ਪੰਜਾਬਪਟਿਆਲਾ

ਸਰਵੇਖਣ : ਦਿਨੋਂ-ਦਿਨ ਵਧ ਰਿਹੈ ਬੋਲ਼ਾ ਹੋਣ ਦਾ ਖ਼ਤਰਾ : ਡਾ. ਹਰਸਿਮਰਨ

ਪਟਿਆਲਾ, 25 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਸੜਕਾਂ ‘ਤੇ ਵਧ ਰਹੀ ਵਾਹਨਾਂ ਦੀ ਆਵਾਜਾਈ ਮਨੁੱਖੀ ਕੰਨਾਂ ਲਈ ਘਾਤਕ ਹੋ ਸਕਦੀ ਹੈ। ਲਗਾਤਾਰ ਵਧਦੀ ਵਾਹਨਾਂ ਦੇ ਇੰਜਣਾਂ ਦੀ ਆਵਾਜ਼ ਅਤੇ ਹਾਰਨਾਂ ਦੀ ਪਾਂ-ਪਾਂ ਨਾਲ ਬੋਲ਼ਾ ਹੋਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ।

ਇਹ ਤੱਥ ਇਕ ਸਰਵੇਖਣ ਵਿਚ ਸਾਹਮਣੇ ਆਏ ਹਨ। ਇਹ ਸਰਵੇਖਣ ਮਾਹਰਾਂ ਦੀ ਟੀਮ ਵੱਲੋਂ ਕੀਤਾ ਗਿਆ। ਕੰਨ, ਨੱਕ ਤੇ ਗਲੇ ਸਬੰਧੀ ਰੋਗਾਂ ਦੇ ਮਾਹਰ ਡਾਕਟਰ ਹਰਸਿਮਰਨ ਸਿੰਘ ਦੀ ਅਗਵਾਈ ਹੇਠ ਕੀਤੇ ਗਏ ਸਰਵੇ ਦੀ ਰਿਪੋਰਟ ਵਿਚ ਵਾਹਨਾਂ ਦੇ ਸ਼ੋਰ ‘ਤੇ ਤੁਰੰਤ ਜ਼ਾਬਤਾ ਲਾਗੂ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ।
26 ਅਪ੍ਰੈਲ ਨੂੰ ਨੈਸ਼ਨਲ ਇਨੀਸ਼ੀਏਟਿਵ ਫ਼ਾਰ ਸੇਫ਼ ਸਾਊਂਡ (ਐਨ.ਆਈ.ਐਸ.ਐਸ.) ਅਧੀਨ ਪੂਰੇ ਦੇਸ਼ ਵਿਚ ਮਨਾਏ ਜਾ ਰਹੇ ਕੌਮੀ ਸ਼ੋਰ ਪ੍ਰਦੂਸ਼ਣ ਮੁਕਤ ਦਿਵਸ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਦੇ ਕੰਨ ਨੱਕ ਤੇ ਗਲੇ ਦੇ ਰੋਗਾਂ ਸਬੰਧੀ ਪ੍ਰਸਿੱਧ ਹਸਪਤਾਲ ਸਿਮਰਨ ਈਐਨਟੀ ਸੈਂਟਰ ਵੱਲੋਂ ਸਮੁੱਚੇ ਪਟਿਆਲਾ ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ ‘ਤੇ ਜਾ ਕੇ ਸ਼ੋਰ ਪ੍ਰਦੂਸ਼ਣ ਸਬੰਧੀ ਸੱਤ ਦਿਨਾਂ ਦਾ ਸਰਵੇਖਣ ਕੀਤਾ ਗਿਆ, ਜਿਸ ਦੌਰਾਨ ਸਾਹਮਣੇ ਆਇਆ ਕਿ ਸਭ ਤੋਂ ਵੱਧ ਸ਼ੋਰ ਪ੍ਰਦੂਸ਼ਣ ਆਵਾਜਾਈ ਦੇ ਹਾਰਨਾਂ ਤੇ ਪ੍ਰੈਸ਼ਰ ਹਾਰਨਾਂ ਕਰ ਕੇ ਹੁੰਦਾ ਹੈ।
ਆਪਣੀ ਨਿਗਰਾਨੀ ਵਿਚ ਸਰਵੇਖਣ ਕਰਵਾਉਣ ਵਾਲੇ ਡਾ. ਹਰਸਿਮਰਨ ਨੇ ‘ਦੇਸ਼ ਸੇਵਕ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਰਵੇਖਣ ਦੌਰਾਨ ਪਟਿਆਲਾ ਦੇ ਬਸ ਸਟੈਂਡ, ਰੇਲਵੇ ਸਟੇਸ਼ਨ, ਥਾਪਰ ਯੂਨੀਵਰਸਿਟੀ ਚੌਂਕ, ਵਾਈਪੀਐਸ ਚੌਂਕ, ਭਾਦਸੋਂ ਚੂੰਗੀ, ਫੁਹਾਰਾ ਚੌਂਕ, ਚਿਲਡਰਨ ਮੈਮੋਰੀਅਲ ਚੌਂਕ ਸਮੇਤ ਵੱਖ-ਵੱਖ ਥਾਂਵਾਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਸ਼ੋਰ ਪ੍ਰਦੂਸ਼ਣ ਦੀ ਮਾਤਰਾ 106 ਡੈਸੀਬਲ ਤੱਕ ਪਾਈ ਗਈ ਜੋ ਮਨੁੱਖੀ ਕੰਨਾਂ ਲਈ ਬਹੁਤ ਖ਼ਤਰਨਾਕ ਹੈ।
ਸਿਮਰਨ ਈਐਨਟੀ ਸੈਂਟਰ ਪਟਿਆਲਾ ਦੇ ਫਾਊਂਡਰ ਡਾ. ਹਰਸਿਮਰਨ ਨੇ ਦੱਸਿਆ ਕਿ ਆਵਾਜ਼ ਪ੍ਰਦੂਸ਼ਣ ਨਾਲ ਉੱਚਾ ਸੁਣਨ ਦੀ ਬਿਮਾਰੀ ਹੋ ਜਾਂਦੀ ਹੈ। ਜੇਕਰ ਇਕੋਦਮ ਬਹੁਤ ਉੱਚੀ ਆਵਾਜ਼ ਕੰਨਾਂ ‘ਚ ਪੈ ਜਾਵੇ ਤਾਂ ਵਿਅਕਤੀ ਸਾਰੀ ਉਮਰ ਲਈ ਵੀ ਸੁਣਨ ਸ਼ਕਤੀ ਗੁਆ ਸਕਦਾ ਹੈ। ਦਿਲ ਦੇ ਮਰੀਜ਼ਾਂ ਲਈ ਤਾਂ ਉੱਚੀ ਆਵਾਜ਼ ਬਹੁਤ ਹੀ ਘਾਤਕ ਹੈ। ਸ਼ੋਰ ਪ੍ਰਦੂਸ਼ਣ ਨਾਲ ਦਿਲ ਦੇ ਮਰੀਜ਼ ਨੂੰ ਹਾਰਟ ਅਟੈਕ ਆ ਸਕਦਾ ਹੈ। ਚੱਕਰ ਆਉਣੇ, ਡਿੱਗ ਜਾਣਾ, ਸਿਰ ਦਰਦ ਆਦਿ ਦਾ ਕਾਰਨ ਸ਼ੋਰ ਪ੍ਰਦੂਸ਼ਣ ਹੀ ਹੈ। ਇਸ ਦਾ ਨੁਕਸਾਨ ਹਰ ਉਮਰ ਦੇ ਵਿਅਕਤੀ ਨੂੰ ਪਹੁੰਚਦਾ ਹੈ। ਆਵਾਜਾਈ ਦੇ ਵੱਖ ਵੱਖ ਸਾਧਨਾਂ ‘ਚ ਲੱਗੇ ਉੱਚੀ ਆਵਾਜ਼ ਵਾਲੇ ਪ੍ਰੈਸ਼ਰ ਹਾਰਨ ਸ਼ੋਰ ਪ੍ਰਦੂਸ਼ਣ ਦੇ ਪ੍ਰਮੁੱਖ ਕਾਰਕਾਂ ‘ਚ ਆ ਗਏ ਹਨ, ਨੇੜਿਉਂ ਉੱਚੀ ਆਵਾਜ਼ ‘ਚ ਵੱਜਿਆ ਪ੍ਰੈਸ਼ਰ ਕੰਨ ਦਾ ਪਰਦਾ ਫਾੜ ਸਕਦਾ ਹੈ। ਸੜਕਾਂ ‘ਤੇ ਰੇਹੜੀਆਂ ਲਗਾ ਕੇ ਰੁਜ਼ਗਾਰ ਚਲਾਉਣ ਵਾਲੇ, ਟਰੱਕਾਂ ਤੇ ਬੱਸਾਂ ਦੇ ਡਰਾਈਵਰ, ਕੰਡਕਟਰ ਸ਼ੋਰ ਪ੍ਰਦੂਸ਼ਣ ਦਾ ਅਕਸਰ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕੰਨਾਂ ‘ਚ ਹੈੱਡਫੋਨ ਜਾਂ ਈਅਰ ਫੋਨ ਲਗਾਉਣ ਦੇ ਆਦੀ ਵੀ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ। ਲਗਾਤਾਰ 8 ਘੰਟੇ ਸ਼ੋਰ ਵਾਲੀ ਗੱਡੀ ‘ਚ ਬੈਠਣ ਵਾਲਿਆਂ ਜਾਂ ਟਰੈਕਟਰ ‘ਤੇ ਉੱਚੀ ਆਵਾਜ਼ ‘ਚ ਗਾਣੇ ਸੁਣਨ ਵਾਲਿਆਂ ਨੂੰ ਇਸ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਸ਼ੋਰੀਲੇ ਜਰਨੇਟਰ ਵੀ ਸੁਣਨ ਸ਼ਕਤੀ ਘਟਣ ਦੇ ਨਾਲ-ਨਾਲ ਡਿਪਰੈਸ਼ਨ ਤੇ ਐਂਗਜ਼ਾਇਟੀ ਦਾ ਸ਼ਿਕਾਰ ਹੋਣਾ ਜਾਂ ਘਬਰਾਹਟ ਹੋਣਾ ਸੁਭਾਵਿਕ ਹੈ। ਸ਼ੋਰ ਕਾਰਨ ਬਲੱਡ ਪ੍ਰੈਸ਼ਰ, ਉੱਚਾ ਸੁਣਨਾ ਤੇ ਉੱਚਾ ਬੋਲਣ ਜਾਂ ਸਿਰ ਚਕਰਾਉਣ ਦੀ ਬਿਮਾਰੀ ਲੱਗ ਸਕਦੀ ਹੈ। ਇਸ ਲਈ ਸਾਊਂਡ ਪਰੂਫ਼ ਜਰਨੇਟਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਧਾਰਮਿਕ ਸਥਾਨਾਂ ‘ਤੇ ਵੀ ਡੀਜੇ, ਲਾਊਡ ਸਪੀਕਰ ਆਦਿ ਬੰਦ ਹੋਣੇ ਚਾਹੀਦੇ ਹਨ। ਸਾਨੂੰ ਸਾਰਿਆਂ ਨੂੰ ਟ੍ਰੈਫ਼ਿਕ ਨਿਯਮਾਂ ‘ਤੇ ਚਲਦੇ ਹੋਏ ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਪਟਿਆਲਾ ‘ਚ ਘੱਟ ਤੋਂ ਘੱਟ ਸ਼ੋਰ ਪ੍ਰਦੂਸ਼ਣ 74.2 ਡੀਬੀ ਤੇ ਵੱਧ ਤੋਂ ਵੱਧ 110 ਡੀਬੀ
ਡਾ. ਹਰਸਿਮਰਨ ਨੇ ਦੱਸਿਆ ਕਿ ਸਰਵੇਖਣ ਦੌਰਾਨ 22 ਅਪ੍ਰੈਲ ਨੂੰ ਬਸ ਸਟੈਂਡ ਚੌਂਕ ‘ਚ ਸ਼ਾਮ ਨੂੰ 6 ਵਜੇ ਘੱਟ ਤੋਂ ਘੱਟ ਸ਼ੋਰ ਪ੍ਰਦੂਸ਼ਣ ਦੀ ਮਾਤਰਾ 97.8 ਡੈਸੀਬਲ ਸੀ, ਇਸੇ ਹੀ ਦਿਨ ਬਸ ਸਟੈਂਡ ਦੇ ਅੰਦਰ ਕਰੀਬ ਸਾਢੇ 6 ਵਜੇ ਸ਼ੋਰ ਪ੍ਰਦੂਸ਼ਣ ਦੀ ਹੱਦ 103.3 ਤੱਕ ਪਹੁੰਚੀ ਹੋਈ ਸੀ। ਇਸ ਤੋਂ ਇਲਾਵਾ 7 ਦਿਨਾਂ ਦੇ ਸਰਵੇਖਣ ਦੌਰਾਨ ਰੇਲਵੇ ਸਟੇਸ਼ਨ ‘ਤੇ ਸ਼ੋਰ ਪ੍ਰਦੂਸ਼ਣ ਦਾ ਸ਼ਿਖ਼ਰ 100.4 ਡੈਸੀਬਲ, ਭਾਦਸੋਂ ਚੂੰਗੀ ਵਿਖੇ 86.4 ਡੈਸੀਬਲ, ਫੁਹਾਰਾ ਚੌਂਕ ਵਿਖੇ 97.0 ਡੈਸਬੀਲ, ਸੀਐਮਸੀ (ਚਿਲਡਰਨ ਮੈਮੋਰੀਅਲ ਚੌਂਕ) ਵਿਖੇ 96.0, ਥਾਪਰ ਯੂਨੀਵਰਸਿਟੀ ਚੌਂਕ ਵਿਖੇ 74.2, ਵਾਈਪੀਐਸ ਚੌਂਕ ਵਿਖੇ 87.5, ਗੁਰਦੁਆਰਾ ਦੂਖ ਨਿਵਾਰਣ ਸਾਹਿਬ ਦੇ ਕੋਲ ਖੰਡਾ ਚੌਂਕ ਵਿਖੇ 110, ਸੀ, ਜੋ ਕਿ ਮਨੁੱਖੀ ਕੰਨਾਂ ਲਈ ਘਾਤਕ ਹੈ।

Leave a Reply

Your email address will not be published. Required fields are marked *