ਹਰਿੰਦਰਪਾਲ ਹਲਕੇ ਨੂੰ ਪਹਿਲਾਂ ਕਹੇ ਅਨੁਸਾਰ ਨੰਬਰ ਇਕ ਹਲਕਾ ਬਣਾ ਕੇ ਹੀ ਦਮ ਲਵੇਗਾ : ਪ੍ਰੋ. ਚੰਦੂਮਾਜਰਾ
ਪ੍ਰੋ. ਚੰਦੂਮਾਜਰਾ ਵਲੋਂ ਹਲਕਾ ਸਨੌਰ ਦੇ ਵੋਟਰਾਂ ਦਾ ਧੰਨਵਾਦ
ਪਟਿਆਲਾ, 11 ਮਾਰਚ (ਹਰਦੀਪ ਸਿੰਘ, ਕੰਵਰ ਬੇਦੀ)
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਸਨੌਰ ਦੀ ਸਮੂਹ ਅਕਾਲੀ-ਭਾਜਪਾ ਲੀਡਰਸ਼ਿਪ, ਸਮੂਹ ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਜਿੱਤ ਦਿਵਾ ਕੇ ਹਲਕਾ ਸਨੌਰ ਦੇ ਵਾਸੀਆਂ ਨੇ ਜੋ ਵਿਸ਼ਵਾਸ਼ ਪ੍ਰਗਟਾਇਆ ਉਸ ਨੂੰ ਸਮੁੱਚਾ ਚੰਦੂਮਾਜਰਾ ਪਰਿਵਾਰ ਕਦੇ ਟੁੱਟਣ ਨਹੀਂ ਦੇਵੇਗਾ ਅਤੇ ਹਲਕੇ ਨੂੰ ਪਹਿਲਾਂ ਕਹੇ ਅਨੁਸਾਰ ਨੰਬਰ ਇਕ ਹਲਕਾ ਬਣਾ ਕੇ ਹੀ ਦਮ ਲਵੇਗਾ।
ਉਨ੍ਹਾਂ ਆਖਿਆ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਸ ਹਲਕੇ ਦੇ ਲੋਕਾਂ ਨੇ ਹੀ ਮੈਨੂੰ ਵੀ ਰਾਜਨੀਤੀ ਦੀ ਪਹਿਲੀ ਪੌੜੀ ਚੜ੍ਹਾਇਆ ਸੀ ਅਤੇ ਅੱਜ ਮੇਰੇ ਪੁੱਤਰ ਨੂੰ ਚੜ੍ਹਾ ਕੇ ਵੱਡਾ ਮਾਣ ਬਖਸ਼ਿਆ ਹੈ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਅੰਦਰ ਮਿਲੇ ਫਤਵੇ ਨੂੰ ਸਿਰਮੱਥੇ ਪ੍ਰਵਾਨ ਕਰਦੀ ਹੈ । ਉਨ੍ਹਾਂ ਆਮ ਆਦਮੀ ਪਾਰਟੀ ਦੇ ਹੂੰਝਾਫੇਰ ਜਿੱਤ ਦੇ ਪਹਿਲਾਂ ਕੀਤੇ ਜਾਂਦੇ ਦਾਅਵਿਆਂ ‘ਤੇ ਚੁਟਕੀ ਲੈਂਦਿਆਂ ਆਖਿਆ ਕਿ ਪੰਜਾਬ ਦੇ ਵੋਟਰਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੂਬੇ ਉਪਰ ਬਾਹਰੋਂ ਆ ਕੇ ਕੋਈ ਰਾਜ ਕਦੇ ਵੀ ਨਹੀਂ ਕਰ ਸਕਦਾ, ਜਿਸਦਾ ਇਤਿਹਾਸ ਗਵਾਹ ਰਿਹਾ ਹੈ। ਉਨ੍ਹਾਂ ਆਖਿਆ ਕਿ ਆਪ ਦਾ ਝਾੜੂ ਲੋਕਾਂ ਨੇ ਠੁੱਡਿਆਂ ਨਾਲ ਤੀਲਾ ਤੀਲਾ ਕਰ ਦਿੱਤੇ ਕਿਉਂਕਿ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਚੋਪੜੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਇਸ ਪਾਰਟੀ ਦਾ ਭਵਿੱਖ ਅੰਦਰ ਕੋਈ ਅਧਾਰ ਨਹੀਂ ਰਿਹਾ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਹਰਜੀਤ ਸਿੰਘ ਅਦਾਲਤੀਵਾਲਾ, ਪੰਜਾਬ ਖਾਦੀ ਗ੍ਰਾਮ ਉਦਯੋਗ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਸ. ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ ਪ੍ਰੋ. ਚੰਦੂਮਾਜਰਾ , ਚੇਅਰਮੈਨ ਗੁਰਦੀਪ ਸਿੰਘ ਸੇਖਪੁਰਾ, ਜਥੇਦਾਰ ਕੰਗ, ਜਸਵਿੰਦਰਪਾਲ ਸਿੰਘ ਚੱਢਾ, ਜਰਨੈਲ ਸਿੰਘ ਅਲੀਪੁਰ, ਸ਼ੇਰ ਸਿੰਘ ਪੰਜੇਟਾ, ਮਹਿੰਦਰ ਸਿੰਘ ਪੰਜੇਟਾ, ਈਸ਼ਰ ਸਿੰਘ ਅਬਲੋਵਾਲ, ਸਣੇ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।

