ਡੀ ਐਸ ਪੀ ਮਹਿਲ ਕਲਾਂ ਸ. ਕੁਲਦੀਪ ਸਿੰਘ ਵਿਰਕ ਅਤੇ ਐਸ ਐਚ ਓ ਮਹਿਲ ਕਲਾਂ ਜਤਿੰਦਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ। ਇਸ ਸਮੇਂਂ ਨਾਇਬ ਤਹਿਸੀਲਦਾਰ ਬਹਾਦਰ ਸਿੰਘ ਨੇ ਐਸ ਡੀ ਓ ਠੁੱਲੀਵਾਲ ਦੀ ਹਾਜਰੀ ਵਿੱਚ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੇ ਹੋਏ ਨੁਕਸਾਨ ਸਬੰਧੀ ਪਟਵਾਰੀ ਤੋ ਰਿਪੋਰਟ ਮੰਗਵਾਈ ਜਾ ਰਹੀ ਹੈ ਰਿਪੋਰਟ ਆਉਣ ਤੋ ਬਾਅਦ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਅਤੇ ਤਾਰਾ ਨੂੰ ਸੀਜ਼ਨ ਤੋ ਬਾਅਦ ਬਦਲ ਦਿੱਤੇ ਜਾਣ ਦੇ ਭਰੋਸੇ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਦਿੱਤਾ । ਇਸ ਧਰਨੇ ਵਿੱਚ ਕਿਸਾਨ ਆਗੂ ਕੇਵਲ ਸਿੰਘ ਸਹੌਰ,ਜੱਗਾਂ ਸਿੰਘ ਛਾਪਾ,ਜਸਵੰਤ ਸਿੰਘ ਛਾਪਾ,ਭਾਗ ਸਿੰਘ ਕੁਰੜ,ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਕਰਨੈਲ ਸਿੰਘ ਗਾਧੀ,ਜਮਹੂਰੀ ਕਿਸਾਨ ਸਭਾ ਦੇ ਮਾਸਟਰ ਸਾਧਾ ਸਿੰਘ ਵਿਰਕ ਆਦਿ ਨੇ ਸ਼ਮੂਲੀਅਤ ਕੀਤੀ।

