ਕਾਂਗਰਸ ਆਪਣੀਆਂ ਨਾਕਾਮੀਆਂ ਦਾ ਠਿੱਕਰਾ ਅਕਾਲੀ ਸਰਕਾਰ ‘ਤੇ ਨਾ ਥੋਪੇ : ਸੁਰਜੀਤ ਰੱਖੜਾ
ਕੈਨੇਡਾ ਦੇ ਰੱਖਿਆ ਮੰਤਰੀ ਦੇ ਨਾਲ ਸਮੁੱਚਾ ਸਿੱਖ ਜਗਤ ਖੜ੍ਹਾ
ਪਹਿਲੇ ਮਹੀਨੇ ਹੀ ਵਾਅਦਿਆਂ ਤੋਂ ਮੁਕਰੀ ਕਾਂਗਰਸ ਸਰਕਾਰ
ਪਟਿਆਲਾ, 18 ਅਪ੍ਰੈਲ (ਮਧੂਸਾਰ ਬਿਊਰੋ)
ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਇਥੇ ਕਾਂਗਰਸ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਆਖਿਆ ਹੈ ਕਿ ਕਾਂਗਰਸ ਆਪਣੀਆਂ ਨਾਕਾਮੀਆਂ ਦਾ ਠਿੱਕਰਾ ਬੁਖਲਾਹਟ ਵਿੱਚ ਆ ਕੇ ਅਕਾਲੀ ਸਰਕਾਰ ‘ਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਕਾਂਗਰਸ ਸਰਕਾਰ ਪਹਿਲੇ ਮਹੀਨੇ ਹੀ ਆਪਣੇ ਸਾਰੇ ਵਾਅਦਿਆਂ ਤੋਂ ਪਿਛੇ ਹੱਟ ਗਈ ਹੈ।
ਰੱਖੜਾ ਇਥੇ ਇਕ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜ਼ਿਲ੍ਹਾ ਦਿਹਾਤੀ ਪ੍ਰਧਾਨ ਰਣਧੀਰ ਸਿੰਘ ਰ ੱਖੜਾ, ਯੂਥ ਅਕਾਲੀ ਦਲ ਐਨ.ਆਰ.ਆਈ. ਵਿੰਗ ਦੇ ਪ੍ਰਧਾਨ ਕਰਮਜੀਤ ਸਿੰਘ ਰੱਖੜਾ, ਸਰਪੰਚ ਇੰਦਰਜੀਤ ਸਿੰਘ ਰੱਖੜਾ ਸਮੇਤ ਕਈ ਹੋਰ ਅਕਾਲੀ ਸੀਨੀਅਰ ਨੇਤਾ ਹਾਜ਼ਰ ਸਨ।
ਇਸ ਮੌਕੇ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਅਤੇ ਕਦੀ ਵੀ ਇਹ ਨਹੀਂ ਕਿਹਾ ਕਿ ਕਾਂਗਰਸ ਖਜਾਨਾ ਖਾਲੀ ਛੱਡ ਕੇ ਗਈ ਸੀ ਪਰ ਕਾਂਗਰਸ ਪਾਰਟੀ ਨੇ ਚੋਣਾਂ ਵੇਲੇ ਲੋਕਾਂ ਨਾਲ ਅਜਿਹੇ ਲੋਕ ਲੁਭਾਓ ਵਾਅਦੇ ਕੀਤੇ , ਜਿਨ੍ਹਾਂ ਨੂੰ ਪੂਰਾ ਕਰਨਾ ਹੁਣ ਲਈ ਮੁਸ਼ਕਲ ਜਾਪ ਰਿਹਾ ਹੈ ਤੇ ਕਾਂਗਰਸ ਆਪਣੀ ਨਾਕਾਮੀਆਂ ਦਾ ਠਿੱਕਰਾ ਅਕਾਲੀ ਦਲ ‘ਤੇ ਥੋਪਣਾ ਚਾਹੁੰਦੀ ਹੈ ਪਰ ਪੰਜਾਬ ਦੀ ਜਨਤਾ ਨੂੰ ਬਹੁਤ ਜਲਦ ਸਾਰੀ ਅਸਲੀਅਤ ਸਮਝ ਆ ਜਾਵੇਗੀ।
ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਕਾਂਗਰਸ ਨੂੰ ਤੁਰੰਤ ਮਾਫ ਕਰਨੇ ਚਾਹੀਦੇ ਹਨ, ਇਸ ਦੇ ਨਾਲ ਹੀ ਹਰ ਘਰ ਵਿੱਚ ਹੁਣ ਨੌਕਰੀ ਵੀ ਦੇਣੀ ਚਾਹੀਦੀ ਹੈ ਤੇ ਨਸ਼ਿਆਂ ਨੂੰ ਖਤਮ ਕਰਨ ਲਈ ਤਾਂ ਸਿਰਫ ਇਕ ਮਹੀਨਾ ਹੀ ਮੰਗਿਆ ਸੀ ਜੋ ਕਿ ਪੂਰਾ ਹੋ ਚੁੱਕਾ ਹੈ ਤੇ ਇਸ ਦੇ ਨਾਲ ਹੀ ਹੋਰ ਕੋਈ ਵੀ ਵਾਅਦਾ ਕਾਂਗਰਸ ਸਰਕਾਰ ਪੂਰਾ ਨਹੀਂ ਕਰ ਸਕੀ ਹੈ , ਜਿਸ ਤੋਂ ਸਪੱਸ਼ਟ ਹੈ ਕਿ ਪਹਿਲੇ ਮਹੀਨੇ ਹੀ ਪੰਜਾਬ ਵਿੱਚ ਸਭ ਤੋਂ ਮਾੜੀ ਕਾਂਗਰਸ ਸਰਕਾਰ ਸਿੱਧ ਹੋਈ ਹੈ।
ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਬਣੀ ਸਰਕਾਰ ਦੇ ਮੁੱਖ ਮੰਤਰੀ ਅੱਜ ਸਮੁੱਚੇ ਪੰਜਾਬੀਆਂ ਦਾ ਮਾਣ ਕੈਨੇਡਾ ਦੇ ਰੱਖਿਆ ਮੰਤਰੀ ‘ਤੇ ਬਿਨ੍ਹਾਂ ਮਤਲਬ ਤੋਂ ਬੇਤੁਕੇ ਇਲਜ਼ਾਮ ਲਗਾ ਰਹੇ ਹਨ, ਜਿਸ ਤੋਂ ਅਮਰਿੰਦਰ ਦੀ ਬੁਖਲਾਹਟ ਦਾ ਪਤਾ ਲੱਗ ਰਿਹਾ ਹੈ। ਉਨ੍ਹਾਂ ਆਖਿਆ ਕਿ ਬਹੁਤ ਸਾਰੇ ਸਿੱਖ ਦੇਸ਼ ਵਿੱਚ ਵੀ ਦੇਸ਼ ਦੇ ਸਿਰਮੋਰ ਅਹੁੱਦਿਆਂ ‘ਤੇ ਰਹੇ ਹਨ ਤੇ ਕੈਨੇਡਾ ਵਿੱਚ ਵੀ ਅੱਜ ਸਿੱਖ ਸਰਕਾਰ ਦੇ ਵੱਡੇ ਭਾਗੀਦਾਰ ਹਨ, ਇਹ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ। ਇਸ ਲਈ ਸਮੁੱਚਾ ਸਿੱਖ ਜਗਤ ਕੈਨੇਡਾ ਦੇ ਰੱਖਿਆ ਮੰਤਰੀ ਦਾ ਸਨਮਾਨ ਜ਼ੋਰਾਂ ਸ਼ੋਰਾਂ ਨਾਲ ਕਰੇਗਾ।

