ਪੰਜਾਬ

ਸਰਕਾਰ ਤਾਂ ਬਦਲੀ ਪਰ ਪੰਜਾਬ ਦੇ ਕਿਸਾਨਾਂ ਦੀ ਕਿਸਮਤ ਨਹੀਂ ਬਦਲੀ- ਭਗਵੰਤ ਮਾਨ

‘ਆਪ’ ਨੇ ਕੈਪਟਨ ਸਰਕਾਰ ਨੂੰ 30 ਮਈ ਤੱਕ ਦੀ ਮੌਹਲਤ ਦਿੰਦੀਆਂ ਦਿੱਤੀ ਸੰਘਰਸ਼ ਦੀ ਚੇਤਾਵਨੀ
ਚੰਡੀਗੜ, 12 ਮਈ (ਮਧੂਸਾਰ ਬਿਊਰੋ)
ਪੰਜਾਬ ਅੰਦਰ ਆਰਥਿਕ ਤੰਗ ਹਾਲੀ ਅਤੇ ਕਰਜ਼ੇ ਦੇ ਬੋਝ ਕਾਰਨ ਆਤਮ ਹੱਤਿਆਵਾਂ ਕਰ ਰਹੇ ਕਿਸਾਨਾਂ ਅਤੇ ਖੇਤ ਮਜਦੂਰਾਂ ਬਾਰੇ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਦੇ ਹੋਏ ਕਿਹਾ ਹੈ ਕਿ ਕਾਂਗਰਸ ਕਿਸਾਨਾਂ ਨਾਲ ਕੀਤਾ ਗਿਆ ਚੋਣ ਵਾਅਦਾ ਤੁਰੰਤ ਪੂਰਾ ਕਰੇ ਨਹੀਂ ਫੇਰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ‘ਆਪ’ ਨੇ ਕਿਸਾਨਾਂ ਦੇ ਨਾਲ-ਨਾਲ ਖੇਤ ਮਜਦੂਰਾਂ ਦੇ ਕਰਜ਼ੇ ਮੁਆਫੀ ਦਾ ਵੀ ਮੁੱਦਾ ਚੁੱਕਿਆ।

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸ਼ੁਕਰਵਾਰ ਨੂੰ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਦੇ 56 ਦਿਨਾਂ ਦੇ ਕਾਰਜ਼ ਕਾਲ ਦੌਰਾਨ 40 ਕਿਸਾਨ ਆਤਮ ਹੱਤਿਆਵਾਂ ਕਰ ਚੁੱਕੇ ਹਨ। ਉਨਾਂ ਕਿਹਾ ਕਿ ਅਜਿਹੀਆਂ ਅਫਸੋਸ ਜਨਕ ਘਟਨਾਵਾਂ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਿੰਮੇਵਾਰ ਹੈ। ਉਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਸਰਕਾਰ ਬਣੀ ਨੂੰ 2 ਮਹੀਨੇ ਹੋਣ ਲੱਗੇ ਹਨ, ਪਰੰਤੂ ਕਿਸਾਨਾਂ ਦੇ ਕਰਜ਼ੇ ਮੁਆਫੀ ਬਾਰੇ ਕੋਈ ਕਦਮ ਨਹੀਂ ਚੁੱਕਿਆ ਗਿਆ। ਜਦਿਕ ਚੋਣਾਂ ਮੌਕੇ ਕਾਂਗਰਸ ਵਲੋਂ ਕੰਧਾ ਉਤੇ ਲਿਖਵਾਏ ਗਏ ਕਰਜੇ ਮੁਆਫੀ ਦੇ ਵਾਅਦੇ ਹੁਣ ਕਿਸਾਨਾਂ ਨੂੰ ਠੱਗਿਆ ਠੱਗਿਆ ਮਹਿਸੂਸ ਕਰਵਾਉਣ ਲਗੇ ਹਨ।
ਉਨਾਂ ਅੱਗੇ ਕਿਹਾ ਕਿ ਸਿਰਫ ਸਰਕਾਰ ਬਦਲੀ ਪਰ ਕਿਸਾਨਾਂ ਦੀ ਕਿਸਮਤ ਨਹੀਂ ਬਦਲੀ। ਭਗਵੰਤ ਮਾਨ ਨੇ ਕਿਹਾ ਕਿ ਬਾਦਲ ਸਰਕਾਰ ਵਲੋਂ ਪੰਜਾਬ ਸਿਰ ਚੜਾਏ ਕਰਜ਼ੇ ਦਾ ਵਾਸਤਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਹੁਣ ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ਤੋਂ ਭੱਜ ਨਹੀਂ ਸਕਦੀ, ਕਿਉਕਿ ਜਿਸ ਸਮੇਂ ਵਾਅਦੇ ਕਰਕੇ ਕਿਸਾਨਾਂ ਨੂੰ ਭਰਮਾਇਆ ਜਾ ਰਿਹਾ ਸੀ। ਉਸ ਸਮੇਂ ਵੀ ਪੰਜਾਬ ਦੀ ਵਿੱਤੀ ਹਾਲਤ ਅਜਿਹੀ ਹੀ ਸੀ ਅਤੇ ਪੰਜਾਬ ਦੇ ਵਿੱਤੀ ਸੰਕਟ ਬਾਰੇ ਸਭ ਨੂੰ ਪਤਾ ਸੀ। ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਾਂਗਰਸ ਦੇ ਵਾਅਦੇ ਮੁਤਾਬਿਕ ਕਿਸਾਨਾਂ ਦੇ ਕਰਜ਼ੇ ਉਪਰ ਲਕੀਰ ਮਾਰਨ ਦੀ ਤਰੀਕ ਦਾ ਐਲਾਨ ਕਰਨ ਦੀ ਮੰਗ ਕੀਤੀ ਤਾਂਕਿ ਕਰਜ਼ੇ ਕਾਰਨ ਘੋਰ ਨਿਰਾਸ਼ਾ ਦੇ ਆਲਮ ਵਿਚਂੋ ਗੁਜਰ ਰਹੇ ਕਿਸਾਨਾਂ ਨੂੰ ਹੌਂਸਲਾ ਮਿਲ ਸਕੇ।
ਮਾਨ ਨੇ ਕੈਪਟਨ ਅਮਰਿਦੰਰ ਸਿੰਘ ਸਰਕਾਰ ਨੂੰ 2 ਹਫਤਿਆਂ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਆਉਦੀ 30 ਮਈ ਤੱਕ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕੀਤੇ ਤਾਂ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ਵਿਚ ਸੰਘਰਸ਼ ਵਿੱਢੇਗੀ। ਇਸਦੇ ਨਾਲ ਹੀ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲੋਂ ਖੇਤੀਬਾੜੀ ਉਤੇ ਨਿਰਭਰ ਖੇਤ ਮਜਦੂਰਾਂ ਸਿਰ ਚੜੇ ਕਰਜ਼ੇ ਬਾਰੇ ਆਪਣੀ ਨੀਤੀ ਸਪਸ਼ਟ ਕਰਨ ਦੀ ਮੰਗ ਕੀਤੀ। ਮਾਨ ਨੇ ਕਿਹਾ ਕਿ ਖੇਤ ਮਜਦੂਰਾਂ ਦੀ ਵਿੱਤੀ ਹਾਲਤ ਕਿਸਾਨਾਂ ਤੋਂ ਵੀ ਬਦਤਰ ਹੈ ਕਿਉਕਿ ਖੇਤ ਮਜਦੂਰ ਪੂਰੀ ਤਰਾਂ ਕਿਸਾਨਾਂ ਉਪਰ ਹੀ ਨਿਰਭਰ ਹਨ।

Leave a Reply

Your email address will not be published. Required fields are marked *