ਯਾਦਵ ਫਾਂਸੀ ਮਾਮਲਾ : ਭਾਰਤ ਨੇ ਪਾਕਿ ਤੋਂ ਮੰਗੀ ਚਾਰਜਸ਼ੀਟ ਅਤੇ ਫੈਸਲੇ ਦੀ ਕਾਪੀ
ਇਸਲਾਮਾਬਾਦ 14 ਅਪ੍ਰੈਲ (ਏਜੰਸੀਆਂ) ਭਾਰਤ ਨੇ ਆਪਣੇ ਨਾਗਰਿਕ ਕੁਲਭੂਸ਼ਣ ਯਾਦਵ ਦੇ ਖਿਲਾਫ਼ ਦਾਇਰ ਦੋਸ਼ ਪੱਤਰ ਅਤੇ ਮੌਤ ਦੀ ਸਜ਼ਾ ਦੇ ਫੈਸਲੇ ਦੀ ਪ੍ਰਮਾਣ ਕਾਪੀ ਮੰਗੀ ਹੈ। ਇਸਲਾਮਾਬਾਦ ਵਿਚ ਭਾਰਤੀ ਕਮਿਸ਼ਨਰ ਗੌਤਮ ਬੰਬਾਵਾਲੇ ਨੇ ਯਾਦਵ ਮਾਮਲੇ ਵਿਚ ਪਾਕਿਸਤਾਨੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨਾਲ ਮੁਲਾਕਾਤ ਕੀਤੀ। ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਕਥਿਤ ਜਾਸੂਸੀ ਨੂੰ ਲੈ ਕੇ ਯਾਦਵ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਬੰਬੇਵਾਲੇ ਨੇ ਦੱਸਿਆ ਕਿ ਅਸੀਂ ਦੋਸ਼ ਪੱਤਰ ਅਤੇ ਕੁਲਭੂਸ਼ਣ ਯਾਦਵ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਦੇ ਫੈਸਲੇ ਦੀ ਪ੍ਰਮਾਣਿਤ ਕਾਪੀ ਮੰਗੀ ਹੈ।
ਉਨ੍ਹਾਂ ਕਿਹਾ ਕਿ ਸਾਡੇ ਵੱਲੋਂ 13 ਵਾਰ ਯਾਦਵ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਪਾਕਿਸਤਾਨੀ ਵਿਦੇਸ਼ ਸਕੱਤਰ ਨੂੰ ਮੁੜ ਅਪੀਲ ਕੀਤੀ ਗਈ ਹੈ ਕਿ ਯਾਦਵ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਅਸੀਂ ਅਪੀਲ ਕਰ ਸਕੀਏ।
ਪਾਕਿਸਤਾਨ ਦੇ ਉਚ ਫੌਜੀ ਅਧਿਕਾਰੀਆਂ ਨੇ ਯਾਦਵ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਦੇ ਮਾਮਲੇ ‘ਤੇ ਕੋਈ ਵੀ ਸਮਝੌਤਾ ਨਾ ਕਰਨ ਦਾ ਫੈਸਲਾ ਕੀਤਾ। ਸੈਨਾ ਮੁਖੀ ਜਨਰਲ ਕਮਰ ਬਾਜਵਾ ਦੀ ਅਗਵਾਈ ‘ਚ ਹੋਈ ਕੋਰ ਕਮਾਂਡਰਾਂ ਦੀ ਬੈਠਕ ਵਿਚ ਇਹ ਫੈਸਲਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਯਾਦਵ ਨੂੰ ਜਾਸੂਸੀ ਅਤੇ ਭਰੋਸੇਯੋਗ ਗਤੀਵਿਧੀਆਂ ਦਾ ਦੋਸ਼ੀ ਕਰਾਰ ਦਿੰਦਿਆਂ ਫੀਲਡ ਜਨਰਲ ਕੋਰਟ ਮਾਰਸ਼ਲ ਨੇ ਮੌਤ ਦੀ ਸਜ਼ਾ ਸੁਣਾਈ ਅਤੇ ਜਨਰਲ ਬਾਜਵਾ ਨੇ ਇਸ ਸਜ਼ਾ ਦੀ ਪੁਸ਼ਟੀ ਕੀਤੀ ਹੈ।
ਪਾਕਿਸਤਾਨ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਸੁਰੱਖਿਆ ਬਲਾਂ ਨੇ ਪਿਛਲੇ ਸਾਲ ਤਿੰਨ ਮਾਰਚ ਨੂੰ ਬਲੌਚਿਸਤਾਨ ਸੂਬੇ ‘ਚ ਯਾਦਵ ਨੂੰ ਗ੍ਰਿਫਤਾਰ ਕੀਤਾ ਸੀ, ਜੋ ਇਰਾਨ ਦੀ ਸੀਮਾ ਤੋਂ ਕਥਿਤ ਤੌਰ ‘ਤੇ ਦਾਖਲ ਹੋਇਆ ਹੈ।
ਫੀਲਡ ਜਨਰਲ ਕੋਰਟ ਮਾਰਸ਼ਲ ਨੇ 46 ਸਾਲਾ ਯਾਦਵ ਨੂੰ ਪਾਕਿਸਤਾਨ ਵਿਚ ਜਾਸੂਸੀ ਅਤੇ ਭੰਨਤੋੜ ਕਰਨ ਦਾ ਦੋਸ਼ੀ ਮੰਨਿਆ ਸੀ, ਜਿਸ ਤੋਂ ਬਾਅਦ ਸੈਨਾ ਪ੍ਰਮੁੱਖ ਜਨਰਲ ਬਾਜਵਾ ਨੇ ਉਸ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ। ਭਾਰਤ ਨੇ ਸਵੀਕਾਰ ਕੀਤਾ ਸੀ ਕਿ ਯਾਦਵ ਨੌਸੈਨਾ ਵਿਚ ਕੰਮ ਕਰ ਚੁੱਕੇ ਹਨ, ਪ੍ਰੰਤੂ ਸਰਕਾਰ ਨੇ ਉਸ ਨਾਲ ਕਿਸੇ ਵੀ ਤਰ੍ਹਾਂ ਸੰਪਰਕ ਕਰਨ ਤੋਂ ਇਨਕਾਰ ਕੀਤਾ। ਸੈਨਾ ਮੁਖੀ ਜਨਰਲ ਬਾਜਵਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਕਿਸਮ ਦੀਆਂ ਰਾਸ਼ਟਰ ਵਿਰੋਧੀ ਗਤੀਵਿਧੀਆਂ ‘ਤੇ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।

