ਪਟਿਆਲਾ

ਗਲਤ ਢੰਗ ਨਾਲ ਬੁਢਾਪਾ ਪੈਨਸ਼ਨ ਲੈਣ ਵਾਲੀਆਂ ਬੀਬੀਆਂ ਵਿਰੁੱਧ ਹੋਵੇਗੀ ਕਾਰਵਾਈ

ਪਿੰਡ ਧਰਮਕੋਟ ਦੀ ਜੰਗੀਰ ਕੌਰ ਨੂੰ 5 ਸਾਲਾਂ ਦੀ ਪੈਨਸ਼ਨ ਕਰਨੀ ਪਵੇਗੀ ਵਾਪਸ
ਪਟਿਆਲਾ 17 ਅਪ੍ਰੈਲ (ਮਧੂਸਾਰ ਬਿਊਰੋ)
ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਪਟਿਆਲਾ ਦੇ ਦਫਤਰ ਵੱਲੋਂ ਪਟਿਆਲਾ ਬਲਾਕ ਦੇ ਪਿੰਡ ਧਰਮਕੋਟ ਝੰਬੋ ਦੀ ਰਹਿਣ ਵਾਲੀ ਮਹਿਲਾ ਜੰਗੀਰ ਕੌਰ ਪਤਨੀ ਅਮਰ ਸਿੰਘ ਨੂੰ ਪੱਤਰ ਭੇਜ ਕੇ ਹੁਕਮ ਜਾਰੀ ਕੀਤੇ ਗਏ ਹਨ ਕਿ ਉਸ ਵੱਲੋਂ ਸਾਲ 2011 ਤੋਂ ਸਾਲ 2016 ਤੱਕ ਲਈ ਗਈ ਬੁਢਾਪਾ ਪੈਨਸ਼ਨ ਤੁਰੰਤ ਵਾਪਸ ਕਰੇ, ਨਹੀਂ ਤਾਂ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਜੰਗੀਰ ਕੌਰ ਵਿਰੁੱਧ ਦੋਸ਼ ਹੈ ਕਿ ਉਹ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਆਪਣੇ ਪਤੀ ਨੂੰ ਸਰਕਾਰੀ ਪੈਨਸ਼ਨ ਮਿਲਣ ਦੇ ਬਾਵਜੂਦ ਬੁਢਾਪਾ ਪੈਨਸ਼ਨ ਲੈ ਰਹੀ ਸੀ। ਉਸਦਾ ਪਤੀ ਨਹਿਰੀ ਵਿਭਾਗ ‘ਚੋਂ ਰਿਟਾਇਰਡ ਹੈ ਅਤੇ ਚੰਗੀ ਪੈਨਸ਼ਨ ਲੈ ਰਿਹਾ ਹੈ। ਇਸ ਦੇ ਬਾਵਜੂਦ ਉਹ 5 ਸਾਲਾਂ ਤੋਂ ਪੈਨਸ਼ਨ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਜੰਗੀਰ ਕੌਰ ਦਾ ਇਕ ਪੁੱਤਰ ਵੀ ਸਰਕਾਰੀ ਨੌਕਰੀ ਵਿਚ ਹੈ ਅਤੇ ਇਕ ਪੁੱਤਰ ਅਵਤਾਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸ ਕੋਲ ਆਪਣੀਆਂ ਕੰਬਾਈਨਾਂ ਹਨ ਅਤੇ ਅਵਤਾਰ ਸਿੰਘ ਵਿਰੁੱਧ ਗਲਤ ਢੰਗ ਨਾਲ ਨੀਲਾ ਕਾਰਡ ਬਣਾਉਣ ਸਬੰਧੀ ਸ਼ਿਕਾਇਤ ਦੀ ਪੜਤਾਲ ਪਹਿਲਾਂ ਹੀ ਪਟਿਆਲਾ ਪੁਲਿਸ ਕੋਲ ਚੱਲ ਰਹੀ ਹੈ।
ਪਿੰਡ ਬਲੀਪੁਰ ਦੀ ਅਮਰ ਕੌਰ ਨੂੰ ਘੱਟ ਉਮਰ ‘ਚ ਬੁਢਾਪਾ ਪੈਨਸ਼ਨ ਲੈਣ ਦੇ ਦੋਸ਼ ‘ਚ ਨੋਟਿਸ
ਗਲਤ ਢੰਗ ਨਾਲ ਬੁਢਾਪਾ ਪੈਨਸ਼ਨ ਲੈਣ ਦੇ ਕਥਿਤ ਦੋਸ਼ ‘ਚ ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਪਟਿਆਲਾ ਨੇ ਇਕ ਸ਼ਿਕਾਇਤ ਦੇ ਆਧਾਰ ‘ਤੇ ਪਿੰਡ ਬਲੀਪੁਰ ਝੰਬੋ ਦੀ ਰਹਿਣ ਵਾਲੀ ਮਹਿਲਾ ਅਮਰ ਕੌਰ ਪਤਨੀ ਹਰਬੰਸ ਸਿੰਘ ਨੂੰ ਪੱਤਰ ਭੇਜ ਕੇ ਨੋਟਿਸ ਜਾਰੀ ਕੀਤਾ ਹੈ ਕਿ ਉਹ ਇਕ ਹਫਤੇ ਦੇ ਅੰਦਰ ਆਪਣਾ ਪੱਖ ਪੇਸ਼ ਕਰਨ ਲਈ ਆਪਣੀ ਉਮਰ ਦਾ ਸਬੂਤ ਲੈ ਕੇ ਪੇਸ਼ ਹੋਵੇ। ਵਿਭਾਗ ਨੇ ਲਿਖਿਆ ਹੈ ਕਿ ਦੇਰੀ ਦੀ ਸੂਰਤ ਵਿਚ ਉਸਦੇ ਵਿਰੁੱਧ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਅਮਰ ਕੌਰ ‘ਤੇ ਦੋਸ਼ ਹੈ ਕਿ ਉਸਦੀ ਉਮਰ ਕਾਫੀ ਘੱਟ ਹੈ ਪਰ ਗਲਤ ਢੰਗ ਨਾਲ ਧੋਖਾਦੇਹੀ ਕਰਕੇ ਉਹ ਬੁਢਾਪਾ ਪੈਨਸ਼ਨ ਲੈ ਰਹੀ ਹੈ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਨਾਲ ਚੋਣ ਵਿਭਾਗ ਦੀ ਇਕ ਲਿਸਟ ਨੱਥੀ ਕਰਕੇ ਲਿਖਿਆ ਹੈ ਕਿ ਉਕਤ ਲਿਸਟ ਮੁਤਾਬਕ ਸਾਲ 2013 ਵਿਚ ਅਮਰ ਕੌਰ ਪਤਨੀ ਹਰਬੰਸ ਸਿੰਘ ਦੀ ਉਮਰ 48 ਸਾਲ ਦੀ ਸੀ, ਜੋ ਕਿ ਉਹ ਹੁਣ ਲਗਭਗ 51 ਸਾਲ ਬਣਦੀ ਹੈ ਅਤੇ ਜੇਕਰ ਉਹ ਲਗਭਗ 10 ਸਾਲ ਤੋਂ ਪੈਨਸ਼ਨ ਲੈ ਰਹੀ ਹੈ ਤਾਂ ਸਪਸ਼ਟ ਹੈ ਕਿ ਉਸਦੀ ਬੁਢਾਪਾ ਪੈਨਸ਼ਨ 42 ਸਾਲ ਦੀ ਉਮਰ ਵਿਚ ਹੀ ਲੱਗ ਗਈ ਸੀ, ਇਸ ਲਈ ਉਸ ਵਿਰੁੱਧ ਵਿਭਾਗੀ ਤੇ ਪੁਲਿਸ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਮਹਿਲਾ ਦੇ ਪਤੀ ਅਤੇ ਹੋਰਾਂ ‘ਤੇ ਗਲਤ ਢੰਗ ਨਾਲ ਨੀਲਾ ਕਾਰਡ ਬਣਵਾਉਣ ਦੀ ਵੀ ਜਾਂਚ ਚੱਲ ਰਹੀ ਹੈ।

Leave a Reply

Your email address will not be published. Required fields are marked *