ਪੰਜਾਬ

ਖਾਲਸਾ ਸਾਜਨਾ ਦਿਵਸ ਦੀ ਛੁੱਟੀ ਉੱਤੇ ਸਿਰਫ ਕਾਂਗਰਸ ਸਰਕਾਰ ਹੀ ਲੀਕ ਫੇਰ ਸਕਦੀ ਸੀ: ਸੁਖਬੀਰ ਬਾਦਲ

ਕਿਹਾ ਕਿ ਸਿੱਖ ਕੌਮ ਆਪਣੀਆਂ ਧਾਰਮਿਕ ਰਵਾਇਤਾਂ ਉੱੇਤੇ ਇਸ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ
ਚੰਡੀਗੜ੍ਹ/29 ਦਸੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਿੱਖ ਧਰਮ ਅਤੇ ਇਸ ਦੀਆਂ ਸੰਸਥਾਵਾਂ ਪ੍ਰਤੀ ਹਮੇਸ਼ਾਂ ਕਠੋਰ ਵਤੀਰਾ ਰੱਖਣ ਵਾਲੀ ਕਾਂਗਰਸ ਸਰਕਾਰ ਹੀ ਪੰਜਾਬ ਵਿਚ ਸਰਕਾਰੀ ਛੁੱਟੀਆਂ ਦੀ ਸੂਚੀ ਵਿਚੋਂ ਖਾਲਸਾ ਪੰਥ ਦੀ ਸਾਜਨਾ ਦਿਵਸ ਉੱਤੇ ਹੋਣ ਵਾਲੀ ਛੁੱਟੀ ਉੱਤੇ ਲੀਕ ਫੇਰ ਸਕਦੀ ਸੀ।

ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਸ੍ਰੀ ਹਰਿਮੰਦਰ ਸਾਹਿਬ ਉੱਤ ਟੈਂਕਾਂ ਨਾਲ ਹਮਲਾ ਕਰਨ ਅਤੇ 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਜ਼ਿੰਮੇਵਾਰ ਸੀ। ਉਹਨਾਂ ਕਿਹਾ ਕਿ ਸਿਰਫ ਅਜਿਹੀ ਪਾਰਟੀ ਹੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਛੁੱਟੀ ਖਤਮ ਕਰ ਸਕਦੀ ਸੀ। ਅਜਿਹੀ ਹਰਕਤ ਕਰਕੇ ਇਸ ਨੇ ਸਿੱਖ ਕੌਮ ਦੇ ਜ਼ਖ਼ਮਾਂ ਉੱਤੇ ਦੁਬਾਰਾ ਨਮਕ ਛਿੜਕਿਆ ਹੈ। ਸਿੱਖ ਕੌਮ ਆਪਣੀਆਂ ਧਾਰਮਿਕ ਰਵਾਇਤਾਂ ਉੱਤੇ ਕੀਤੇ ਇਸ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ।
ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਵਿਸਾਖੀ ਦੇ ਦਿਨ ਦੀ ਇਤਿਹਾਸਕ ਮਹੱਤਤਾ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ, ਨੂੰ ਘਟਾਉਣ ਦੀ ਕੋਝੀ ਹਰਕਤ ਕੀਤੀ ਹੈ। ਉਹਨਾਂ ਕਿਹਾ ਕਿ ਵਿਸਾਖੀ ਦਾ ਤਿਉਹਾਰ ਸਾਰੇ ਲੋਕਾਂ ਵੱਲੋਂ ਫਸਲਾਂ ਦੀ ਕਟਾਈ ਦੇ ਦਿਨ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਮੌਕੇ ਉੱਤੇ ਲੋਕ ਗੁਰਦੁਆਰਿਆਂ ਅਤੇ ਭਾਈਚਾਰਕ ਇਕੱਠਾਂ ਵਿਚ ਜਾਂਦੇ ਹਨ। ਇਸ ਤੋਂ ਇਲਾਵਾ ਉਹ ਨਗਰ ਕੀਰਤਨਾਂ ਵਿਚ ਵੀ ਭਾਗ ਲੈਂਦੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਵਿਖੇ ਇਸ ਮੌਕੇ ਉੱਤੇ ਵਿਸ਼ੇਸ਼ ਦੀਵਾਨ ਸਜਦੇ ਹਨ। ਲੋਕਾਂ ਨੂੰ ਇਹਨਾਂ ਜਸ਼ਨਾਂ ਵਿਚ ਸ਼ਿਰਕਤ ਕਰਨ ਤੋ ਰੋਕਣਾ ਇੱਕ ਪੰਜਾਬ-ਵਿਰੋਧੀ ਕਦਮ ਹੈ, ਜਿਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਇਹ ਟਿੱਪਣੀ ਕਰਦਿਆਂ ਕਿ ਕਿਸੇ ਵੀ ਸਰਕਾਰ ਨੂੰ ਸਾਂਝੀ ਪੰਜਾਬੀ ਵਿਰਾਸਤ ਦਾ ਨਿਰਾਦਰ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਹ ਆਪਣੇ ਨਾਗਰਿਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਕੇ ਵਧੀਆ ਪ੍ਰਸਾਸ਼ਨ ਦੇਣਾ ਤਾਂ ਦੂਰ ਕੋਈ ਵੀ ਪ੍ਰਸਾਸ਼ਨ ਨਹੀਂ ਦੇ ਸਕਦੀ। ਉਹਨਾਂ ਕਿਹਾ ਕਿ ਖਾਲਸਾ ਸਾਜਨਾ ਦਿਵਸ ਦਾ ਨਿਰਾਦਰ ਬਿਲਕੁੱਲ ਸਵੀਕਾਰ ਨਹੀਂ। ਇਸ ਆਪਹੁਦਰੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਜਿੱਥੋਂ ਤਕ ਕਿ ਛੁੱਟੀਆਂ ਦੀ ਸੂਚੀ ਦੇ ਮੁਲੰਕਣ ਦਾ ਮਾਮਲਾ ਹੈ, ਇਸ ਨੂੰ ਤਾਨਾਸ਼ਾਹੀ ਢੰਗ ਨਾਲ ਨਿਪਟਾ ਕੇ ਹਰ ਕਿਸੇ ਦੇ ਜਜ਼ਬਾਤਾਂ ਨੂੰ ਕੁਚਲਣ ਦੀ ਥਾਂ ਸਰਬ ਸੰਮਤੀ ਨਾਲ ਸੋਚ ਵਿਚਾਰ ਕੇ ਸੁਲਝਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋਕਾਂ ਅੰਦਰ ਇਸ ਗੱਲ ਨੂੰ ਲੈ ਕੇ ਬਹੁਤ ਗੁੱਸਾ ਹੈ ਕਿ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ, ਪ੍ਰਕਾਸ਼ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮਹਾਂਸ਼ਿਵਰਾਤਰੀ, ਈਦ-ਉਲ-ਜੁਹਾ ਅਤੇ ਸ਼ਹੀਦਾਂ ਦੇ ਦਿਹਾੜੇ ਕਿਉਂ ਨਹੀਂ ਮਨਾ ਰਹੀ ਹੈ। ਸਰਕਾਰ ਨੂੰ ਇਸ ਬਾਰੇ ਤੁਰੰਤ ਸਹੀ ਕਾਰਵਾਈ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *