ਸਨੌਰ ਸਬਜੀ ਮੰਡੀ ਵਿੱਚ ਲੋੜੀਂਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਾਵਾਂਗੇ-ਪ੍ਰਨੀਤ ਕੌਰ
ਮੰਡੀ ਵਿੱਚ ਅੱਗ ਨਾਲ ਸੜਿਆ ਸ਼ੈਡ ਛੇਤੀ ਬਣਾਵਾਂਗੇ : ਲਾਲ ਸਿੰਘ
ਸਨੌਰ/ਪਟਿਆਲਾ 18 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਬਜੀ ਦੀ ਕਾਸ਼ਤ ਵਿੱਚ ਪੰਜਾਬ ਵਿੱਚ ਮੋਹਰੀ ਹਲਕੇ ਵਜੋਂ ਜਾਣੇ ਜਾਂਦੇ ਸਨੌਰ ਵਿੱਚ ਬਣਾਈ ਗਈ ਵੱਡੀ ਸਬਜੀ ਮੰਡੀ ਵਿੱਚ ਕਿਸਾਨਾਂ ਤੇ ਆੜ੍ਹਤੀਆਂ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਮੰਡੀ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਸ: ਲਾਲ ਸਿੰਘ ਨਾਲ ਪਟਿਆਲਾ-ਸਨੌਰ ਸੜਕ ‘ਤੇ ਸਥਾਪਿਤ ਸਬਜੀ ਮੰਡੀ ਦੇ ਦੌਰੇ ਮੌਕੇ ਉੱਥੇ ਮੌਜੂਦ ਕਿਸਾਨਾਂ ਤੇ ਆੜ੍ਹਤੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਪ੍ਰਨੀਤ ਕੌਰ ਨੇ ਕਿਹਾ ਕਿ ਸਨੌਰ ਹਲਕੇ ਦੇ ਮਿਹਨਤਕਸ਼ ਕਿਸਾਨ ਕਈ ਪੀੜ੍ਹੀਆਂ ਤੋਂ ਸਬਜੀਆਂ ਦੀ ਸਫ਼ਲਤਾ ਨਾਲ ਕਾਸ਼ਤ ਕਰ ਰਹੇ ਹਨ ਇਸ ਲਈ ਸਰਕਾਰ ਦਾ ਵੀ ਫ਼ਰਜ ਬਣਦਾ ਹੈ ਕਿ ਇਹਨਾਂ ਕਿਸਾਨਾਂ ਦੀ ਮਿਹਨਤ ਨਾਲ ਕਾਸ਼ਤ ਕੀਤੀਆਂ ਸਬਜੀਆਂ ਦਾ ਮੰਡੀ ਵਿੱਚ ਉੱਚਿਤ ਮੁੱਲ ਮਿਲ ਸਕੇ। ਉਹਨਾਂ ਸਮਾਗਮ ਵਿੱਚ ਹਾਜ਼ਰ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ ਤੇ ਮੰਡੀ ‘ਚ ਲੋੜੀਂਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਹਾਜ਼ਰ ਮੰਡੀ ਬੋਰਡ ਦੇ ਚੇਅਰਮੈਨ ਸ: ਲਾਲ ਸਿੰਘ ਨੇ ਕਿਹਾ ਕਿ ਇਹ ਸਬਜੀ ਮੰਡੀ ਸ਼੍ਰੀਮਤੀ ਪ੍ਰਨੀਤ ਕੌਰ ਦੀ ਹੀ ਦੇਣ ਹੈ। ਉਹਨਾਂ ਨੇ ਹੀ 2006 ਵਿੱਚ ਇਸ ਮੰਡੀ ਦਾ ਨੀਂਹ ਪੱਥਰ ਰੱਖਿਆ ਸੀ। ਸ: ਲਾਲ ਸਿੰਘ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਮੰਡੀ ਬੋਰਡ ਤੋਂ 550 ਕਰੋੜ ਦਾ ਐਡਵਾਂਸ ਕਰਜਾ ਲੈਣ ਕਾਰਨ ਮੰਡੀ ਬੋਰਡ ਨੂੰ ਮੁੜ ਆਰਥਿਕ ਲੀਹ ‘ਤੇ ਪਾਉਣ ਲਈ ਕੁਝ ਟਾਈਮ ਲੱਗੇਗਾ। ਉਹਨਾਂ ਕਿਹਾ ਕਿ ਸਬਜੀ ਮੰਡੀ ਵਿੱਚ ਅੱਗ ਨਾਲ ਸੜ੍ਹੇ ਸ਼ੈਡ ਨੂੰ ਛੇਤੀ ਹੀ ਬਣਾਇਆ ਜਾਵੇਗਾ। ਸੜਕਾਂ ‘ਤੇ ਸਟਰੀਟ ਲਾਈਟਾਂ ਠੀਕ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਪੰਜਾਬ ਦਾ ਜੋ ਨੁਕਸਾਨ ਕੀਤਾ ਹੈ ਉਸ ਨੂੰ ਪੂਰਾ ਕਰਨ ਲਈ ਸਮਾਂ ਤਾਂ ਲੱਗੇਗਾ ਹੀ ਪਰ ਵਿਕਾਸ ਕਾਰਜਾਂ ਵਿੱਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ।
ਪੰਜਾਬ ਕਾਂਗਰਸ ਦੇ ਸ਼ਹਿਰੀ ਵਿਕਾਸ ਬੋਰਡ ਦੇ ਚੇਅਰਮੈਨ ਸੰਜੀਵ ਬਿੱਟੂ, ਸਬਜੀ ਮੰਡੀ ਆੜ੍ਹਤੀ ਐਸੋਸੀਏਸ਼ਨ ਪਟਿਆਲਾ ਦੇ ਚੇਅਰਮੈਨ ਤਰਨਜੀਤ ਸਿੰਘ ਬਿੱਟੂ, ਸਬਜ਼ੀ ਮੰਡੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਸੀਨੀਅਰ ਵਾਈਸ ਪ੍ਰਧਾਨ ਬਲਜੀਤ ਸਿੰਘ, ਜੱਸਾ ਸਿੰਘ ਸੰਧੂ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਬਾਵਾ, ਅਮਨ ਢੋਟ, ਅਸ਼ਵਨੀ ਕੁਮਾਰ, ਯੋਗਿੰਦਰ ਜੋਗੀ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

