ਕੋਕਾ ਕੋਲਾ-ਏਵਨ ਸਾਈਕਲ ਜਰਖੜ ਖੇਡਾਂ-ਸੁਨਾਮ ਅਤੇ ਰਾਮਪੁਰ ਨੇ ਦੂਜੇ ਗੇੜ ਦੇ ਮੁਕਾਬਲੇ ਜਿੱਤੇ
ਖਿਡਾਰੀਆਂ ਦੇ ਹੱਕਾਂ ਦੀ ਆਵਾਜ਼ ਵਿਧਾਨਸਭਾ ਵਿਚ ਉਠਾਵਾਂਗਾ-ਬੈਂਸ
ਲੁਧਿਆਣਾ 15 ਮਈ (ਜਗਦੀਪ ਕਾਹਲੋਂ/ਮਧੂਸਾਰ ਬਿਊਰੋ)
ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਵੱਲੋਂ ਕਰਵਾਏ ਜਾ ਰਹੇ ਕੋਕਾ ਕੋਲਾ-ਏਵਨ ਸਾਈਕਲ ਜਰਖੜ ਖੇਡਾਂ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਜੇ ਗੇੜ ਦੇ ਮੈਚਾਂ ਵਿਚ ਸ਼ਹੀਦ ਉਧਮ ਸਿੰਘ ਕਲੱਬ ਸੁਨਾਮ ਅਤੇ ਨੀਟਾ ਕਲੱਬ ਰਾਮਪੁਰ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਕੁਆਟਰ ਫਾਈਨਲ ਵਿਚ ਪੁੱਜਣ ਦੀਆਂ ਸੰਭਾਵਨਾਵਾਂ ਕਾਇਮ ਰੱਖੀਆਂ।
ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਨੀਲੇ ਅਤੇ ਲਾਲ ਰੰਗ ਦੇ ਨਵੀਂ ਐਸਟਰੋਟਰਫ ‘ਤੇ ਹੋ ਰਹੇ ਜਰਖੜ ਖੇਡਾਂ ਦੇ ਇਨ੍ਹਾਂ ਰੋਮਾਂਚਕ ਅਤੇ ਸੰਘਰਸ਼ਪੂਰਨ ਮੁਕਾਬਲਿਆਂ ਵਿਚ ਸ਼ਹੀਦ ਉਧਮ ਸਿੰਘ ਕਲੱਬ ਸੁਨਾਮ ਨੇ ਅਕਾਲਗੜ੍ਹ ਇਲੈਵਨ ਨੂੰ 6-4 ਨਾਲ ਹਰਾਕੇ ਆਪਣੀ ਪਹਿਲੀ ਜਿੱਤ ਹਾਸਲ ਕੀਤੀ। ਅੱਧੇ ਸਮੇਂ ਤਕ ਜੇਤੂ ਟੀਮ 3-1 ਨਾਲ ਅੱਗੇ ਸੀ ਤੇ ਸੁਨਾਮ ਦੀ ਜਿੱਤ ਦਾ ਮੁੱਖ ਹੀਰੋ ਸੰਜੇ ਕੁਮਾਰ ਰਿਹਾ। ਜਿਸਨੇ ਨਾ ਸਿਰਫ ਟੂਰਨਾਮੈਂਟ ਦੀ ਆਪਣੀ ਪਹਿਲੀ ਹੈਟ੍ਰਿਕ ਜੜੀ, ਸਗੋਂ੍ਹ ਆਪਣੀ ਟੀਮ ਦੀ ਜਿੱਤ ਵਿਚ ਵੀ ਅਹਿਮ ਭੂਮਿਕਾ ਨਿਭਾਈ। ਜੇਤੂ ਟੀਮ ਵੱਲੋਂ ਸੰਜੇ ਸਿੰਘ ਨੇ 3, ਕੁਲਬੀਰ ਸਿੰਘ, ਅਵਤਾਰ ਸਿੰਘ ਅਤੇ ਜਸਵਿੰਦਰ ਸਿੰਘ ਨੇ 1-1 ਗੋਲ ਕੀਤਾ। ਜਦਕਿ ਅਕਾਲਗੜ੍ਹ ਵੱਲੋਂ ਪਰਮਜੀਤ ਸਿੰਘ, ਮਨਜਿੰਦਰ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਨੇ 1-1 ਗੋਲ ਕੀਤਾ। ਅੱਜ ਦੇ ਦੂਜੇ ਮੈਚ ਵਿਚ ਨੀਟਾ ਕਲੱਬ ਰਾਮਪੁਰ ਨੇ ਗੁਰੂ ਗੋਬਿੰਦ ਸਿੰਘ ਕਲੱਬ ਬੁੱਟਰ ਮੋਗਾ ਨੂੰ ਇਕਤਰਫਾ ਕਰਦਿਆਂ 10-4 ਨਾਲ ਕਰਾਰੀ ਮਾਤ ਦਿੱਤੀ। ਅੱਧੇ ਸਮੇਂ ਤਕ ਜੇਤੂ ਟੀਮ 4-2 ਨਾਲ ਅੱਗੇ ਸੀ। ਜੇਤੂ ਟੀਮ ਵੱਲੋਂ ਅਮਨਦੀਪ ਸਿੰਘ ਅਤੇ ਰਵਿੰਦਰ ਸਿੰਘ ਨੇ 3-3 ਗੋਲ, ਰਵੀਦੀਪ, ਗੁਰਤੇਜ, ਸੁਖਜੀਤ ਸਿੰਘ ਤੇ ਪ੍ਰੇਮ ਸਿੰਘ ਨੇ 1-1 ਗੋਲ ਕੀਤਾ। ਜਦਕਿ ਮੋਗਾ ਵੱਲੋਂ ਜੁਗਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ 2-2 ਗੋਲ ਕੀਤੇ। ਸਬ ਜੂਨੀਅਰ ਵਰਗ ਵਿਚ ਘਵੱਦੀ ਸਕੂਲ ਨੇ ਜਰਖੜ ਸਕੂਲ ਨੂੰ 3-2 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਅੱਜ ਦੇ ਮੈਚਾਂ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ, ਮੁਖੀ ਲੋਕ ਇਨਸਾਫ ਪਾਰਟੀ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਦੇ ਨਾਲ ਜਾਣ-ਪਹਿਚਾਣ ਕੀਤੀ। ਇਸ ਮੌਕੇ ਸ. ਬੈਂਸ ਨੇ ਆਖਿਆ ਕਿ ਜਰਖੜ ਹਾਕੀ ਅਕੈਡਮੀ ਗਰੀਬ ਬੱਚਿਆਂ ਦੇ ਲਈ ਇਕ ਮੀਲ ਪੱਥਰ ਸਥਾਪਤ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਖਿਡਾਰੀਆਂ ਅਤੇ ਖੇਡਾਂ ਦੇ ਹਿੱਤਾਂ ਨੂੰ ਪੰਜਾਬ ਵਿਧਾਨਸਭਾ ਵਿਚ ਉਠਾਉਣੇ, ਤਾਂ ਜੋ ਅਣਗੋਲੇ ਖਿਡਾਰੀਆਂ ਨੂੰ ਬਣਦਾ ਇਨਸਾਫ਼ ਮਿਲ ਸਕੇ। ਇਸ ਮੌਕੇ ਉਨ੍ਹਾਂ ਨੇ ਜਰਖੜ ਹਾਕੀ ਅਕੈਡਮੀ ਦੀ ਹਰਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਦਲਜੀਤ ਸਿੰਘ ਭੋਲਾ ਗਰੇਵਾਲ ਕੌਂਸਲਰ, ਜੀਵਨ ਸਿੰਘ ਸੰਗੋਵਾਲ ਸੀਨੀਅਰ ਆਪ ਨੇਤਾ, ਮਨਜੀਤ ਸਿੰਘ ਬਿੱਟੂ ਕੌਂਸਲਰ, ਮਲਕੀਤ ਸਿੰਘ ਆਲਮਗੀਰ ਸਾਬਕਾ ਬਲਾਕ ਸੰਮਤੀ ਮੈਂਬਰ, ਸਰਪੰਚ ਜਗਦੀਪ ਸਿੰਘ ਘਵੱਦੀ, ਸਰਪੰਚ ਜਗਦੀਪ ਸਿੰਘ ਆਲਮਗੀਰ, ਯਾਦਵਿੰਦਰ ਸਿੰਘ ਤੂਰ, ਸੰਦੀਪ ਸਿੰਘ ਭੰਦੇਰ, ਸ਼ਿੰਗਾਰਾ ਸਿੰਘ ਜਰਖੜ, ਮਨਦੀਪ ਸਿੰਘ ਜਰਖੜ, ਸਿਮਰਜੀਤ ਸਿੰਘ ਲੋਹਾਰਾ, ਹਰਬੰਸ ਸਿੰਘ ਗਿੱਲ, ਹਰਮਿੰਦਰਪਾਲ ਸਿੰਘ, ਗੁਰਸਤਿੰਦਰ ਸਿੰਘ ਪਰਗਟ, ਪ੍ਰੀਤਮ ਸਿੰਘ ਸਾਹਨੇਵਾਲ ਆਦਿ ਇਲਾਕੇ ਦੀਆਂ ਉਘੀਆਂ ਸ਼ਖਸੀਅਤਾਂ ਹਾਜ਼ਰ ਸਨ। ਕਲੱਬ ਦੇ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜਰਖੜ ਹਾਕੀ ਅਕੈਡਮੀ ਵੱਲੋਂ ਓਲੰਪੀਅਨ ਪ੍ਰਿਥੀਪਾਲ ਸਿੰਘ 34ਵੀਂ ਬਰਸੀ 20 ਮਈ ਨੂੰ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਈ ਜਾਵੇਗੀ। ਇਸ ਮੌਕੇ ਜੂਨੀਅਰ ਅਤੇ ਸੀਨੀਅਰ ਪੱਧਰ ਦੇ ਜਿਥੇ ਹਾਕੀ ਮੁਕਾਬਲੇ ਹੋਣਗੇ, ਉਥੇ ਹਾਕੀ ਜਗਤ ਦੀਆਂ ਓਲੰਪੀਅਨ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਮਹਿਰੂਮ ਖਿਡਾਰੀ ਓਲੰਪਿਅਨ ਪ੍ਰਿਥੀਪਾਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ

