ਪੰਜਾਬਪਟਿਆਲਾ

ਕਿਸਾਨ ਆਧੂਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਤੋਂ ਬੱਚਣ: ਜਲਾਲਪੁਰ

ਘਨੌਰ/ਪਟਿਆਲਾ, 11 ਅਪ੍ਰੈਲ (ਮਧੂਸਾਰ ਬਿਊਰੋ)
ਕਿਸਾਨ ਆਧੂਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਤੋਂ ਬੱਚਣ ਅਤੇ ਧਰਤੀ ਹੇਠਲੇ ਜੀਵਾਂ ਅਤੇ ਇਸ ਦੀ ਤਾਕਤ ਨੂੰ ਕਾਇਮ ਰੱਖਦੇ ਹੋਏ ਵੱਧ ਫਸਲਾਂ ਲੈ ਸਕਦੇ ਹਨ ਅਤੇ ਆਪਣੇ ਖਰਚੇ ਵੀ ਘਟਾ ਸਕਦੇ ਹਨ। ਇਹ ਵਿਚਾਰ ਅੱਜ ਘਨੌਰ ਹਲਕੇ ਦੇ ਵਿਧਾਇਕ ਸ਼੍ਰੀ ਮਦਨ ਲਾਲ ਜਲਾਲਪੁਰ ਨੇ ਇਲਾਕੇ ਦੇ ਮਰਦਾਪੁਰ ਪਿੰਡ ਵਿਖੇ ਲਗਾਏ ਗਏ ਕਿਸਾਨ ਮੇਲੇ ‘ਚ ਰੱਖੇ ਹਨ।

