ਵਿਦੇਸ਼ ਮੰਤਰੀ ਖਾੜ੍ਹੀ ਮੁਲਕਾਂ ਵਿੱਚ ਫਸੇ ਪੰਜਾਬੀਆਂ ਦੀ ਮੱਦਦ ਲਈ ਠੋਸ ਉਪਰਾਲੇ ਕਰਨ –ਪ੍ਰਨੀਤ ਕੌਰ
ਪਿਛਲੀ ਸਰਕਾਰ ਵੱਲੋਂ ਕਰਜਾਈ ਕੀਤੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ‘ਤੇ ਪਾਇਆ ਜਾਵੇਗਾ-ਲਾਲ ਸਿੰਘ
ਸਨੌਰ(ਪਟਿਆਲਾ), 18 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਦੇਸ਼ ਦੀ ਮੌਜੂਦਾ ਵਿਦੇਸ਼ ਮੰਤਰੀ ਸ਼੍ਰੀਮਤੀ ਸ਼ੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਖਾੜੀ ਮੁਲਕਾਂ ਵਿੱਚ ਫਸੇ ਪੰਜਾਬੀਆਂ ਦੀ ਸਾਰ ਲੈਣ ਲਈ ਕੋਈ ਠੋਸ ਉਪਰਾਲੇ ਕਰਨ। ਸ਼੍ਰੀਮਤੀ ਪ੍ਰਨੀਤ ਕੌਰ ਅੱਜ ਅਨਾਜ ਮੰਡੀ ਸਨੌਰ ਵਿਖੇ ਆੜਤੀਆਂ ਐਸੋਸ਼ੀਏਸ਼ਨ ਵੱਲੋਂ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡੇ ਪੰਜਾਬੀ ਬੱਚੇ ਜਿੱਥੇ ਏਜੰਟਾਂ ਜਾਂ ਨਿੱਜੀ ਕੰਪਨੀਆਂ ਵੱਲੋਂ ਗੁੰਮਰਾਹ ਕਰਨ ਕਾਰਣ ਵੱਖ-ਵੱਖ ਖਾੜੀ ਮੁਲਕਾਂ ਵਿੱਚ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰ ਰਹੇ ਹਨ ਉਥੇ ਹੀ ਉਹਨਾਂ ਦੇ ਪੰਜਾਬ ‘ਚ ਵਸਦੇ ਪਰਿਵਾਰਿਕ ਮੈਂਬਰ ਬਹੁਤ ਪ੍ਰੇਸ਼ਾਨੀ ਦੇ ਆਲਮ ਵਿੱਚ ਹਨ।
ਪ੍ਰਨੀਤ ਕੌਰ ਨੇ ਸ਼੍ਰੀਮਤੀ ਸ਼ੁਸ਼ਮਾ ਸਵਰਾਜ ਨੂੰ ਕਿਹਾ ਕਿ ਉਹ ਖਾੜੀ ਮੁਲਕਾਂ ਵਿੱਚ ਸਥਿਤ ਭਾਰਤੀ ਸਫਾਰਤਖਾਨਿਆਂ ਨੂੰ ਆਦੇਸ਼ ਦੇਣ ਕਿ ਉਥੇ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕਰਕੇ ਪੀੜ੍ਹਤ ਪੰਜਾਬੀ ਨੌਜਵਾਨਾਂ ਦੀ ਬਾਂਹ ਫੜਨ। ਅਨਾਜ ਮੰਡੀ ਸਨੌਰ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਹਲਕਾ ਸਨੌਰ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਅਨਾਜ ਮੰਡੀ ਸਨੌਰ ਵਿੱਚ ਲੋੜੀਂਦੀਆਂ ਸਹੂਲਤਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ। ਉਹਨਾਂ ਆੜਤੀ ਐਸੋਸ਼ੀਏਸ਼ਨ ਦੀ ਮੰਗ ‘ਤੇ ਸਨੌਰ ਅਨਾਜ ਮੰਡੀ ਵਿੱਚ ਪੱਕਾ ਫੜ ਬਣਾਉਣ, ਚਾਰਦੀਵਾਰੀ ਕਰਨ ਤੇ ਪਾਰਕਿੰਗ ਦੀ ਉਸਾਰੀ ਛੇਤੀ ਹੀ ਕਰਾਉਣ ਦਾ ਐਲਾਨ ਵੀ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਪੰਜਾਬ ਨੂੰ ਕਰਜਾਈ ਬਣਾ ਦਿੱਤਾ ਹੈ, ਪੰਜਾਬ ਦਾ ਭਾਰੀ ਨੁਕਸਾਨ ਕੀਤਾ ਹੈ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ‘ਤੇ ਪਾਇਆ ਜਾਵੇਗਾ। ਉਹਨਾ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵੀ ਜੋਰਦਾਰ ਕਾਰਵਾਈ ਜਾਰੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਮੰਡੀਆਂ ਤੇ ਪਿੰਡਾਂ ਦੇ ਵਿਕਾਸ ਦੀ ਸ਼ੁਰੂਆਤ ਸਨੌਰ ਤੋਂ ਹੀ ਕੀਤੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਸਨੌਰ ਹਲਕੇ ਨਾਲ ਪਿਛਲੇ 10 ਸਾਲ ਵਿੱਚ ਭਾਰੀ ਵਿਤਕਰਾ ਹੋਇਆ ਹੈ ਪਰ ਹੁਣ ਇਸ ਇਲਾਕੇ ਦੀ ਕਾਇਆ ਕਲਪ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਪੰਜਾਬ ਦੇ ਪਾਣੀਆਂ ਦੇ ਮੁੱਦੇ ਦਾ ਹਮੇਸ਼ਾ ਰਾਜਸੀ ਲਾਹਾ ਲੈਂਦੀ ਰਹੀ ਹੈ। ਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਪੱਖੀ ਸਟੈਂਡ ਕਰਕੇ ਇਹ ਮੁੱਦਾ ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਦਰਬਾਰ ਵਿੱਚ ਪੁੱਜ ਗਿਆ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਰਾ ਵੱਲੋਂ ਨੀਂਹ ਪੱਥਰ ਨਾ ਲਾਉਣ ਦਾ ਫੈਸਲਾ ਸ਼ਲਾਘਾ ਯੋਗ ਹੈ ਪਰ ਪਿਛਲੀ ਸਰਕਾਰ ਦੇ ਹਲਕਾ ਇੰਚਾਰਜਾਂ ਨੇ ਜੋ ਸੈਕੜੇ ਦੀ ਗਿਣਤੀ ਵਿੱਚ ਨੀਂਹ ਪੱਥਰ ਰੱਖੇ ਹਨ ਉਹਨਾਂ ਨੂੰ ਵੀ ਹਟਾ ਦੇਣਾ ਚਾਹੀਦਾ ਹੈ। ਸਮਾਗਮ ਦੌਰਾਨ ਆੜਤੀਆਂ ਐਸੋਸ਼ੀਏਸ਼ਨ ਸਨੌਰ ਦੇ ਪ੍ਰਧਾਨ ਸ਼੍ਰੀ ਨਰੇਸ਼ ਗੋਇਲ ਨੇ ਜਿੱਥੇ ਪੁਜੀਆਂ ਸ਼ਖਸ਼ੀਅਤਾਂ ਨੂੰ ਜੀ ਆਇਆ ਕਿਹਾ ਉਥੇ ਮੰਡੀ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਪਿਆਂ।
ਇਸ ਮੌਕੇ ਸ. ਦਮੋਦਰ ਸਿੰਘ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਸ਼੍ਰੀ ਸੰਜੀਵ ਬਿੱਟੂ, ਵੱਡੀ ਗਿਣਤੀ ਵਿੱਚ ਆੜਤੀਏ ਤੇ ਹੋਰ ਪਤਵੰਤੇ ਵੀ ਹਾਜਰ ਸਨ।

