ਪਾਣੀ ਦੀ ਸਪਲਾਈ ਠੱਪ ਹੋਣ ‘ਤੇ ਚਾਂਦਨੀ ਚੌਂਕ ਵਾਸੀਆਂ ਨੇ ਕੀਤੀ ਨਾਅਰੇਬਾਜੀ
ਪਟਿਆਲਾ 17 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਾਰਡ ਨੰਬਰ 38 ਅਧੀਨ ਮੋਦੀ ਕਾਲਜ ਨੇੜੇ ਚਾਂਦਨੀ ਚੌਂਕ ਦੇ ਇਲਾਕਾ ਨਿਵਾਸੀਆਂ ਲਈ ਇੱਥੇ ਬੀਤੇ ਇੱਕ ਮਹੀਨੇ ਤੋਂ ਵਾਟਰ ਅਤੇ ਸੀਵਰੇਜ਼ ਸਪਲਾਈ ਠੱਪ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।
ਜਿਸਦੇ ਰੋਸ ਵਜੋਂ ਚਾਂਦਨੀ ਚੌਂਕ ਦੇ ਇਲਾਕਾ ਵਾਸੀਆਂ ਵੱਲੋਂ ਨਗਰ ਨਿਗਮ ਖਿਲਾਫ ਨਾਅਰੇਬਾਜੀ ਕਰ ਰੋਸ ਜਾਹਿਰ ਕੀਤਾ ਗਿਆ। ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਸਮਰਥਨ ਕਰਦਿਆਂ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਵਾਰਡ ਨੰਬਰ 38 ਦੀ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਨਗਰ ਨਿਗਮ ਕਮਿਸ਼ਨਰ ਦਫਤਰ ਪਹੁੰਚੇ। ਜਿੱਥੇ ਉਨ੍ਹਾਂ ਕਮਿਸ਼ਨਰ ਪੀ.ਏ. ਨੂੰ ਚਾਂਦਨੀ ਚੌਂਕ ਅਤੇ ਸੁਨਾਮੀ ਗੇਟ ਵਿਖੇ ਠੱਪ ਹੋਏ ਪਾਣੀ ਅਤੇ ਸਿਵਰੇਜ ਸਿਸਟਮ ਦੀ ਜਲਦ ਸਪਲਾਈ ਸ਼ੁਰੂ ਕਰਨ ਸਬੰਧੀ ਮੰਗ ਕਰਦਿਆਂ ਦੱਸਿਆ ਕਿ ਉਕਤ ਇਲਾਕੇ ਵਿੱਚ ਇੱਕ ਮਹੀਨੇ ਤੋਂ ਸੀਵਰੇਜ ਬੰਦ ਪਿਆ ਹੈ ਅਤੇ ਪੀਣ ਵਾਲੇ ਪਾਣੀ ਵੀ ਟੁਟੀਆਂ ਵਿੱਚ ਨਹੀ ਆ ਰਿਹਾ। ਪਾਣੀ ਨਾ ਆਉਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੁਰਜੋਰ ਮੰਗ ਕਰਦਿਆ ਕਿਹਾ ਕਿ ਵਾਰਡ ਨੰ: 38 ਵਿੱਚ ਪਾਣੀ ਅਤੇ ਸੀਵਰੇਜ ਦੀ ਸਪਲਾਈ ਬਹਾਲ ਕਰਵਾ ਕੇ ਇਸ ਸਮੱਸਿਆ ਤੋਂ ਇਲਾਕਾ ਨਿਵਾਸੀਆਂ ਨੂੰ ਨਿਜਾਤ ਦਵਾਈ ਜਾਵੇ। ਇਸ ਮੌਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਦੱਸਿਆ ਕਿ ਜਦੋਂ ਦੀ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਬਣੀ ਹੈ ਉਦੋਂ ਤੋਂ ਹੀ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਦੇ ਲੋਕ ਵਾਟਰ ਸਪਲਾਈ, ਸੀਵਰੇਜ ਅਤੇ ਸਟਰੀਟ ਲਾਈਟਾਂ ਦੀਆਂ ਸੁਵਿਧਾਵਾਂ ਸਬੰਧੀ ਖੱਜਲ ਖੁਆਰ ਹੋ ਰਹੇ ਹਨ। ਜਦੋਂ ਕਿ ਨਗਰ ਨਿਗਮ ਵਿੱਚ ਅਕਾਲੀ ਭਾਜਪਾ ਦਾ ਹੀ ਰਾਜ ਹੈ। ਇਸ ਲਈ ਹਰ ਵਾਰਡ ਵਿੱਚ ਰਹਿੰਦੇ ਲੋਕਾਂ ਨੂੰ ਨਿਰੰਤਰ ਪਾਣੀ ਸੀਵਰੇਜ ਆਦਿ ਸੇਵਾਵਾਂ ਨਿਰਪੱਖ ਤੌਰ ਤੇ ਮੁਹਈਆ ਕਰਵਾਉਣ ਲਈ ਨਿਗਮ ਚੋਣਾਂ ਜਲਦ ਕਰਵਾਈਆਂ ਜਾਣ।
ਇਸ ਮੌਕੇ ਰਤਨ ਕਾਂਸਲ, ਹਿਮਾਂਸ਼ੂ ਵਡੇਰਾ, ਪ੍ਰੇਮ ਕੁਮਾਰ, ਮੋਹਿਤ ਕਾਂਸਲ, ਦੇਵੀਕਾ, ਮੀਨਾ, ਸਵੇਤਾ, ਸੁਨੀਤਾ ਦੇਵੀ, ਮੇਨਕਾ, ਗੀਤਾ, ਪਰਮਜੀਤ ਕੌਰ, ਮਹਿੰਦਰ ਕੌਰ, ਪਾਰਵਤੀ, ਕਿਰਨ, ਭਵਰੀ ਦੇਵੀ, ਆਤਮਾ ਦੇਵੀ, ਹੇਮੰਤ, ਪਵਨ, ਸੰਜੀਵ ਆਦਿ ਹਾਜਰ ਸਨ।

