ਪੰਜਾਬ

ਆਧੁਨਿਕ ਸਹੂਲਤਾਂ ਵਾਲੀ ਸਾਰਾਗੜ੍ਹੀ ਸਰਾਂ (ਨਿਵਾਸ) ਦਾ ਉਦਘਾਟਨ

ਅੰਮ੍ਰਿਤਸਰ, 18 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕਰਵਾਈ ਗਈ ਆਧੁਨਿਕ ਸਹੂਲਤਾਂ ਵਾਲੀ ਸਾਰਾਗੜ੍ਹੀ ਸਰਾਂ (ਨਿਵਾਸ) ਦਾ ਉਦਘਾਟਨ ਅੱਜ ਅਰਦਾਸ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਕੀਤਾ ਗਿਆ।

ਉਦਘਾਟਨ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਰਾਂ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ ਅਤੇ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਮੁਕੰਮਲ ਹੋਣ ਉਪਰੰਤ ਅੱਜ ਇਹ ਸਰਾਂ ਸੰਗਤ ਦੀ ਸਹੂਲਤ ਲਈ ਆਰੰਭ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਹਰ ਧਰਮ ਦੀ ਆਪਣੀ ਮਰਯਾਦਾ ਹੈ ਅਤੇ ਗੁਰੂ ਘਰ ਦੀ ਵਿਲੱਖਣਤਾ ਇਹ ਹੈ ਕਿ ਇਥੋਂ ਜਿਥੇ ਮਨੁੱਖ ਨੂੰ ਸੁਚੱਜੀ ਜੀਵਨ ਜਾਚ ਪ੍ਰਾਪਤ ਹੁੰਦੀ ਹੈ, ਉਥੇ ਹੀ ਲੰਗਰ, ਦਵਾਖਾਨਾ ਤੇ ਰਿਹਾਇਸ਼ ਦੀਆਂ ਸਹੂਲਤਾਂ ਵੀ ਮਿਲਦੀਆਂ ਹਨ। ਪ੍ਰੋ: ਬਡੂੰਗਰ ਨੇ ਕਿਹਾ ਕਿ ਸਮੁੱਚੇ ਵਿਸ਼ਵ ਵਿਚੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀ ਹੈ ਜਿਸਦੀ ਰਿਹਾਇਸ਼ ਦੀ ਪੂਰਤੀ ਇਹ ਸਰਾਂ ਕਰੇਗੀ। ਉਨ੍ਹਾਂ ਦੱਸਿਆ ਕਿ 1,13,000 ਸਕੁਏਅਰ ਫੁੱਟ ਖੇਤਰ ਵਿਚ ਤਿਆਰ ਕੀਤੀ ਗਈ ਇਸ ਸਰਾਂ ਦੀਆਂ ਬੇਸਮੈਂਟ ਤੋਂ ਇਲਾਵਾ 9 ਮੰਜ਼ਿਲਾਂ ਹਨ। ਉਨ੍ਹਾਂ ਦੱਸਿਆ ਕਿ 226 ਕਮਰਿਆਂ ਸਮੇਤ 12 ਸੂਟ (ਬੈਠਕਾਂ) ਵਾਲੀ ਇਸ ਸਰਾਂ ਦੇ ਨਿਰਮਾਣ ‘ਤੇ 43 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਆਇਆ ਹੈ। ਸਮੁੱਚੀ ਇਮਾਰਤ ਵਾਤਾਨੁਕੂਲਿਤ ਹੈ, ਜਿਸ ਵਿਚ 2 ਲਿਫਟਾਂ, ਅੱਗ ਬੁਝਾਊ ਸਿਸਟਮ, ਸੂਰਜੀ ਊਰਜਾ ਨਾਲ ਪਾਣੀ ਗਰਮ ਕਰਨ ਦੀ ਸਹੂਲਤ ਤੇ ਮੈਡੀਕਲ ਸੁਵਿਧਾ ਵੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਇਸ ਸਰਾਂ ਦੇ ਨਾਂਅ ਸਬੰਧੀ ਗੱਲ ਕਰਦਿਆਂ ਕਿਹਾ ਕਿ ਸਾਰਾਗੜ੍ਹੀ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਸਰਾਂ ਇਤਿਹਾਸ ਦੀ ਮਹਾਨ ਸਾਰਾਗੜ੍ਹੀ ਜੰਗ ਦੇ ਉਨ੍ਹਾਂ 21 ਸਿੱਖ ਫੌਜੀਆਂ ਦੀ ਯਾਦ ਤਾਜ਼ਾ ਕਰਦੀ ਹੈ ਜਿਨ੍ਹਾਂ ਨੇ ਹਜ਼ਾਰਾਂ ਅਫਗਾਨਾਂ ਦਾ ਡੱਟ ਕੇ ਸਾਹਮਣਾ ਕਰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਪ੍ਰੋ: ਬਡੂੰਗਰ ਨੇ ਫਰਾਂਸ ਦੇ ਸਕੂਲਾਂ ਵਿਚ ਸਾਰਾਗੜ੍ਹੀ ਦੇ ਇਤਿਹਾਸ ਨੂੰ ਪੜ੍ਹਾਏ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਵਿਚ ਵੀ ਇਸ ਮਹਾਨ ਤੇ ਸ਼ਾਨਾਮੱਤਾ ਇਤਿਹਾਸ ਪੜ੍ਹਾਇਆ ਜਾਵੇਗਾ।

Leave a Reply

Your email address will not be published. Required fields are marked *