ਪੰਜਾਬਪਟਿਆਲਾ

ਐਲ.ਪੀ.ਜੀ. ਗੈਸ ਨਾਲ ਅੰਤਿਮ ਸਸਕਾਰ ਕਰਨ ਵਾਲੀ ਮਸ਼ੀਨ ਤੇ ਨਵੀਂ ਇਮਾਰਤ ਸਮਾਜ ਨੂੰ ਸਮਰਪਿਤ

ਪਟਿਆਲਾ,15 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਦੇ ਬੀਰ ਜੀ ਸ਼ਮਸ਼ਾਨ ਘਾਟ ਵਿਖੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਲਗਾਈ ਐਲ.ਪੀ.ਜੀ. ਗੈਸ ਨਾਲ ਅੰਤਿਮ ਸਸਕਾਰ ਕਰਨ ਵਾਲੀ ਮਸ਼ੀਨ ਅਤੇ ਬਣਾਈ ਨਵੀਂ ਇਮਾਰਤ ਨੂੰ ਅੱਜ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਸਮਾਜ ਨੂੰ ਸਮਰਪਿਤ ਕੀਤਾ।

ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਟਰੱਸਟ ਵੱਲੋਂ ਇਹ ਇੱਕ ਬਹੁਤ ਵੱਡਾ ਲੋਕ ਭਲਾਈ ਦਾ ਕਾਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਰੋਜਮਰਾ ਦਰਖਤਾਂ ਦੀ ਕਟਾਈ ਹੋਣ ਕਾਰਣ ਵਾਤਾਰਵਣ ਦਾ ਸੰਤੁਲਨ ਵਿਗੜ ਰਿਹਾ ਹੈ ਪਰ ਹੁਣ ਅੰਤਿਮ ਰਸਮਾਂ ਮੌਕੇ ਲੱਕੜ ਦੇ ਬਦਲ ਵਜੋਂ ਐਲ.ਪੀ.ਜੀ. ਗੈਸ ਦੀ ਵਰਤੋਂ ਹੋਣ ਕਾਰਣ ਜਿਥੇ ਲੱਕੜ ਦੀ ਵਰਤੋਂ ਘਟੇਗੀ। ਉਥੇ ਧੂੰਏ ਕਾਰਣ ਹੁੰਦਾ ਪ੍ਰਦੂਸ਼ਣ ਵੀ ਘਟੇਗਾ। ਉਹਨਾਂ ਕਿਹਾ ਕਿ ਪਟਿਆਲਾ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਅਤਿ ਦੇ ਗਰੀਬ ਲੋਕਾਂ ਤੇ ਲਾਵਾਰਿਸ ਲਾਸ਼ਾਂ ਦੀਆਂ ਅੰਤਿਮ ਰਸਮਾਂ ਦੀ ਜਿੰਮੇਵਾਰੀ ਨਿਭਾਉਦੀਆਂ ਹਨ ਪਰ ਹੁਣ ਉਹ ਅੰਤਿਮ ਸੰਸਕਾਰ ਲਈ ਇਸ ਗੈਸ ਚੈਂਬਰ ਦੀ ਵਰਤੋਂ ਕਰ ਸਕਣਗੀਆਂ। ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ ਵੱਲੋਂ ਟਰੱਸਟ ਦੇ ਪ੍ਰਬੰਧਕਾਂ ਅਤੇ ਸ੍ਰੀ ਪਰਵੇਸ਼ ਮੰਗਲਾ ਪਾਸੋਂ ਇਸ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਵੀ ਹਾਸਲ ਕੀਤੀ।
ਇਸ ਮੌਕੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ਼੍ਰੀ ਐਸ.ਪੀ.ਐਸ. ਓਬਰਾਏ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾਂ, ਪਟਿਆਲਾ ਦੇ ਮੇਅਰ ਸ਼੍ਰੀ ਅਮਰਿੰਦਰ ਸਿੰਘ ਬਜਾਜ, ਸ਼੍ਰੀ ਬਾਲ ਕਿਸ਼ਨ ਸਿੰਗਲਾ, ਸ਼੍ਰੀ ਪਰਵੇਸ਼ ਕੁਮਾਰ ਮੰਗਲਾ, ਸ਼੍ਰੀ ਕੰਵਲਜੀਤ ਸਿੰਘ ਸਹਿਗਲ, ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਚੇਅਰਮੈਨ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ,ਸ਼੍ਰੀ ਕੇ.ਕੇ. ਮਲਹੋਤਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਹਨੀ ਸੇਖੋਂ, ਟਰੱਸਟ ਦੇ ਪ੍ਰਧਾਨ ਸ. ਜੱਸਾ ਸਿੰਘ ਸੰਧੂ, ਟਰੱਸਟ ਦੇ ਸਕੱਤਰ ਸ਼੍ਰੀ ਗਗਨਦੀਪ ਸਿੰਘ ਅਹੂਜਾ, ਸਾਬਕਾ ਡੀ.ਪੀ.ਆਰ.ਓ ਸ. ਉਜਾਗਰ ਸਿੰਘ, ਸ਼੍ਰੀ ਸੰਜੀਵ ਬਿੱਟੂ, ਸ. ਰਣਜੀਤ ਸਿੰਘ ਨਿਕੜਾ ਤੇ ਹੋਰ ਪਤਵੰਤੇ ਵੀ ਹਾਜਰ ਸਨ।

Leave a Reply

Your email address will not be published. Required fields are marked *