ਉਹਨਾਂ ਆਪਣੇ ਤਜਰਬੇ ਸਾਹਮਣੇ ਰੱਖਦੇ ਹੋਏ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਘੱਟ ਜਮੀਨ ‘ਤੇ ਕੀਤੀ ਜਾ ਰਹੀ ਖੁਸ਼ਹਾਲ ਖੇਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਦੀਆਂ ਦਾ ਸਾਡਾ ਗਿਆਨ ਮਿੱਟੀ ਦੀ ਤਾਕਤ ਨੂੰ ਬਚਾਉਣ ਅਤੇ ਵਾਧੂ ਫਸਲ ਲੈਣ ਬਾਰੇ ਦੱਸਦਾ ਆ ਰਿਹਾ ਹੈ। ਸ਼੍ਰੀ ਜਲਾਲਪੁਰ ਨੇ ਕਿਹਾ ਕਿ ਜਦ ਉਹ ਛੋਟੇ ਸਨ ਤਾਂ ਵੇਖਦੇ ਸੀ ਕਿ ਬੱਲਦ ਨਾਲ ਹੱਲ ਵਾਹੁਣ ਤੋਂ ਬਾਅਦ ਇੱਕ ਗੇੜਾ ਪੁੱਠਾ ਵੀ ਲਾਇਆ ਜਾਂਦਾ ਸੀ ਇਸ ਨਾਲ ਧਰਤੀ ਹੇਠਲੀ ਉਪਜਾਉ ਮਿੱਟੀ ਉੱਪਰ ਆ ਜਾਂਦੀ ਸੀ ਅਤੇ ਫਸਲ ਵੱਧ ਹੁੰਦੀ ਸੀ। ਅੱਜ ਫੇਰ ਅਜਿਹੀਆਂ ਮਸ਼ੀਨਾਂ ਆ ਗਈਆਂ ਹਨ ਜਿਹੜੀਆਂ ਮਿੱਟੀ ਨੂੰ ਪੱਲਟ ਦਿੰਦਿਆਂ ਹਨ।
ਸ਼੍ਰੀ ਜਲਾਲਪੁਰ ਨੇ ਕਿਹਾ ਕਿ ਝੋਨੇ ਦੀ ਫਸਲ ਦੀ ਕਟਾਈ ਮੌਕੇ ਹੀ ਕਿਸਾਨ ਕੰਬਾਇਨ ਨਾਲ ਇੱਕ ਪਾਸੇ ਫਸਲ ਕੱਟਦਾ ਹੈ ਅਤੇ ਉਸਦੇ ਪਿੱਛੇ-ਪਿੱਛੇ ਹੀ ਹੈਪੀਸੀਡਰ ਵਰਗੀ ਦੂਸਰੀ ਮਸ਼ੀਨ ਨਾਲ ਕਣਕ ਦੀ ਬੀਜਾਈ ਵੀ ਕਰ ਲੈਂਦਾ ਹੈ। ਆਧੂਨਿਕ ਮਸ਼ੀਨਾਂ ‘ਚ ਝੋਨੇ ਦੀ ਕਟਾਈ ਮੌਕੇ ਲਗਭਗ ਸਾਰੀ ਪਰਾਲੀ ਕੱਟਕੇ ਖੇਤ ‘ਚ ਵਿੱਛ ਜਾਂਦੀ ਹੈ, ਇਸ ਨਾਲ ਅਸੀਂ ਧਰਤੀ ਦੇ ਹੇਠਲੇ ਕਈ ਜੀਂਵ ਜੰਤੂ ਮਾਰਨ ਦਾ ਪਾਪ ਕਰਨ ਤੋਂ ਬੱਚ ਜਾਂਦੇ ਹਾਂ। ਉਹਨਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਹੋਰ ਮਾਣਯੋਗ ਅਦਾਲਤਾਂ ਦੇ ਆਦੇਸ਼ਾਂ ਦੀ ਪਾਲਣਾ ਕਰਕੇ ਸਾਨੂੰ ਆਪਣੇ ਆਲੇ ਦੁਆਲੇ ਦਾ ਵਾਤਾਵਰਣ ਵੀ ਠੀਕ ਰੱਖਣਾ ਚਾਹੀਦਾ ਹੈ।
ਖੇਤੀਬਾੜੀ ਵਿਭਾਗ ਪਟਿਆਲਾ ਵੱਲੋਂ ਅੱਜ ਹਰਮਨ ਪੈਲਸ ਮਰਦਾਪੁਰ ਘਨੌਰ ਵਿਖੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾਂ ਅਧੀਨ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਅਤੇ ਪਰਾਲੀ ਦੀ ਸੁਚੱਜੀ ਵਰਤੋਂ ਸਬੰਧੀ ਲਾਏ ਗਏ ਕਿਸਾਨ ਸਿਖਲਾਈ ਕੈਂਪ ‘ਚ ਵੱਡੀ ਗਿਣਤੀ ‘ਚ ਕਿਸਾਨਾਂ ਨੇ ਹਿੱਸਾ ਲਿਆ ਅਤੇ ਆਧੂਨਿਕ ਮਸ਼ੀਨਾਂ ਅਤੇ ਸਾਉਣੀ ਦੀ ਫਸਲਾਂ ਦੀ ਜਾਣਕਾਰੀ ਲਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੰਦੀਪ ਰਿਸ਼ੀ ਨੇ ਕਿਸਾਨਾਂ ਨੂੰ ਮਾਣਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਲਾਕ ਪੱਧਰ ‘ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ‘ਤੇ ਨਜ਼ਰ ਰੱਖਣਗੇ ਅਤੇ ਲੋੜੀਂਦੇ ਕਦਮ ਚੁਕਣਗੇ।
ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਮਨਮੋਹਨ ਕਾਲੀਆ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਕਿਹਾ ਕਿ ਇਹ ਜਰੂਰੀ ਨਹੀਂ ਹੈ ਕਿ ਉਹ ਮਹਿੰਗੀਆਂ ਮਸ਼ੀਨਾ ਖਰੀਦਣ, ਕੋਸ਼ਿਸ਼ ਕੀਤੀ ਜਾਵੇਗੀ ਕਈ ਕਿਸਾਨ ਇੱਕਠੇ ਮਿਲ ਕੇ ਮਸ਼ੀਨ ਖਰੀਦਣ ਜਾਂ ਫਿਰ ਸੋਸਾਇਟੀ ਬਣਾਕੇ ਮਸ਼ੀਨ ਖਰੀਦੀ ਜਾਵੇ ਅਤੇ ਕਿਰਾਏ ‘ਤੇ ਲੈ ਕੇ ਵਰਤੋਂ ਕੀਤੀ ਜਾਵੇ।
ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਜੰਤਰ ਦੇ ਬੀਜ ਲਈ ਅਪਲਾਈ ਕਰਨ ਲਈ ਦੱਸਿਆ ਕਿ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਪਟਿਆਲਾ ਨੂੰ 17 ਅਪ੍ਰੈਲ ਤੱਕ ਬਿਨੈ ਪੱਤਰ ਦੇ ਸਕਦੇ ਹਨ। ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨਾਲ ਝੋਨੇ ਦੀ ਫਸਲਾਂ ਲਈ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਮਿੱਟੀ ਪਾਣੀ ਦੇ ਸੈਂਪਲ ਟੈਸਟ ਕਰਾਵਕੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਦੀ ਸਲਾਹ ਦਿੱਤੀ।
ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਮਦਨਲਾਲ ਜਲਾਲਪੁਰ ਨੇ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਰਾਜਮੋਹਨ ਕਾਲੇਕਾ, ਬੀਰ ਦਲਵਿੰਦਰ ਸਿੰਘ, ਜਰਨੈਲ ਸਿੰਘ, ਬਲਕਾਰ ਸਿੰਘ, ਹਰਜਿੰਦਰ ਸਿੰਘ, ਇਕਬਾਲ ਸਿੰਘ, ਜੈ ਸਿੰਘ ਅਤੇ ਗਰਪ੍ਰੀਤ ਸਿੰਘ ਨੂੰ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਸਨਮਾਨਿਤ ਕੀਤਾ।
ਇਸ ਮੌਕੇ ਕੇ.ਵੀ.ਕੇ. ਰੌਣੀ ਤੋਂ ਸਹਿਯੋਗੀ ਨਿਰਦੇਸ਼ਕ ਡਾ. ਜਸਵਿੰਦਰ ਸਿੰਘ, ਖੇਤੀਬਾੜੀ ਮਾਹਿਰ ਡਾ. ਰਵਿੰਦਰਪਾਲ ਸਿੰਘ ਚੱਠਾ, ਡਾ. ਅਮਨਿੰਦਰ ਸਿੰਘ ਮਾਨ, ਹਾਇਡਰੋਲੋਜਿਸ਼ਟ ਦੀਪਕ ਸੇਠੀ, ਸ਼੍ਰੀ ਰਾਕੇਸ਼ ਮਹਿਤਾ ਅਤੇ ਪੰਜਾਬ ਪ੍ਰਦੂਸ਼ਣ ਨਿਯਤੰਰਨ ਬੋਰਡ ਦੇ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *